9.2 C
Toronto
Friday, April 24, 2026
spot_img
Homeਭਾਰਤਜੰਗ ਦੇ ਸਾਏ ਹੇਠ ਤਹਿਰਾਨ ਦੇ ਗੁਰਦੁਆਰਾ ਸਾਹਿਬ ਵਿਖੇ ਲੱਗੀਆਂ ਵਿਸਾਖੀ ਦੀਆਂ...

ਜੰਗ ਦੇ ਸਾਏ ਹੇਠ ਤਹਿਰਾਨ ਦੇ ਗੁਰਦੁਆਰਾ ਸਾਹਿਬ ਵਿਖੇ ਲੱਗੀਆਂ ਵਿਸਾਖੀ ਦੀਆਂ ਰੌਣਕਾਂ

ਨਵੀਂ ਦਿੱਲੀ/ਬਿਊਰੋ ਨਿਊਜ਼ : ਇਰਾਨ ਦੇ ਸਭ ਤੋਂ ਪੁਰਾਣੇ ਗੁਰਦੁਆਰਾ ਸਾਹਿਬਾਨਾਂ ਵਿੱਚੋਂ ਇੱਕ ਗੁਰਦੁਆਰਾ ਭਾਈ ਗੰਗਾ ਸਿੰਘ ਸਭਾ ਤਹਿਰਾਨ ਵਿਚ ਮੰਗਲਵਾਰ ਨੂੰ ਜੰਗ ਦੇ ਸਾਏ ਹੇਠ ਖ਼ਾਲਸਾ ਸਾਜਨਾ ਦਿਵਸ ਤੇ ਵਿਸਾਖੀ ਦਾ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸਾਲ 1941 ਵਿੱਚ ਸਥਾਪਿਤ ਹੋਇਆ ਇਹ ਇਤਿਹਾਸਕ ਗੁਰਦੁਆਰਾ ਤਹਿਰਾਨ ਦੇ ਜਨ-ਜੀਵਨ ਅਤੇ ਇੱਥੋਂ ਦੇ ਸੱਭਿਆਚਾਰ ਦਾ ਅਹਿਮ ਹਿੱਸਾ ਬਣ ਚੁੱਕਾ ਹੈ।
ਮੌਜੂਦਾ ਹਾਲਾਤ ਵਿੱਚ ਬਣੇ ਗੰਭੀਰ ਸੰਕਟ ਦੇ ਬਾਵਜੂਦ ਖ਼ੁਸ਼ੀ ਅਤੇ ਵਾਢੀ ਦੇ ਇਸ ਤਿਉਹਾਰ ਨੂੰ ਮਨਾਉਂਦੇ ਸਿੱਖ ਸ਼ਰਧਾਲੂਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖ਼ੂਬ ਵਾਇਰਲ ਹੋਈਆਂ। ਤਹਿਰਾਨ ਦੇ ਸਥਾਨਕ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਏ ਗਏ ਖ਼ਾਲਸਾ ਸਾਜਨਾ ਦਿਵਸ ‘ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਰਾਗੀ ਜਥਿਆਂ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ।
ਇਸ ਮੌਕੇ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਵੀ ਪੂਰੀ ਮਰਿਆਦਾ ਨਾਲ ਸੰਪੰਨ ਹੋਈ। ਇਸ ਮੌਕੇ ਸੰਗਤ ਵੱਲੋਂ ਰਵਾਇਤੀ ‘ਚੋਲਾ ਚੜ੍ਹਾਉਣ’ ਦੀ ਰਸਮ ਨਿਭਾਈ ਗਈ। ਜੰਗ ਦੇ ਇਸ ਹਨੇਰੇ ਦੌਰ ਵਿੱਚ ਗੁਰੂ ਘਰ ਵਿਚ ਅਤੁੱਟ ਵਰਤਦੇ ਲੰਗਰ ਦੀਆਂ ਤਸਵੀਰਾਂ ਮਨੁੱਖੀ ਜਜ਼ਬੇ, ਆਸ ਅਤੇ ਦਲੇਰੀ ਦੇ ਪ੍ਰਤੀਕ ਵਜੋਂ ਉੱਭਰ ਕੇ ਸਾਹਮਣੇ ਆਈਆਂ ਹਨ।
ਜ਼ਿਕਰਯੋਗ ਹੈ ਕਿ ਤਹਿਰਾਨ ਸਥਿਤ ਭਾਈ ਗੰਗਾ ਸਿੰਘ ਗੁਰਦੁਆਰਾ ਇੱਥੇ ਆਉਣ ਵਾਲੇ ਭਾਰਤੀ ਆਗੂਆਂ ਦੇ ਇਰਾਨ ਦੌਰੇ ਦਾ ਅਹਿਮ ਪੜਾਅ ਰਿਹਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 22 ਮਈ 2016 ਨੂੰ ਆਪਣੇ ਦੋ ਦਿਨਾ ਸਰਕਾਰੀ ਦੌਰੇ ਦੀ ਸ਼ੁਰੂਆਤ ਇਸੇ ਅਸਥਾਨ ਦੇ ਦਰਸ਼ਨਾਂ ਨਾਲ ਕੀਤੀ ਸੀ। ਧਿਆਨ ਰਹੇ ਕਿ ਸਾਲ 2001 ਵਿੱਚ ਅਟਲ ਬਿਹਾਰੀ ਵਾਜਪਾਈ ਦੀ ਫੇਰੀ ਤੋਂ ਬਾਅਦ, 15 ਸਾਲਾਂ ਦੇ ਵਕਫ਼ੇ ਮਗਰੋਂ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਇਹ ਪਹਿਲਾ ਦੁਵੱਲਾ ਅਧਿਕਾਰਤ ਦੌਰਾ ਸੀ।

RELATED ARTICLES
POPULAR POSTS