
ਦਿੱਲੀ ਤੋਂ ਆ ਗਿਆ ਸੁਨੇਹਾ – ਸ਼ੋ੍ਰਮਣੀ ਅਕਾਲੀ ਦਲ ਦੇ ਖਿਲਾਫ ਨਾ ਬੋਲੋ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸ਼ੋ੍ਰਮਣੀ ਅਕਾਲੀ ਦਲ (ਬਾਦਲ) ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਗਠਜੋੜ ਹੋ ਸਕਦਾ ਹੈ। ਇਸਦੇ ਚੱਲਦਿਆਂ ਭਾਜਪਾ ਇਸ ਵਾਰ ‘ਬਿੱਗ ਬ੍ਰਦਰ’ ਯਾਨੀ ਸੀਨੀਅਰ ਭਾਈਵਾਲ ਦੀ ਭੂਮਿਕਾ ਵਿਚ ਆਉਣ ਦੀ ਤਿਆਰੀ ਕਰ ਰਹੀ ਹੈ। ਇਸਦੇ ਲਈ ਭਾਜਪਾ ਨੇ 2024 ਦੀਆਂ ਲੋਕ ਸਭਾ ਚੋਣਾਂ ਨੂੰ ਅਧਾਰ ਬਣਾਇਆ ਹੈ। ਮੀਡੀਆ ਦੀ ਰਿਪੋਰਟ ਮੁਤਾਬਕ ਭਾਜਪਾ ਹੁਣ ਪੰਜਾਬ ਵਿਚ ਵਿਧਾਨ ਸਭਾ ਦੀਆਂ 70 ਦੇ ਕਰੀਬ ਸੀਟਾਂ ’ਤੇ ਚੋਣ ਲੜਨਾ ਚਾਹੁੰਦੀ ਹੈ ਅਤੇ ਅਕਾਲੀ ਦਲ ਨੂੰ 40 ਸੀਟਾਂ ਦੇ ਸਕਦੀ ਹੈ। ਇਹ ਵੀ ਦੱਸਣਯੋਗ ਹੈ ਕਿ ਪੰਜਾਬ ਵਿਚ ਵਿਧਾਨ ਸਭਾ ਦੀਆਂ ਕੁੱਲ 117 ਸੀਟਾਂ ਹਨ। ਲਗਾਤਾਰ 10 ਸਾਲ ਸੱਤਾ ਤੋਂ ਬਾਹਰ ਹੋਣ ਕਰਕੇ ਮਜਬੂਰੀ ਵਿਚ ਸ਼ੋ੍ਰਮਣੀ ਅਕਾਲੀ ਦਲ ਨੇ ਪੇਂਡੂ ਖੇਤਰਾਂ ਦੀਆਂ ਸਾਰੀਆਂ ਸੀਟਾਂ ’ਤੇ ਆਪਣੀ ਦਾਅਵੇਦਾਰੀ ਛੱਡ ਦਿੱਤੀ ਹੈ। ਇਸੇ ਰਣਨੀਤੀ ਦੇ ਤਹਿਤ ਭਾਜਪਾ ਦੇ ਰਾਸ਼ਟਰੀ ਸੰਗਠਨ ਮਹਾਂ ਮੰਤਰੀ ਬੀ.ਐਲ. ਸੰਤੋਸ਼ ਨੇ ਪੰਜਾਬ ਦਾ ਦੋ ਦਿਨ ਦੌਰਾ ਕਰਕੇ ਪਾਰਟੀ ਆਗੂਆਂ ਅਤੇ ਵਰਕਰਾਂ ਨਾਲ ਬੰਦ ਕਮਰਾ ਮੀਟਿੰਗਾਂ ਕੀਤੀਆਂ ਹਨ। ਮੀਡੀਆ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਭਾਜਪਾ ਹਾਈਕਮਾਨ ਨੇ ਆਪਣੇ ਸਾਰੇ ਆਗੂਆਂ ਨੂੰ ਕਹਿ ਦਿੱਤਾ ਹੈ ਕਿ ਸ਼ੋ੍ਰਮਣੀ ਅਕਾਲੀ ਦਲ ਦੇ ਖਿਲਾਫ ਨਾ ਬੋਲਿਆ ਜਾਵੇ।

