Breaking News
Home / ਰੈਗੂਲਰ ਕਾਲਮ / ਪੰਜਾਬੀ ਸੱਭਿਆਚਾਰ, ਸ੍ਰੋਤ ਤੇ ਸਮੱਗਰੀ (ਪਹਿਰਾਵਾ ਤੇ ਹਾਰ-ਸ਼ਿੰਗਾਰ) – ਦਰਸ਼ਨ ਸਿੰਘ ਕਿੰਗਰਾ

ਪੰਜਾਬੀ ਸੱਭਿਆਚਾਰ, ਸ੍ਰੋਤ ਤੇ ਸਮੱਗਰੀ (ਪਹਿਰਾਵਾ ਤੇ ਹਾਰ-ਸ਼ਿੰਗਾਰ) – ਦਰਸ਼ਨ ਸਿੰਘ ਕਿੰਗਰਾ

(ਕਿਸ਼ਤ-12)
ਗੋਰੇ ਰੰਗ ਨੇ ਮਜਾਜ਼ਣ ਕੀਤੀ
ਗੋਰਾ ਰੰਗ ਕੁਦਰਤ ਵਲੋਂ ਮਨੁੱਖ ਨੂੰ ਬਖਸ਼ਿਆ ਅਨਮੋਲ ਤੋਹਫਾ ਹੈ, ਜੋ ਕਿਸੇ ਵਿਰਲੇ ਟਾਂਵੇ ਕਿਸਮਤ ਵਾਲੇ ਵਿਅਕਤੀ ਦੇ ਹਿੱਸੇ ਹੀ ਆਉਂਦਾ ਹੈ। ਮਨੁੱਖੀ ਚਿਹਰੇ ਦੀ ਸੁੰਦਰਤਾ ਵਧਾਉਣ ਵਿਚ ਗੋਰੇ ਰੰਗ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਗੋਰਾ ਰੰਗ ਮਨੁੱਖ ਦੇ ਸੁਹੱਪਣ ਨੂੰ ਚਾਰ ਚੰਨ ਲਾ ਕੇ ਦੂਣ ਸਵਾਇਆ ਕਰ ਦਿੰਦਾ ਹੈ। ਗੋਰਾ ਖੂਬਸੂਰਤ ਚਿਹਰਾ ਦਿਲ ‘ਤੇ ਜਾਦੂ ਵਰਗਾ ਪ੍ਰਭਾਵ ਪਾ ਕੇ ਪਹਿਲੀ ਨਜ਼ਰੇ ਹੀ ਦਰਸ਼ਕਾਂ ਦੇ ਮਨ ਨੂੰ ਮੋਹ ਲੈਂਦਾ ਹੈ। ਸੰਗਮਰਮਰੀ ਰੰਗਤ ਵਾਲੇ ਸੋਹਣੇ ਚਿਹਰੇ ਦੀ ਮਿਕਨਾਤੀਸੀ ਖਿੱਚ ਦੇਖਣ ਵਾਲਿਆਂ ਦੇ ਮਨਾਂ ਨੂੰ ਧੂਹ ਪਾ ਕੇ ਆਪਣੇ ਵੱਲ ਖਿੱਚ ਲੈਂਦੀ ਹੈ ਤੇ ਹਰ ਕੋਈ ਅਜਿਹੇ ਮਨਮੋਹਣੇ ਮੁੱਖ ਵਾਲੇ ਵਿਅਕਤੀ ਦਾ ਸਾਥ ਮਾਨਣ ਲਈ ਉਤਸੁਕ ਤੇ ਉਤਾਵਲਾ ਹੋ ਜਾਂਦਾ ਹੈ। ਹੁਸਨ ਦੇ ਪੁਜਾਰੀ ਗੋਰੇ ਰੰਗ ਵਾਲੀਆਂ ਅਜਿਹੀਆਂ ਹੁਸੀਨ ਮੁਟਿਆਰਾਂ ਦੀ ਸਿਫਤ ਕਰਦੇ ਨਹੀਂ ਥੱਕਦੇ :
ਆਲਾ…ਆਲਾ…ਆਲਾ
ਲੰਬੜਾਂ ਦੀ ਬੰਤੋ ਦੇ,
ਗੱਲ੍ਹ ਤੇ ਟਿਮਕਣਾ ਕਾਲਾ,
ਰੰਗ ਦੀ ਕੀ ਸਿਫ਼ਤ ਕਰਾਂ,
ਚੰਦ ਲੁਕਦਾ ਸ਼ਰਮ ਦਾ ਮਾਰਾ,
{ਰੇਸ਼ਮੀ ਰੁਮਾਲ ਕੁੜੀ ਦਾ,
ਸੁਰਮਾ ਧਾਰੀਆਂ ਵਾਲਾ,
ਵਿਆਹ ਦੇ ਲੈ ਜੂਗਾ,
ਕੋਈ ਵੱਡਿਆਂ ਨਸੀਬਾਂ ਵਾਲਾ …
ਸਾਡੇ ਦੇਸ਼ ਵਿਚ ਗੋਰੇ ਰੰਗ ਪ੍ਰਤੀ ਵਿਸ਼ੇਸ਼ ਲਗਾਓ ਦੇਖਣ ਨੂੰ ਮਿਲਦਾ ਹੈ। ਬਹੁਤ ਸਾਰੇ ਲੋਕ ਗੋਰੇ ਰੰਗ ਨੂੰ ਹੀ ਖੂਬਸੂਰਤੀ ਦਾ ਪ੍ਰਤੀਕ ਮੰਨਦੇ ਹਨ ਤੇ ਉਹ ਗੋਰੇ ਰੰਗ ਦੇ ਪੈਮਾਨੇ ਨਾਲ ਹੀ ਸੁੰਦਰਤਾ ਨੂੰ ਮਾਪਦੇ ਹਨ। ਅਜਿਹੇ ਲੋਕ ਕਾਲੇ ਜਾਂ ਕਣਕ ਵੰਨੇ ਰੰਗ ਨਾਲੋਂ ਗੋਰੇ ਰੰਗ ਨੂੰ ਹੀ ਵਧੀਆ ਤੇ ਸੋਹਣਾ ਮੰਨਦੇ ਹਨ :
ਆਰੀ…ਆਰੀ…ਆਰੀ
