ਮਨੀਪੁਰ ਮੁੱਦੇ ‘ਤੇ ਸਭਾਪਤੀ ਨਾਲ ਹੋਈ ਬਹਿਸ
ਨਵੀਂ ਦਿੱਲੀ/ਬਿਊਰੋ ਨਿਊਜ਼ : ਸੰਸਦ ਦੇ ਮਾਨਸੂਨ ਸੈਸ਼ਨ ਦੇ ਅੱਜ ਤੀਜੇ ਦਿਨ ਮਨੀਪੁਰ ਮੁੱਦੇ ‘ਤੇ ਸਦਨ ‘ਚ ਵਿਰੋਧੀ ਧਿਰ ਦੇ ਹੰਗਾਮੇ ਦੌਰਾਨ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੂੰ ਮਾਨਸੂਨ ਸੈਸ਼ਨ ਦੀ ਬਾਕੀ ਮਿਆਦ ਲਈ ਮੁਅੱਤਲ ਕਰ ਦਿੱਤਾ ਹੈ। ਰਾਜ ਸਭਾ ਵਿਚ ਮਨੀਪੁਰ ਮੁੱਦੇ ‘ਤੇ ਹੋਈ ਬਹਿਸ ਦੇ ਚੱਲਦਿਆਂ ਸਭਾਪਤੀ ਨੇ ਸੰਜੇ ਸਿੰਘ ਨੂੰ ਮੁਅੱਤਲ ਕੀਤਾ ਹੈ। ਰਾਜ ਸਭਾ ਵਿਚ ਕੇਂਦਰੀ ਮੰਤਰੀ ਪੀਊਸ਼ ਗੋਇਲ ਨੇ ਸੰਜੇ ਸਿੰਘ ਨੂੰ ਮੁਅੱਤਲ ਕਰਨ ਦਾ ਮਤਾ ਲਿਆਂਦਾ ਅਤੇ ਇਹ ਮਤਾ ਪਾਸ ਵੀ ਹੋ ਗਿਆ। ਜਿਸ ਤੋਂ ਬਾਅਦ ਸਭਾਪਤੀ ਨੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਦੇ ਖਿਲਾਫ ਕਾਰਵਾਈ ਕੀਤੀ ਹੈ। ਸੰਸਦ ਦੇ ਦੋਵੇਂ ਸਦਨਾਂ ਵਿਚ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਮਨੀਪੁਰ ਮੁੱਦੇ ‘ਤੇ ਜੰਮ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦੀ ਮੰਗ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਸਦ ਦੇ ਦੋਵੇਂ ਸਦਨਾਂ ਵਿਚ ਮਨੀਪੁਰ ਮਾਮਲੇ ‘ਤੇ ਬਿਆਨ ਦੇਣ। ਉਧਰ ਦੂਜੇ ਪਾਸੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਅਸੀਂ ਮਨੀਪੁਰ ਮਾਮਲੇ ‘ਤੇ ਸੰਸਦ ਵਿਚ ਚਰਚਾ ਕਰਨ ਲਈ ਤਿਆਰ ਹਾਂ।
ਸੰਜੈ ਸਿੰਘ ਦੀ ਸਦਨ ‘ਚੋਂ ਮੁਅੱਤਲੀ ਖਿਲਾਫ ਡਟੀ ਵਿਰੋਧੀ ਧਿਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੂੰ ਪੂਰੇ ਮੌਨਸੂਨ ਇਜਲਾਸ ਲਈ ਸਦਨ ‘ਚੋਂ ਮੁਅੱਤਲ ਕੀਤੇ ਜਾਣ ਖਿਲਾਫ ਵਿਰੋਧੀ ਧਿਰ ਸਾਰੀ ਰਾਤ ਡਟੀ ਰਹੀ ਅਤੇ ਦੂਜੇ ਦਿਨ ਵੀ ਰੋਸ ਪ੍ਰਦਰਸ਼ਨ ਜਾਰੀ ਰਿਹਾ। ਵਿਰੋਧੀ ਧਿਰਾਂ ਦੇ ਆਗੂ ਸੰਸਦ ਭਵਨ ਅੰਦਰ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਜਾਰੀ ਰੋਸ ਪ੍ਰਦਰਸ਼ਨ ਵਿੱਚ ਸਾਰੀ ਰਾਤ ਸੰਜੈ ਸਿੰਘ ਦੇ ਨਾਲ ਡਟੇ ਰਹੇ। ਪ੍ਰਦਰਸ਼ਨ ਦੌਰਾਨ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰਾਂ ਨੇ ਤਖ਼ਤੀਆਂ ਚੁੱਕੀਆਂ ਹੋਈਆਂ ਸਨ, ਜਿਨ੍ਹਾਂ ਉੱਤੇ ‘ਇੰਡੀਆ ਫਾਰ ਮਨੀਪੁਰ’ ਲਿਖਿਆ ਹੋਇਆ ਸੀ। ਇਸੇ ਦੌਰਾਨ ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨਸੀਪੀ) ਦੇ ਸੁਪਰੀਮੋ ਸ਼ਰਦ ਪਵਾਰ ਵੀ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਅਤੇ ਸੰਜੈ ਸਿੰਘ ਨਾਲ ਇਕਜੁੱਟਤਾ ਜ਼ਾਹਿਰ ਕੀਤੀ। ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੇ ਸ਼ਤਰੂਘਨ ਸਿਨਹਾ, ‘ਆਪ’ ਦੇ ਰਾਘਵ ਚੱਢਾ ਤੇ ਸੁਸ਼ੀਲ ਗੁਪਤਾ, ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਜਯਾ ਬੱਚਨ, ਐੱਨਸੀਪੀ ਸੰਸਦ ਮੈਂਬਰ ਸੁਪ੍ਰੀਆ ਸੂਲੇ ਅਤੇ ਟੀਐੱਮਸੀ ਸੰਸਦ ਮੈਂਬਰ ਡੋਲਾ ਸੇਨ ਨੇ ਵੀ ਰੋਸ ਪ੍ਰਦਰਸ਼ਨ ਵਿੱਚ ਹਿੱਸਾ ਲਿਆ।