Breaking News
Home / ਪੰਜਾਬ / ਝੂਠਾ ਮੁਕਾਬਲਾ : ਦੋ ਪੁਲਿਸ ਮੁਲਾਜ਼ਮਾਂ ਤੇ ਅਕਾਲੀ ਆਗੂ ਨੂੰ ਉਮਰ ਕੈਦ

ਝੂਠਾ ਮੁਕਾਬਲਾ : ਦੋ ਪੁਲਿਸ ਮੁਲਾਜ਼ਮਾਂ ਤੇ ਅਕਾਲੀ ਆਗੂ ਨੂੰ ਉਮਰ ਕੈਦ

ਇਕ ਮੁਲਜ਼ਮ ਬਰੀ; ਦੋ ਹਾਲੇ ਵੀ ਫਰਾਰ; ਪਰਿਵਾਰ ਨੂੰ ਅੱਠ ਸਾਲ ਬਾਅਦ ਮਿਲਿਆ ਇਨਸਾਫ
ਲੁਧਿਆਣਾ : ਲੁਧਿਆਣਾ ਸਥਿਤ ਜਮਾਲਪੁਰ ਦੀ ਆਹਲੂਵਾਲੀਆ ਕਲੋਨੀ ਵਿੱਚ ਦੋ ਸਕੇ ਭਰਾਵਾਂ ਨੂੰ ਝੂਠੇ ਪੁਲਿਸ ਮੁਕਾਬਲੇ ‘ਚ ਮਾਰਨ ਦੇ ਮਾਮਲੇ ਵਿੱਚ ਵਧੀਕ ਸੈਸ਼ਨ ਜੱਜ ਰਾਜ ਕੁਮਾਰ ਦੀ ਅਦਾਲਤ ਨੇ ਅਕਾਲੀ ਆਗੂ ਗੁਰਜੀਤ ਸਿੰਘ, ਸਿਪਾਹੀ ਯਾਦਵਿੰਦਰ ਅਤੇ ਹੋਮਗਾਰਡ ਦੇ ਜਵਾਨ ਅਜੀਤ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਅਦਾਲਤ ਨੇ ਤਿੰਨੇ ਦੋਸ਼ੀਆਂ ਨੂੰ ਇੱਕ-ਇਕ ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਹੈ।ਇਸ ਮਾਮਲੇ ਵਿੱਚ ਅਦਾਲਤ ਨੇ ਬਲਦੇਵ ਸਿੰਘ ਨੂੰ ਬਰੀ ਕਰ ਦਿੱਤਾ ਹੈ। ਇਸ ਝੂਠੇ ਮੁਕਾਬਲੇ ‘ਚ ਮਾਛੀਵਾੜਾ ਦੇ ਪਿੰਡ ਭੋਆਪੁਰ ਵਾਸੀ ਜਤਿੰਦਰ ਸਿੰਘ ਤੇ ਉਸ ਦੇ ਭਰਾ ਹਰਿੰਦਰ ਸਿੰਘ ਨੂੰ ਮਾਰਿਆ ਗਿਆ ਸੀ। ਪੀੜਤ ਪਰਿਵਾਰ ਨੂੰ ਅੱਠ ਸਾਲ ਬਾਅਦ ਇਨਸਾਫ ਮਿਲਿਆ ਹੈ। ਜਾਣਕਾਰੀ ਅਨੁਸਾਰ ਜਮਾਲਪੁਰ ਦੀ ਆਹਲੂਵਾਲੀਆ ਕਲੋਨੀ ‘ਚ 27 ਸਤੰਬਰ 2014 ਨੂੰ ਸਵੇਰੇ ਮਾਛੀਵਾੜਾ ਪੁਲਿਸ ਦੇ ਨਾਲ ਅਕਾਲੀ ਆਗੂ ਗੁਰਜੀਤ ਸਿੰਘ ਮੌਜੂਦ ਸੀ ਤੇ ਉਨ੍ਹਾਂ ਨੇ ਦੋਵੇਂ ਸਕਾ ਭਰਾਵਾਂ ਦਾ ਕਤਲ ਕਰਕੇ ਇਸ ਨੂੰ ਪੁਲਿਸ ਮੁਕਾਬਲਾ ਦਿਖਾਇਆ ਸੀ। ਜਾਂਚ ਮਗਰੋਂ ਪਤਾ ਲੱਗਿਆ ਕਿ ਇਹ ਮੁਕਾਬਲਾ ਝੂਠਾ ਹੈ।