ਕਾਲਾ ਰੰਗ ਤਾਂ ਪੱਚੀ ਰੁਪਈਏ,
ਕਣਕ ਵੰਨਾ ਰੰਗ ਚਾਲੀ,
ਗੋਰਾ ਰੰਗ ਤਾਂ ਚੜ੍ਹ ਗਿਆ ਸੈਂਕੜੇ,
ਮੰਡੀ ਬੋਲ ਗਈ ਸਾਰੀ,
ਬੈਠ ਰੋਂਦੇ ਨੇ ਘਾਟੇਦਾਰ ਵਪਾਰੀ…
ਗੋਰੇ ਰੰਗ ਦੇ ਇਹ ਦੀਵਾਨੇ ਗੋਰੇ ਰੰਗ ਨੂੰ ਕਾਲੇ ਰੰਗ ਤੋਂ ਵੱਧ ਕੀਮਤੀ ਸਮਝਦੇ ਹਨ :
ਕਾਲੇ ਰੰਗ ਦੀ ਵਿਕੇ ਪੰਸੇਰੀ
ਗੋਰਾ ਰੰਗ ਰੱਤੀਆਂ ਵਿਕੇ …
ਯੂਨਾਨੀ ਹੁਸਨ ਦੇ ਪਾਰਖੂਆਂ ਨੇ ਅੱਜ ਤੋਂ ਲਗਭਗ ਤਿੰਨ ਸੌ ਸਾਲ ਪਹਿਲਾਂ ਔਰਤਾਂ ਦੀ ਖੂਬਸੂਰਤੀ ਦਾ ਜੋ ਮਾਪਦੰਡ ਨਿਸ਼ਚਿਤ ਕੀਤਾ ਸੀ, ਉਸ ਅਨੁਸਾਰ ਸੁੰਦਰ ਔਰਤ ਵਿਚ ਨਿਮਨ ਲਿਖਤ ਖੂਬੀਆਂ ਹੋਣੀਆਂ ਚਾਹੀਦੀਆਂ ਹਨ : ”ਤਿੰਨ ਚੀਜ਼ਾਂ ਸਫੈਦ ਹੋਣ-ਚਮੜੀ, ਹੱਥ, ਦੰਦ; ਤਿੰਨ ਚੀਜ਼ਾਂ ਕਾਲੀਆਂ-ਅੱਖਾਂ, ਭਰਵੱਟੇ ਅਤੇ ਪਲਕਾਂ; ਤਿੰਨ ਚੀਜ਼ਾਂ ਸੁਰਖ ਜਾਂ ਗੁਲਾਬੀ – ਬੁੱਲ੍ਹ, ਗੱਲ੍ਹਾਂ ਅਤੇ ਨਹੁੰ; ਤਿੰਨ ਚੀਜ਼ਾਂ ਪਤਲੀਆਂ-ਮੂੰਹ, ਸਿਰ ਅਤੇ ਗਿੱਟੇ ਅਤੇ ਤਿੰਨ ਚੀਜ਼ਾਂ ਨਰਮ ਤੇ ਨਾਜ਼ੁਕ ਹੋਣੀਆਂ ਚਾਹੀਦੀਆਂ ਹਨ – ਯਾਨੀ ਉਂਗਲੀਆਂ, ਵਾਲ ਤੇ ਹੋਂਠ।” ਸੋ ਇਨ੍ਹਾਂ ਮਾਹਿਰ ਵਿਅਕਤੀਆਂ ਨੇ ਵੀ ਗੋਰੇ ਰੰਗ ਨੂੰ ਹੀ ਸੁੰਦਰਤਾ ਦਾ ਪ੍ਰਤੀਕ ਮੰਨਿਆ ਹੈ।
ਰੰਗ-ਭੇਦ ਨੂੰ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿਚ ਜ਼ੁਰਮ ਮੰਨਿਆ ਜਾਂਦਾ ਹੈ। ਭਾਰਤ ਵਿਚ ਸੁਪਰੀਮ ਕੋਰਟ ਨੇ ਆਪਣੇ ਇਕ ਫੈਸਲੇ ਵਿਚ ਸਪੱਸ਼ਟ ਕੀਤਾ ਹੈ ਕਿ ਔਰਤਾਂ ਦੇ ਵਿਰੋਧ ਲਈ ਉਨ੍ਹਾਂ ਦੇ ਰੰਗ ਦੇ ਆਧਾਰ ‘ਤੇ ਕੀਤੀ ਗਈ ਟਿੱਪਣੀ ਨੂੰ ਸ਼ਬਦੀ ਹਿੰਸਾ ਮੰਨਿਆ ਜਾਵੇਗਾ।
ਅਸੀਂ ਆਮ ਹੀ ਦੇਖਦੇ ਹਾਂ ਕਿ ਕਈ ਵਾਰ ਸੋਹਣੇ ਨੈਣ-ਨਕਸ਼ਾਂ ਵਾਲੇ ਸਾਂਵਲੇ ਜਾਂ ਕਣਕ ਵੰਨੇ ਰੰਗ ਵਾਲੇ ਵਿਅਕਤੀ ਗੋਰੇ ਰੰਗ ਵਾਲੇ ਵਿਅਕਤੀਆਂ ਨੂੰ ਸੁੰਦਰਤਾ ਦੇ ਮੁਕਾਬਲੇ ਵਿਚ ਪਛਾੜ ਕੇ ਝੰਡੀ ਲੈ ਜਾਂਦੇ ਹਨ। ਕੋਈ ਮੁਟਿਆਰ ਆਪਣੇ ਕਣਕ ਵੰਨੇ ਰੰਗ ਵਾਲੇ ਸੋਹਣੇ ਸੁਨੱਖੇ ਮਾਹੀ ਨੂੰ ਲੋਕਾਂ ਦੀ ਬੁਰੀ ਨਜ਼ਰ ਤੋਂ ਬਚਾਉਣ ਲਈ ਕਈ ਪ੍ਰਕਾਰ ਦੇ ਉਪਰਾਲੇ ਕਰਦੀ :
ਕਣਕ ਵੰਨਾ ਤੇਰਾ ਰੰਗ ਵੇ ਚੋਬਰਾ,
ਮੈਂ ਨਜ਼ਰਾਂ ਤੋਂ ਡਰਦੀ,
ਇਕ ਚਿੱਤ ਕਰਦਾ ਤਬੀਤ ਕਰਾ ਦਿਆਂ,
