ਨੌਜਵਾਨ ਆਗੂ ਨੂੰ ਹੀ ਮਿਲੇ ਕਾਂਗਰਸ ਦੀ ਪ੍ਰਧਾਨਗੀ : ਕੈਪਟਨ ਅਮਰਿੰਦਰ
ਚੰਡੀਗੜ੍ਹ/ਬਿਊਰੋ ਨਿਊਜ਼ : ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਿਚ ਭਰੋਸਾ ਜ਼ਾਹਿਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇ ਪ੍ਰਿਯੰਕਾ ਗਾਂਧੀ ਕਾਂਗਰਸ ਦੀ ਪ੍ਰਧਾਨ ਚੁਣੀ ਜਾਂਦੀ ਹੈ ਤਾਂ ਉਨ੍ਹਾਂ ਨੂੰ ਚੁਫ਼ੇਰਿਓਂ ਸਮਰਥਨ ਮਿਲੇਗਾ। ਮੁੱਖ ਮੰਤਰੀ ਨੇ ਇੱਥੇ ਕਾਂਗਰਸ ਦੀ ਪ੍ਰਧਾਨਗੀ ਤੋਂ ਰਾਹੁਲ ਗਾਂਧੀ ਵੱਲੋਂ ਪਿੱਛੇ ਹਟਣ ਦੇ ਫ਼ੈਸਲੇ ‘ਤੇ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਭਾਰਤ ਨੌਜਵਾਨਾਂ ਦਾ ਦੇਸ਼ ਹੈ ਅਤੇ ਨੌਜਵਾਨ ਆਗੂ ਹੀ ਇਸ ਦੀ ਅਗਵਾਈ ਕਰਨ ਲਈ ਢੁੱਕਵਾਂ ਹੈ। ਕਾਂਗਰਸੀ ਆਗੂ ਸ਼ਸ਼ੀ ਥਰੂਰ ਦੇ ਬਿਆਨ ਸਬੰਧੀ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਪ੍ਰਿਯੰਕਾ ਗਾਂਧੀ ਪਾਰਟੀ ਦੇ ਮੁਖੀ ਵੱਜੋਂ ਬਹੁਤਿਆਂ ਦੀ ਪਸੰਦ ਹੋਣਗੇ। ਕੈਪਟਨ ਨੇ ਕਿਹਾ ਕਿ ਪ੍ਰਿਯੰਕਾ ਗਾਂਧੀ ਪਾਰਟੀ ਦੀ ਵਾਗਡੋਰ ਸੰਭਾਲਣ ਲਈ ਢੁੱਕਵੇਂ ਹਨ ਪਰ ਫ਼ੈਸਲਾ ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) ‘ਤੇ ਨਿਰਭਰ ਕਰਦਾ ਹੈ ਜੋ ਕਿ ਇਸ ਮਾਮਲੇ ‘ਤੇ ਫ਼ੈਸਲਾ ਲੈਣ ਲਈ ਅਧਿਕਾਰਤ ਹੈ।
ਮੁੱਖ ਮੰਤਰੀ ਨੇ ਪਹਿਲਾਂ ਵੀ ਪਾਰਟੀ ਦੀ ਵਾਗਡੋਰ ਕਿਸੇ ਨੌਜਵਾਨ ਆਗੂ ਨੂੰ ਸੌਂਪਣ ਦੀ ਵਕਾਲਤ ਕੀਤੀ ਸੀ। ਉਨ੍ਹਾਂ ਦਲੀਲ ਦਿੱਤੀ ਕਿ ਨੌਜਵਾਨ ਆਗੂ ਹੀ ਨੌਜਵਾਨਾਂ ਦੀਆਂ ਖ਼ਾਹਿਸ਼ਾਂ ਨੂੰ ਸਮਝ ਤੇ ਉਨ੍ਹਾਂ ਦੀ ਪੂਰਤੀ ਕਰ ਸਕਦਾ ਹੈ। ਇਕ ਸਵਾਲ ਦੇ ਜਵਾਬ ਵਿਚ ਕੈਪਟਨ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਹੋਈ ਹਾਰ ਤੋਂ ਬਾਅਦ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਪਾਰਟੀ ਨੂੰ ਮੁੜ ਇਕਜੁੱਟ ਕਰਨ ਲਈ ਇਕ ਸਰਗਰਮ ਨੌਜਵਾਨ ਆਗੂ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਪ੍ਰਿਯੰਕਾ ਗਾਂਧੀ ਮੁਲਕ ਦੀਆਂ ਜ਼ਰੂਰਤਾਂ ਨੂੰ ਸਮਝਣ ਅਤੇ ਪੂਰਤੀ ਦੇ ਪੂਰੀ ਤਰ੍ਹਾਂ ਸਮਰੱਥ ਹਨ। ਉਨ੍ਹਾਂ ਵਿਚ ਕਿਸੇ ਵੀ ਚੁਣੌਤੀ ਨਾਲ ਸਿੱਝਣ ਦਾ ਹੌਸਲਾ ਹੈ। ਮੁੱਖ ਮੰਤਰੀ ਨੇ ਉਨਾਓ ਜਬਰ ਜਨਾਹ ਮਾਮਲੇ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ‘ਕੀ ਅਸੀਂ ਜੰਗਲ ਰਾਜ ਵਿੱਚ ਜਿਉਂ ਰਹੇ ਹਾਂ?’ ਉਨ੍ਹਾਂ ਕਿਹਾ ਕਿ ਜੇ ਅਸੀ ਆਪਣੀਆਂ ਧੀਆਂ ਦੀ ਰੱਖਿਆ ਨਹੀਂ ਕਰ ਸਕਦੇ ਅਤੇ ਉਨ੍ਹਾਂ ਨੂੰ ਨਿਆਂ ਨਹੀਂ ਦੇ ਸਕਦੇ ਤਾਂ ਅਸੀਂ ਇਕ ਰਾਸ਼ਟਰ ਵਜੋਂ ਤਬਾਹ ਹੋ ਜਾਵਾਂਗੇ।’ ਮੁੱਖ ਮੰਤਰੀ ਨੇ ਇਸ ਮਾਮਲੇ ਵਿਚ ਨਿਆਂ ਦੀ ਮੰਗ ਕੀਤੀ।
ਗਾਂਧੀ ਪਰਿਵਾਰ ਤੋਂ ਬਾਹਰਲੇ ਕਿਸੇ ਮੈਂਬਰ ਨੂੰ ਬਣਾਇਆ ਜਾਵੇ ਪ੍ਰਧਾਨ : ਰਾਹੁਲ ਗਾਂਧੀ
ਨਵੀਂ ਦਿੱਲੀ: ਪ੍ਰਿਯੰਕਾ ਗਾਂਧੀ ਨੂੰ ਕਾਂਗਰਸ ਪ੍ਰਧਾਨ ਬਣਾਉਣ ਦੇ ਨਾਂ ‘ਤੇ ਛਿੜੀ ਚਰਚਾ ਦਰਮਿਆਨ ਰਾਹੁਲ ਗਾਂਧੀ ਨੇ ਮੁੜ ਦੁਹਰਾਇਆ ਕਿ ਗਾਂਧੀ ਪਰਿਵਾਰ ਤੋਂ ਬਾਹਰਲੇ ਕਿਸੇ ਮੈਂਬਰ ਨੂੰ ਹੀ ਪ੍ਰਧਾਨ ਥਾਪਿਆ ਜਾਵੇ। ਪਾਰਟੀ ਦੇ ਬੁਲਾਰੇ ਮੁਨੀਸ਼ ਤਿਵਾੜੀ ਨੇ ਕਿਹਾ ਕਿ ਪਾਰਟੀ ਆਗੂਆਂ ਨੂੰ ਆਪੋ ਆਪਣਾ ਨਜ਼ਰੀਆ ਰੱਖ ਦਾ ਹੱਕ ਹੈ।
Check Also
ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ
ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …