ਖਾਤਿਆਂ ਦੇ ਲੈਣ-ਦੇਣ ਸਬੰਧੀ ਵੀ ਈਡੀ ਨੇ ਮੰਗੀ ਜਾਣਕਾਰੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਇਨਫੋਰਸਮੈਂਟ ਡਾਇਰੈਕਟੋਰੇਟ ਨੇ ਬਿ੍ਰਟਿਸ਼ ਬਰਾਡਕਾਸਟਿੰਗ ਕੰਪਨੀ (ਬੀਬੀਸੀ) ਇੰਡੀਆ ਦੇ ਖਿਲਾਫ਼ ਫਾਰੇਨ ਐਕਸਚੇਂਜ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਫਾਰੇਨ ਐਕਸਚੇਂਜ ਮੈਨੇਜਮੈਂਟ ਐਕਟ ਯਾਨੀ ਐਫਈਐਮਏ ਦੇ ਤਹਿਤ ਇਹ ਕੇਸ ਦਰਜ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਈਡੀ ਵੱਲੋਂ ਬੀਬੀਸੀ ਦੇ ਫਾਰੇਨ ਐਕਸਚੇਂਜ ਰੇਮਿਟੈਂਸੈਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬੀਬੀਸੀ ਇੰਡੀਆ ਨੂੰ ਫਾਈਨੈਂਸ਼ੀਅਲ ਸਟੇਟਮੈਂਟ ਵੀ ਦੇਣ ਲਈ ਆਖਿਆ ਗਿਆ ਹੈ। ਧਿਆਨ ਰਹੇ ਕਿ ਲੰਘੇ ਫਰਵਰੀ ਮਹੀਨੇ ’ਚ ਇਨਕਮ ਟੈਕਸ ਵਿਭਾਗ ਨੇ ਨਵੀਂ ਦਿੱਲੀ ਅਤੇ ਮੁੰਬਈ ਸਥਿਤ ਬੀਬੀਸੀ ਦੇ ਦਫ਼ਤਰਾਂ ’ਚ ਜਾਂਚ ਕੀਤੀ ਸੀ। ਇਨਕਮ ਟੈਕਸ ਵਿਭਾਗ ਵੱਲੋਂ ਇਹ ਕਾਰਵਾਈ ਇੰਟਰਨੈਸ਼ਨਲ ਟੈਕਸੇਸ਼ਨ ਅਤੇ ਟਰਾਂਸਫਰ ਪ੍ਰਾਈਸਿੰਗ ’ਚ ਖਾਮੀਆਂ ਦੇ ਆਰੋਪਾਂ ’ਤੇ ਕੀਤੀ ਗਈ ਸੀ। ਬਿ੍ਰਟਿਸ਼ ਬਰਾਡਕਾਸਟਿੰਗ ਕਾਰਪੋਰੇਸ਼ਨ ਯੂਨਾਈਟਿਡ ਕਿੰਗਡਮ ਦਾ ਨੈਸ਼ਨਲ ਬਰਾਡਕਾਸਟਰ ਹੈ ਅਤੇ ਇਸ ਦੇ ਪੂਰੀ ਦੁਨੀਆ ’ਚ ਲਗਭਗ 35 ਹਜ਼ਾਰ ਕਰਮਚਾਰੀ ਹਨ। ਬੀਬੀਸੀ ਵੱਲੋਂ 40 ਭਾਸ਼ਾਵਾਂ ’ਚ ਖ਼ਬਰਾਂ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਹਨ ਅਤੇ ਇਸ ਨੂੰ ਜ਼ਿਆਦਾਤਰ ਫੰਡਿੰਗ ਸਲਾਨਾ ਟੈਲੀਵਿਜ਼ਨ ਫੀਸ ਤੋਂ ਆਉਂਦੀ ਹੈ। ਇਸ ਤੋਂ ਇਲਾਵਾ ਇਸ ਨੂੰ ਆਪਣੀਆਂ ਹੋਰ ਕੰਪਨੀਆਂ ਜਿਵੇਂ ਬੀਬੀਸੀ ਸਟੂਡੀਓਜ਼ ਅਤੇ ਬੀਬੀਸੀ ਸਟੂਡੀਓ ਵਰਕਰਜ਼ ਤੋਂ ਵੀ ਆਮਦਨ ਹੁੰਦੀ ਹੈ। ਬਿ੍ਰਟੇਨ ਦੀ ਸੰਸਦ ਵੀ ਇਸ ਨੂੰ ਗ੍ਰਾਂਟ ਦਿੰਦੀ ਹੈ।