ਇਕ ਚਿੱਤ ਕਰਦਾ ਤਾਗਾ,
ਬਿਨ ਮੁਕਲਾਈ ਨੇ, ਢਾਹ ਸਿੱਟਿਆ ਦਰਬਾਜ਼ਾ …
ਸਿਆਣੇ ਕਹਿੰਦੇ ਹਨ ਕਿ ਸੁੰਦਰਤਾ ਤਾਂ ਦੇਖਣ ਵਾਲਿਆਂ ਦੀ ਨਜ਼ਰ ਵਿਚ ਹੀ ਛੁਪੀ ਹੁੰਦੀ ਹੈ। ਸੋਹਣੇ ਸੁਨੱਖੇ ਕੈਸ ਨੂੰ ਕਾਲੀ ਕਲੂਟੀ ਲੈਲਾ ਹੀ ਦੁਨੀਆ ਦੀ ਸਭ ਤੋਂ ਸੁੰਦਰ ਔਰਤ ਜਾਪਦੀ ਸੀ ਤੇ ਉਸ ਨੇ ਸਾਂਵਲੀ ਸਲੋਨੀ ਸੁੰਦਰ ਨੈਣ-ਨਕਸ਼ਾਂ ਵਾਲੀ ਆਪਣੀ ਮਹਿਬੂਬਾ ਨੂੰ ਪ੍ਰਾਪਤ ਕਰਨ ਲਈ ਆਪਣੀ ਜਾਨ ਵੀ ਬਾਜ਼ੀ ਲਾ ਦਿੱਤੀ ਸੀ।
ਗੋਰਾ ਰੰਗ ਕੇਵਲ ਬਾਹਰੀ ਦਿਖਾਵਾ ਹੀ ਹੁੰਦਾ ਹੈ। ਅਸਲੀ ਸੁੰਦਰਤਾ ਤਾਂ ਕਿਸੇ ਮੁਟਿਆਰ ਦੇ ਚੰਗੇ ਵਿਵਹਾਰ, ਮਧੁਰ, ਮਿੱਠੀ ਬੋਲਚਾਲ ਤੇ ਸ਼ਿਸ਼ਟਤਾ ਵਰਗੇ ਗੁਣਾਂ ਵਿਚ ਛੁਪੀ ਹੁੰਦੀ ਹੈ। ਅਜਿਹੇ ਗੁਣਾਂ ਵਾਲੀ ਮੁਟਿਆਰ ਸਭ ਨੂੰ ਸੋਹਣੀ ਤੇ ਚੰਗੀ ਲੱਗਦੀ ਹੈ। ਮਹਾਨ ਚਿੰਤਕ ਸੁਕਰਾਤ ਨੇ ਠੀਕ ਹੀ ਕਿਹਾ ਹੈ, ”ਬਾਹਰੀ ਸੁੰਦਰਤਾ ਨਾਲੋਂ ਅੰਦਰ ਦੇ ਭਾਵਾਂ ਦੀ ਸੁੰਦਰ ਵਧੇਰੇ ਸ਼੍ਰੇਸ਼ਟ ਤੇ ਕੀਮਤੀ ਹੁੰਦੀ ਹੈ।”
ਵਿਦਵਾਨ ਲੇਖਕ ਸੇਂਟ ਬੇਬੀ ਲਿਖਦਾ ਹੈ, ”ਜ਼ਰੂਰੀ ਨਹੀਂ ਕਿ ਸੁੰਦਰ ਔਰਤ ਅਕਲਮੰਦ ਵੀ ਹੋਵੇ।” ਸੋ ਸੂਝਵਾਨ ਵਿਅਕਤੀ ਹਮੇਸ਼ਾ ਸ਼ਕਲ ਨਾਲੋਂ ਅਕਲ ਦੀ ਹੀ ਕਦਰ ਕਰਦੇ ਹਨ :
ਗੋਰੇ ਰੰਗ ਨੂੰ ਨਾ ਪੁੱਛਦਾ ਕੋਈ,
ਮੁੱਲ ਪੈਂਦੇ ਅਕਲਾਂ ਦੇ…
ਮਾਨਵ ਵਿਗਿਆਨੀਆਂ ਨੇ ਸੰਸਾਰ ਦੀਆਂ ਸਾਰੀਆਂ ਮਨੁੱਖੀ ਜਾਤੀਆਂ ਨੂੰ ਮੁੱਖ ਤੌਰ ‘ਤੇ ਤਿੰਨ ਨਸਲਾਂ ਵਿਚ ਵੰਡਿਆ ਹੈ। ਪਹਿਲੀ ਨਸਲ ਗੋਰੇ ਲੋਕਾਂ ਦੀ ਹੈ, ਜਿਨ੍ਹਾਂ ਨੂੰ ਕਾਕੇਸ਼ੀਅਨ ਵੀ ਕਿਹਾ ਜਾਂਦਾ ਹੈ। ਇਹ ਲੋਕ ਯੂਰਪ ਦੇ ਦੇਸ਼ਾਂ ਅਤੇ ਉਤਰੀ ਅਮਰੀਕਾ ਵਿਚ ਵਸਦੇ ਹਨ। ਦੂਸਰੀ ਨਸਲ ਦੇ ਲੋਕਾਂ ਦਾ ਰੰਗ ਪੀਲਾ ਹੁੰਦਾ ਹੈ ਤੇ ਉਹ ਮੰਗੋਲ ਜਾਤੀ ਦੇ ਹਨ। ਇਸ ਨਸਲ ਦੇ ਲੋਕ ਮੁੱਖ ਤੌਰ ‘ਤੇ ਮੰਗੋਲੀਆ, ਆਮ ਕਰਕੇ ਚੀਨ, ਜਪਾਨ, ਕੋਰੀਆ ਆਦਿ ਦੇਸ਼ਾਂ ਵਿਚ ਵਸਦੇ ਹਨ। ਭਾਰਤ ਵਿਚ ਗੋਰਖਾ ਜਾਤੀ ਇਸੇ ਵੰਨਗੀ ਨਾਲ ਸਬੰਧ ਰੱਖਦੀ ਹੈ।
ਤੀਸਰੀ ਨਸਲ ਦੇ ਉਹ ਲੋਕ ਹਨ ਜਿਨ੍ਹਾਂ ਦਾ ਰੰਗ ਕਾਲਾ ਹੈ ਜੋ ਇਥੋਪੀਅਨ ਪਰਿਵਾਰ ਦੇ ਹਨ। ਇਥੋਪੀਅਨ ਜਾਂ ਹਬਸ਼ੀ ਅਫਰੀਕਨ ਦੇਸ਼ਾਂ ਵਿਚ ਵਸਦੇ ਹਨ ਜਿਨ੍ਹਾਂ ਨੂੰ ਨੀਗਰੋ ਵੀ ਕਿਹਾ ਜਾਂਦਾ ਹੈ। ਰੰਗ ਦੀ ਦ੍ਰਿਸ਼ਟੀ ਤੋਂ ਸੰਸਾਰ ਵਿਚ ਤਿੰਨ ਪ੍ਰਕਾਰ ਦੇ ਲੋਕ ਹਨ, ਗੋਰੇ, ਕਾਲੇ ਅਤੇ ਪੀਲੇ। ਬਾਕੀ ਰੰਗ ਇਨ੍ਹਾਂ ਵਿਚੋਂ ਹੀ ਕਿਸੇ ਨਾ ਕਿਸੇ ਦੀ ਘੱਟ ਜਾਂ ਵੱਧ ਭਾਹ ਮਾਰਦੇ ਹਨ ਤੇ ਉਹ ਅਕਸਰ ਦੋ ਰੰਗਾਂ ਦੇ ਮਿਸ਼ਰਣ ਤੋਂ ਜਲਵਾਯੂ ਦੇ ਪਰਿਣਾਮ ਸਰੂਪ ਉਤਪਨ ਹੋਏ ਹਨ। ਭਾਰਤ ਵਿਚ ਇਹ ਤਿੰਨਾਂ ਰੰਗਾਂ ਦੇ ਲੋਕ ਮਿਲਦੇ ਹਨ। ਪਰ ਭਾਰਤ ਵਿਚ ਜ਼ਿਆਦਾਤਰ ਲੋਕ ਕਾਲੇ ਜਾਂ ਕਣਕ ਰੰਗ ਦੇ ਹੀ ਹਨ।
ਸਾਡੇ ਧਾਰਮਿਕ ਗ੍ਰੰਥਾਂ ਵਿਚ ਭਾਰਤੀ ਦੇਵਤਿਆਂ ਦੇ ਰੰਗ ਰੂਪ ਨੂੰ ਸਾਂਵਲਾ, ਸਲੋਨਾ, ਸੁੰਦਰ ਕਹਿ ਕੇ ਖੂਬ ਵਡਿਆਇਆ ਤੇ ਸਲਾਹਿਆ ਗਿਆ ਹੈ। ਸ੍ਰੀ ਰਾਮ, ਕ੍ਰਿਸ਼ਨ ਤੇ ਸ਼ਿਵ ਅਜਿਹੇ ਹੀ ਸਾਂਵਲੇ ਜਾਂ ਕਾਲੇ ਸਨ, ਪਰ ਇਹ ਗੱਲ ਅਜੀਬ ਲੱਗਦੀ ਹੈ ਕਿ ਇਨ੍ਹਾਂ ਸਾਰੇ ਦੇਵਤਿਆਂ ਦੀਆਂ ਪਤਨੀਆਂ ਨੂੰ ਗੋਰੀਆਂ ਚਿੱਟੀਆਂ, ਰੂਪਵੰਤੀਆਂ ਤੇ ਸੁੰਦਰ ਦਰਸਾਇਆ ਗਿਆ ਹੈ।
ਮਾਨਵ-ਵਿਗਿਆਨੀਆਂ ਦਾ ਵਿਚਾਰ ਹੈ ਕਿ ਆਦਿ ਮਨੁੱਖ ਦਾ ਰੰਗ ਸੰਭਾਵੀ ਤੌਰ ‘ਤੇ ਕਾਲਾ ਹੀ ਰਿਹਾ ਹੋਵੇਗਾ।
ਅੱਜ ਤੋਂ ਇਕ ਲੱਖ ਸਾਲ ਪਹਿਲਾਂ ਜਦੋਂ ਮਨੁੱਖ ਨੇ ਅਫਰੀਕਾ ਤੋਂ ਪਰਵਾਸ ਸ਼ੁਰੂ ਕੀਤਾ ਸੀ ਤਾਂ ਉਸ ਦੀ ਚਮੜੀ ਦੇ ਰੰਗ ਨੇ ਨਵੇਂ ਠੰਢੇ ਵਾਤਾਵਰਣ ਵਿਚ ਆਪਣਾ ਰੰਗ ਬਦਲਣਾ ਸ਼ੁਰੂ ਕਰ ਦਿੱਤਾ। ਹੌਲੀ-ਹੌਲੀ ਨਵੇਂ ਵਾਤਾਵਰਨ ਦੇ ਪ੍ਰਭਾਵ ਕਾਰਨ ਮਨੁੱਖ ਦਾ ਰੰਗ ਗੋਰਾ ਹੋ ਗਿਆ। ਅੱਜ ਕੱਲ੍ਹ ਮਨੁੱਖੀ ਚਮੜੀ ਦੇ ਰੰਗਾਂ ਵਿਚ ਐਨਾ ਵਖਰੇਵਾਂ ਪੈਦਾ ਹੋ ਗਿਆ ਹੈ ਕਿ ਚਮੜੀ ਦਾ ਸਪੱਸ਼ਟ ਤੌਰ ‘ਤੇ ਵਰਗੀਕਰਣ ਕਰਨਾ ਬਹੁਤ ਮੁਸ਼ਕਲ ਤੇ ਕਠਿਨ ਕਾਰਜ ਜਾਪਦਾ ਹੈ।
ਮਨੁੱਖੀ ਚਮੜੀ ਦਾ ਰੰਗ ਮੁੱਖ ਤੌਰ ‘ਤੇ ਸਰੀਰ ਵਿਚ ਪਾਏ ਜਾਣ ਵਾਲੇ ਤਿੰਨ ਪਿਗਮੈਂਟਸ ਜਾਂ ਕਲੀਰਿੰਗ ਮੈਟੀਰੀਅਲਸ ‘ਤੇ ਨਿਰਭਰ ਕਰਦਾ ਹੈ, ਜਿਨ੍ਹਾਂ ਵਿਚੋਂ ਇਕ ਦਾ ਨਾਂ ਮੈਲਾਨਿਨ ਹੈ ਜੋ ਭੂਰੇ ਰੰਗ ਦਾ ਤੱਤ ਹੈ। ਜਿਨ੍ਹਾਂ ਲੋਕਾਂ ਵਿਚ ਮੈਲਾਨਿਨ ਦੀ ਮਾਤਰਾ ਵਧ ਹੁੰਦੀ ਹੈ, ਉਨ੍ਹਾਂ ਦੀ ਚਮੜੀ ਦਾ ਰੰਗ ਕਾਲਾ ਹੁੰਦਾ ਹੈ। ਸਾਡੇ ਸਰੀਰ ਦੀਆਂ ਕੋਸ਼ਕਾਵਾਂ ਸੂਰਜ ਦੀਆਂ ਪੈਰਾਵੈਂਗਣੀ ਕਿਰਨਾਂ ਦੇ ਸੰਪਰਕ ਵਿਚ ਆ ਕੇ ਵਧੇਰੇ ਮੈਲਾਨਿਨ ਬਣਾਉਂਦੀਆਂ ਹਨ।