ਇਸ ਸਬੰਧੀ ਥਾਣਾ ਜਮਾਲਪੁਰ ਦੀ ਪੁਲਿਸ ਵੱਲੋਂ ਕੇਸ ਦਰਜ ਕੀਤਾ ਗਿਆ। ਪੁਲਿਸ ਨੇ ਇਸ ਮਾਮਲੇ ‘ਚ ਯਾਦਵਿੰਦਰ ਸਿੰਘ ਸਿਪਾਹੀ, ਪੰਜਾਬ ਹੋਮਗਾਰਡ ਦੇ ਜਵਾਨ ਅਜੀਤ ਸਿੰਘ ਤੇ ਅਕਾਲੀ ਆਗੂ ਗੁਰਜੀਤ ਸਿੰਘ ਦੇ ਨਾਲ ਬਲਦੇਵ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਵਧੀਕ ਸੈਸ਼ਨ ਜੱਜ ਰਾਜ ਕੁਮਾਰ ਦੀ ਅਦਾਲਤ ਨੇ ਤਿੰਨਾਂ ਮੁਲਜ਼ਮਾਂ ਨੂੰ ਕਤਲ, ਆਰਮਜ਼ ਐਕਟ ਤੇ ਸਾਜਿਸ਼ ਰਚਣ ਦਾ ਦੋਸ਼ੀ ਮੰਨਿਆ ਹੈ। ਇਸ ਮਾਮਲੇ ‘ਚ ਮਾਛੀਵਾੜਾ ਦੇ ਇੰਸਪੈਕਟਰ ਮਨਜਿੰਦਰ ਸਿੰਘ ਨੂੰ ਨਾਮਜ਼ਦ ਕਰਨ ਦੇ ਨਾਲ-ਨਾਲ ਐੱਸਐੱਸਪੀ ਹਰਸ਼ ਬਾਂਸਲ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।
ਐੱਸਆਈਟੀ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਇਸ ਕੇਸ ਦਾ ਚਲਾਨ ਪੇਸ਼ ਹੋਇਆ ਸੀ। ਹਾਲਾਂਕਿ ਇਸ ਮਾਮਲੇ ‘ਚ ਐੱਸਐੱਚਓ ਤੇ ਉਸ ਦਾ ਰੀਡਰ ਹਾਲੇ ਵੀ ਫਰਾਰ ਹਨ, ਜਿਨ੍ਹਾਂ ਨੂੰ ਅਦਾਲਤ ਵੱਲੋਂ ਭਗੌੜਾ ਐਲਾਨਿਆ ਗਿਆ ਹੈ।
ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਪਿੰਡ ਬੋਹਾਪੁਰ ਦੇ ਦੋ ਸਕੇ ਭਰਾਵਾਂ ਜਤਿੰਦਰ ਸਿੰਘ ਅਤੇ ਹਰਿੰਦਰ ਸਿੰਘ ਦੇ ਪਿਤਾ ਸਤਪਾਲ ਸਿੰਘ ਨੇ ਆਖਿਆ ਕਿ ਉਨ੍ਹਾਂ ਨੂੰ ਅੱਠ ਸਾਲ ਬਾਅਦ ਇਨਸਾਫ ਮਿਲਿਆ ਹੈ ਅਤੇ ਉਨ੍ਹਾਂ ਨੂੰ ਨਿਆਂਪਾਲਕਾ ‘ਤੇ ਪੂਰਾ ਭਰੋਸਾ ਸੀ।

 

Check Also

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਸਿੱਖ ਆਗੂਆਂ ਨੇ ਲਿਖੀ ਚਿੱਠੀ

ਬੀਬੀ ਜਗੀਰ ਕੌਰ ਨੂੰ ਸ੍ਰੀ ਅਕਾਲ ਤਖਤ ਸਾਹਿਬ ’ਤੇ ਤਲਬ ਕਰਨ ਦੀ ਕੀਤੀ ਮੰਗ ਅੰਮਿ੍ਰਤਸਰ/ਬਿਊਰੋ …