ਇਸੇ ਕਾਰਨ ਹੀ ਭੂ-ਮੱਧ ਰੇਖਾ ਦੇ ਨੇੜੇ ਸਥਿਤ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਦੀ ਚਮੜੀ ਦਾ ਰੰਗ ਕਾਲਾ ਹੁੰਦਾ ਹੈ। ਠੰਢੇ ਸਰਦ ਇਲਾਕਿਆਂ ਦੇ ਵਸਨੀਕ ਸੂਰਜ ਦੀਆਂ ਕਿਰਨਾਂ ਦੇ ਸੰਪਰਕ ਵਿਚ ਬਹੁਤ ਹੀ ਘੱਟ ਆਉਂਦੇ ਹਨ, ਜਿਸ ਕਾਰਨ ਉਹਨਾਂ ਦੀ ਚਮੜੀ ਗੋਰੀ ਚਿੱਟੀ ਹੁੰਦੀ ਹੈ।
ਮਨੁੱਖੀ ਚਮੜੀ ਦੇ ਏਪੀਡਰਮਿਸ ਹਿੱਸਿਆਂ ਵਿਚ ਮੈਲਾਨਿਨ ਤੋਂ ਇਲਾਵਾ ਕੈਰੋਟੀਨ ਨਾਂ ਦਾ ਪੀਲੇ ਰੰਗ ਦਾ ਤੱਤ ਵੀ ਹੁੰਦਾ ਹੈ। ਜਿਨ੍ਹਾਂ ਵਿਅਕਤੀਆਂ ਵਿਚ ਇਹ ਤੱਤ ਵੱਧ ਹੁੰਦਾ ਹੈ, ਉਨ੍ਹਾਂ ਦੀ ਚਮੜੀ ਪੀਲੇ ਰੰਗ ਦੀ ਹੁੰਦੀ ਹੈ। ਪਰ ਕਈ ਵਾਰ ਕਿਸੇ ਉਦਾਸ, ਬੇਵੱਸ, ਬਿਮਾਰ ਤੇ ਕਮਜ਼ੋਰ ਬੰਦੇ ਦਾ ਚਿਹਰਾ ਵੀ ਹਲਦੀ ਵਾਂਗ ਪੀਲਾ ਪੈ ਜਾਂਦਾ ਹੈ :
ਗੋਰੇ ਰੰਗ ਤੇ ਪਲੱਤਣਾਂ ਛਾਈਆਂ,
ਕੀ ਗਮ ਖਾ ਗਿਆ ਮਿੱਤਰਾ…
ਤੀਜਾ ਤੱਤ ਲਾਲ ਰੰਗ ਦਾ ਹੋਮੋਗਬੋਬਿ ਹੈ ਜੋ ਖੂਨ ਵਿਚ ਪਾਇਆ ਜਾਂਦਾ ਹੈ। ਜਿਸ ਵਿਅਕਤੀ ਵਿਚ ਇਹ ਤੱਤ ਵਧੇਰੇ ਮਾਤਰਾ ਵਿਚ ਹੁੰਦਾ ਹੈ ਉਸ ਦੇ ਚਿਹਰੇ ਤੇ ਪੱਕੇ ਹੋਏ ਸੇਬ ਵਾਂਗ ਲਾਲੀ ਦੀ ਭਾਅ ਮਾਰਨ ਲੱਗਦੀ ਹੈ :
ਸੱਪ ਵਰਗੀ ਤੇਰੀ ਤੋਰ ਜਗੀਰੋ,
ਸਿਉ ਵਰਗਾ ਰੰਗ ਤੇਰਾ,
ਕਿਹੜੀ ਗੱਲ ਦਾ ਕਰਗੀ ਗੁੱਸਾ,
ਕਿਹੜੀ ਗੱਲ ਦਾ ਝੇੜਾ,
ਨੀ ਮੈਂ ਓਦਰ ਗਿਆ, ਮਾਰ ਜਗੀਰੋ ਗੇੜਾ …
ਸਾਡੇ ਦੇਸ਼ ਵਿਚ ਗੋਰੇ ਰੰਗ ਨੂੰ ਚੰਗਾ ਸਮਝਣ ਦਾ ਜਨੂੰਨ ਅੰਗਰੇਜ਼ੀ ਰਾਜ ਸਮੇਂ ਹੀ ਵਧਿਆ। ਸਦੀਆਂ ਦੀ ਮਾਨਸਿਕ ਗੁਲਾਮੀ ਨੇ ਭਾਰਤੀਆਂ ਦੇ ਮਨ ਵਿਚ ਘਟੀਆਪਣ ਦੀ ਭਾਵਨਾ ਕਰ ਦਿੱਤੀ ਤੇ ਉਹ ਅੰਗਰੇਜ਼ ਸ਼ਾਸ਼ਕਾਂ ਦੇ ਗੋਰੇ-ਚਿੱਟੇ ਰੰਗ ਨੂੰ ਸਭ ਤੋਂ ਚੰਗਾ ਤੇ ਵਧੀਆ ਸਮਝਣ ਲੱਗੇ। ਜਦੋਂ ਅੰਗਰੇਜ਼ਾਂ ਨੇ ਪੰਜਾਬ ‘ਤੇ ਕਬਜ਼ਾ ਕਰ ਲਿਆ ਤਾਂ ਅੰਗਰੇਜ਼ਾਂ ਦੀ ਚਿੱਟੀ ਚਮੜੀ ਪੰਜਾਬੀਆਂ ਲਈ ਵੀ ਖਿੱਚ ਦਾ ਕੇਂਦਰ ਬਣ ਗਈ।
ਗੋਰੇ, ਸੋਹਣੇ ਤੇ ਹਾਕਮ ਹੋਣ ਕਾਰਨ ਅੰਗਰੇਜ਼ ਉਨ੍ਹਾਂ ਨੂੰ ਦੂਜੀਆਂ ਕੌਮਾਂ ਨਾਲੋਂ ਉਤਮ ਜਾਪਦੇ ਤੇ ਉਹ ਉਨ੍ਹਾਂ ਨੂੰ ਅੰਗਰੇਜ਼ ਕਹਿਣ ਦੀ ਥਾਂ ਗੋਰੇ ਕਹਿਣ ਲੱਗੇ।
ਬਹੁਤ ਦੇਰ ਹੀ ਗੱਲ ਹੈ ਮਾਲਵੇ ਦੇ ਕਿਸੇ ਪਿੰਡ ਵਿਚ ਕਿਸੇ ਘਰ ਬਹੁਤ ਹੀ ਸੋਹਣੀ ਸੁਨੱਖੀ ਗੋਰੀ ਚਿੱਟੀ ਕੁੜੀ ਨੇ ਜਨਮ ਲਿਆ ਤੇ ਮਾਪਿਆਂ ਨੇ ਉਸ ਦਾ ਨਾਂ ਚੰਦ ਕੁਰ ਰੱਖ ਦਿੱਤਾ। ਸਮਾਂ ਆਪਣੀ ਮਸਤ ਚਾਲੇ ਤੁਰਦਾ ਗਿਆ। ਦਿਨ ਮਹੀਨਿਆਂ ਤੇ ਮਹੀਨੇ ਸਾਲਾਂ ਵਿਚ ਬਦਲਦੇ ਗਏ। ਦੇਖਦਿਆਂ-ਦੇਖਦਿਆਂ ਚੰਦ ਜਿਹੇ ਮੁੱਖੜੇ ਵਾਲੀ ਨਿੱਕੀ ਜਿਹੀ ਬਾਲੜੀ ਚੰਦ ਕੁਰ ਨੇ ਸਰੂ ਵਰਗੀ ਹੁਸੀਨ ਮੁਟਿਆਰ ਦਾ ਰੂਪ ਧਾਰਨ ਕਰ ਲਿਆ। ਚੰਗੀ ਪੌਸ਼ਟਿਕ ਖੁਰਾਕ ਖਾਣ ਨਾਲ ਚੰਦ ਕੁਰ ਦੇ ਰੰਗ ਰੂਪ ਵਿਚ ਦਿਨੋਂ ਦਿਨ ਨਿਖਾਰ ਆਉਂਦਾ ਗਿਆ :
ਲੱਡੂ ਖੰਡ ਦੇ ਗੁੱਝੇ ਨਾ ਰਹਿੰਦੇ,
ਗੋਰਾ ਰੰਗ ਹੋ ਗਿਆ ਬੱਲੀਏ…
ਉਸ ਦੇ ਤ੍ਰੇਲ ਧੋਤੇ ਫੁੱਲ ਵਰਗੇ ਸੋਹਣੇ ਚਿਹਰੇ ਦੀ ਖੁਸ਼ਬੂ ਚਾਰ-ਚੁਫੇਰੇ ਖਿਲਰ ਜਾਂਦੀ :
ਆਵੇ ਵਾਸ਼ਨਾ ਸਰ੍ਹੋਂ ਦੇ ਫੁੱਲ ਵਰਗੀ,
ਤੇਰੇ ਸੋਹਣੇ ਗੋਰੇ ਰੰਗ ‘ਚੋਂ …
ਦਿਲ ਨੂੰ ਲੁਭਾਉਣ ਵਾਲਾ ਉਸ ਦਾ ਗੋਰਾ ਰੰਗ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚ ਕੇ ਮੰਤਰ-ਮੁਗਧ ਕਰ ਦਿੰਦਾ :
ਗੋਰੇ ਰੰਗ ਦੀ ਮਹਿਕ ਸਾਨੂੰ ਆਵੇ,
ਰਾਹੇ ਰਾਹੇ ਜਾਣ ਵਾਲੀਏ…
ਉਸ ਦੇ ਤਿਲਸਮੀ ਹੁਸਨ ਦੇ ਕੀਲੇ ਹੋਏ ਗੱਭਰੂ ਭੌਰਿਆਂ ਵਾਂਗ ਉਸ ਦੇ ਦੁਆਲੇ ਮੰਡਰਾਉਣ ਲੱਗਦੇ :
ਭੌਰਿਆਂ ਨੇ ਪੈੜ ਕੱਢ ਲਈ,
ਗੋਰੇ ਰੰਗ ਦੀ ਵਾਸ਼ਨਾ ਆਵੇ…
ਜਿਹੜਾ ਗੱਭਰੂ ਉਸ ਦੇ ਸੋਹਣੇ ਗੋਰੇ ਮੁੱਖ ਦਾ ਝਾਕਾ ਲੈ ਲੈਂਦਾ, ਉਸ ਨੂੰ ਪਹਿਲੇ ਤੋੜ ਦੀ ਸ਼ਰਾਬ ਜਿੰਨਾ ਨਸ਼ਾ ਹੋ ਜਾਂਦਾ :
ਮੁਸ਼ਕੇ ਸੰਧੂਰੀ ਰੰਗ ਤੇਰਾ ਨਿੱਤਰੀ ਸ਼ਰਾਬ ਵਰਗਾ…
ਸਾਰੇ ਪਿੰਡ ਵਿਚ ਚੰਦ ਕੁਰ ਦੇ ਹੁਸਨ ਦੀਆਂ ਧੁੰਮਾਂ ਪੈ ਜਾਂਦੀਆਂ :
ਗੋਰੇ ਰੰਗ ਦੇ ਪੁਆੜੇ ਸਾਰੇ,
ਪਿੰਡ ਵਿਚ ਧੁੰਮ ਪੈ ਗਈ…
ਉਹ ਜਿਸ ਪਾਸੇ ਵੀ ਜਾਂਦੀ ਲੋਕਾਂ ਦੀਆਂ ਨਜ਼ਰਾਂ ਦੂਰ ਤੱਕ ਉਸਦਾ ਪਿੱਛਾ ਕਰਦੀਆਂ ਤਾਂ ਦੁਖੀ ਹੋ ਕੇ ਉਸ ਦੇ ਮੂੰਹੋਂ ਬੋਲ ਨਿਕਲ ਜਾਂਦੇ :
ਗੋਰਾ ਰੰਗ ਨਾ ਕਿਸੇ ਨੂੰ ਰੱਬ ਦੇਵੇ,
ਸਾਰਾ ਪਿੰਡ ਵੈਰ ਪੈ ਗਿਆ…
ਜਦੋਂ ਚੰਦ ਕੁਰ ਸੋਹਣਾ ਸੂਟ ਪਹਿਨ ਕੇ ਕਾਲਾ ਦੁਪੱਟਾ ਸਿਰ ‘ਤੇ ਲੈ ਲੈਂਦੀ ਤਾਂ ਬਹਿਜਾ-ਬਹਿਜਾ ਹੋ ਜਾਂਦੀ :
ਗੋਰਾ ਰੰਗ ਤੇ ਦੁਪੱਟਾ ਤੇਰਾ ਕਾਲਾ,
ਅੱਖਾਂ ਵਿਚ ਅੱਗ ਮੱਚਦੀ…
ਗੋਰੇ ਰੰਗ ਵਾਲੀ ਮਿਰਗ ਨੈਣੀਂ ਚੰਦ ਕੁਰ ਦੀ ਕੋਇਲ ਵਰਗੀ ਸੁਰੀਲੀ ਮਿੱਠੀ ਆਵਾਜ਼ ਸੁਣਨ ਵਾਲਿਆਂ ਦਾ ਮਨ ਮੋਹ ਲੈਂਦੀ :
ਗੋਰਾ ਰੰਗ ਤੇ ਮਿਰਗ ਦੀਆਂ ਅੱਖੀਆਂ,
ਕੋਇਲਾਂ ਜਹੇ ਬੋਲ ਸੋਹਣੀਏ…
ਰਾਤ ਨੂੰ ਚੰਦ ਕੁਰ ਚਰਖਾ ਕੱਤਦੀ ਤਾਂ ਦੀਵੇ ਦੇ ਮਿੰਨੇ-ਮਿੰਨੇ ਚਾਨਣ ਵਿਚ ਉਸਦਾ ਗੋਰਾ ਨਿਛੋਹ ਚਿਹਰਾ ਬਹੁਤ ਹੀ ਸੋਹਣਾ ਲੱਗਦਾ :
ਗੱਲ੍ਹਾਂ ਗੋਰੀਆਂ ਟਿਮਕਣੇ ਕਾਲੇ,
ਮੂੰਹ ਦੇ ਉਤੇ ਪਵੇ ਰੋਸ਼ਨੀ…
ਜਦੋਂ ਚੰਦ ਕੁਰ ਪੀਂਘ ਝੂਟਦੀ ਤਾਂ ਉਸਦਾ ਸੰਗਮਰਮਰੀ ਚਿਹਰਾ ਸ਼ੀਸ਼ੇ ਵਾਂਗ ਲਿਸ਼ਕਾਰੇ ਮਾਰ ਕੇ ਦੇਖਣ ਵਾਲਿਆਂ ਦੀਆਂ ਅੱਖਾਂ ਚੁੰਧਿਆ ਦਿੰਦਾ :
ਗੋਰੇ ਰੰਗ ਦਾ ਪਵੇ ਚਮਕਾਰਾ,
ਨਿੰਮ ਨਾਲ ਝੂਟਦੀਏ…
ਕਿਸੇ ਦਰਸ਼ਕ ਤੋਂ ਉਸ ਦੇ ਗੋਰੇ ਚਿੱਟੇ ਮੁਖੜੇ ਦੀ ਝਾਲ ਨਾ ਝੱਲੀ ਜਾਂਦੀ :
ਤੇਰੇ ਰੂਪ ਦੀ ਚਾਨਣੀ ਮਾਰੇ,
ਪੱਲਾ ਲੈ ਲਾ ਗੋਰੀ ਕੁੜੀਏ…
ਹੁਸੀਨ ਚੰਦ ਕੁਰ ਨੂੰ ਆਪਣੇ ਗੋਰੇ ਰੰਗ ਦਾ ਬਹੁਤ ਹੀ ਮਾਣ ਸੀ :
ਗੋਰੇ ਰੰਗ ਨੇ ਮਜਾਜਣ ਕੀਤੀ,
ਲੰਘ ਗਈ ਨੱਕ ਵੱਟ ਕੇ…
ਕਿਸੇ ਸੂਝਵਾਨ ਗੱਭਰੂ ਨੂੰ ਉਸਦਾ ਇਹ ਵਤੀਰਾ ਚੰਗਾ ਨਾ ਲੱਗਦਾ ਤੇ ਉਸ ਦੇ ਮੂੰਹੋਂ ਬੋਲ ਨਿਕਲ ਜਾਂਦੇ :
ਗੋਰੇ ਰੰਗ ਨੇ ਖਾਕ ਵਿਚ ਰੁਲਣਾ,
ਕਿਹੜੀ ਗੱਲੋਂ ਮਾਣ ਕਰਦੀ …
ਚੰਦ ਕੁਰ ਗੱਭਰੂ ਦੇ ਕਹੇ ਬੋਲਾਂ ਨੂੰ ਸੁਣ ਕੇ ਅਣਸੁਣਿਆ ਕਰ ਦਿੰਦੀ ਤਾਂ ਗੱਭਰੂ ਦੁਬਾਰਾ ਉਸ ਨੂੰ ਸੁਣਾ ਕੇ ਉਚੀ ਆਵਾਜ਼ ਵਿਚ ਕਹਿੰਦਾ :
ਗੋਰਾ ਰੰਗ ਟਿੱਬਿਆਂ ਦਾ ਰੇਤਾ,
ਨ੍ਹੇਰੀ ਆਈ ਉਡ ਜੂਗਾ…
ਚੰਦ ਕੁਰ ਦੇ ਮਾਪਿਆਂ ਨੂੰ ਧੀ ਦਾ ਇਸ ਤਰ੍ਹਾਂ ਪਿੰਡ ਵਿਚ ਘੁੰਮਣਾ ਫਿਰਨਾ ਚੰਗਾ ਨਾ ਲੱਗਦਾ ਤੇ ਉਹ ਚੰਦ ਕੁਰ ਤੇ ਨਜ਼ਰਾਂ ਦੇ ਪਹਿਰੇ ਬਿਠਾ ਕੇ ਉਸ ਦਾ ਘਰੋਂ ਬਾਹਰ ਨਿਕਲਣਾ ਬੰਦ ਕਰ ਦਿੰਦੈ। ਚੰਦ ਕੁਰ ਦੇ ਹੁਸਨ ਦਾ ਝਾਕਾ ਲੈਣ ਦੇ ਸ਼ੁਕੀਨ ਆਸ਼ਕਾਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਦਾ ਤਾਂ ਉਹ ਬਹੁਤ ਦੁਖੀ ਹੁੰਦੇ :
ਮਰ ਜਾਣ ਰੱਬ ਕਰਕੇ,
ਜਿਹੜੇ ਗੋਰੀਆਂ ਰੰਨਾਂ ਦੇ ਰਾਖੇ…
ਚੰਦ ਕੁਰ ਦੇ ਮਾਪੇ ਯੋਗ ਵਰ ਲੱਭ ਕੇ ਉਸਦਾ ਵਿਆਹ ਕਰ ਦਿੰਦੇ। ਸਹੁਰੇ ਪਿੰਡ ਚੰਦ ਕੁਰ ਦੇ ਹੁਸਨ ਦੀ ਘਰ-ਘਰ ਚਰਚਾ ਹੋਣ ਲੱਗਦੀ ਤੇ ਲੋਕ ਉਸ ਦੇ ਗੋਰੇ ਰੰਗ ਨੂੰ ਸਲਾਹੁੰਦੇ ਨਾ ਥੱਕਦੇ :
ਫੁੱਲਾਂ ਭਰੀ ਚੰਗੇਰ ਇਕ ਫੁੱਲ ਤੋਰੀ ਦਾ।
ਸਰਘੀ ਨਾਲੋਂ ਗੋਰਾ ਮੁਖੜਾ ਗੋਰੀ ਦਾ।
ਚੰਦ ਕੁਰ ਦੇ ਪਤੀ ਨੂੰ ਲੋਕ ਚੰਗੇ ਭਾਗਾਂ ਵਾਲਾ ਸਮਝਦੇ :
ਤਾਹੀਉਂ ਵਹੁਟੀ ਗੋਰੀ ਮਿਲ ਗਈ,
ਮੁੰਡਾ ਪਿਛਲੇ ਜਨਮ ਦਾ ਸਾਧੂ…
ਚੰਦ ਕੁਰ ਦੀ ਛੋਟੀ ਨਣਦ ਆਪਣੀ ਗੋਰੀ ਚਿੱਟੀ ਸੋਹਣੀ ਭਰਜਾਈ ਨੂੰ ਢੁਕਵੇਂ ਕੱਪੜੇ ਪਹਿਨਣ ਦੀ ਜਾਚ ਦੱਸਦੀ ਹੋਈ ਕਹਿੰਦੀ :
ਇਕ ਗੱਲ ਤੈਨੂੰ ਆਖ ਸੁਣਾਵਾਂ ਸੁਣ ਵੱਡੀਏ ਭਰਜਾਈਏ,
ਜੇ ਰੰਗ ਬਹੁਤ ਗੋਰਾ ਹੋਵੇ, ਕੁੜਤੀ ਕੱਢਵੀਂ ਪਾਈਏ,
ਰੇਬ ਪਜ਼ਾਮੇ ਨੂੰ ਅੱਡੀਆਂ ਪਤਲੀਆਂ ਚਾਹੀਏ…
ਪੁਰਾਣੇ ਵੇਲਿਆਂ ਤੋਂ ਹੀ ਔਰਤਾਂ ਆਪਣੇ ਚਿਹਰੇ ਦੇ ਰੰਗ ਨੂੰ ਨਿਖਾਰਨ ਤੇ ਗੋਰਾ ਬਣਾਉਣ ਲਈ ਕਈ ਪ੍ਰਕਾਰ ਦੇ ਪਾਪੜ ਵੇਲਦੀਆਂ ਰਹੀਆਂ ਹਨ। ਉਹ ਚਿਹਰੇ ਨੂੰ ਸੁੰਦਰ ਤੇ ਆਕਰਸ਼ਕ ਬਣਾਉਣ ਲਈ ਬੇਸਣ, ਹਲਦੀ, ਮਲਾਈ, ਗਲਿਸਰੀਨ, ਨਿੰਬੂ ਜਾਂ ਖੀਰੇ ਦੇ ਰਸ ਦਾ ਉਪਯੋਗ ਕਰਦੀਆਂ ਸਨ। ਇਨ੍ਹਾਂ ਵਸਤਾਂ ਦੀ ਲਗਾਤਾਰ ਵਰਤੋਂ ਕਰਨ ਨਾਲ ਚਿਹਰੇ ਦੀ ਚਮੜੀ ਸਾਫ, ਚਮਕੀਲੀ ਤੇ ਕੋਮਲ ਬਣ ਜਾਂਦੀ ਸੀ।
ਅੱਜ ਕੱਲ੍ਹ ਰੰਗ ਗੋਰਾ ਕਰਨ ਲਈ ਅਨੇਕਾਂ ਪ੍ਰਕਾਰ ਦੀਆਂ ਕਰੀਮਾਂ, ਰਸਾਇਣ ਤੇ ਦਵਾਈਆਂ ਬਾਜ਼ਾਰ ਵਿਚ ਧੜਾ-ਧੜ ਵਿਕ ਰਹੀਆਂ ਹਨ। ਇਨ੍ਹਾਂ ਸੁੰਦਰਤਾ ਪ੍ਰਸਾਧਨਾਂ ਨੂੰ ਬਣਾਉਣ ਲਈ ਕਈ ਤਰ੍ਹਾਂ ਦੇ ਜ਼ਹਿਰੀਲੇ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਹਾਨੀਕਾਰਕ ਰਸਾਇਣਾਂ ਦੇ ਕਾਰਨ ਚਮੜੀ ਦਾ ਕੈਂਸਰ, ਚਮੜੀ ਵਿਚ ਜਲਣ ਤੇ ਖਾਰਸ਼ ਹੋਣ ਵਰਗੀਆਂ ਸਮੱਸਿਆਵਾਂ ਉਤਪਨ ਹੋ ਸਕਦੀਆਂਹਨ। ਇਹ ਸੁੰਦਰਤਾ ਪ੍ਰਸਾਧਨ ਕੁਝ ਸਮੇਂ ਲਈ ਤਾਂ ਰੰਗ ਨੂੰ ਗੋਰਾ ਕਰ ਦਿੰਦੇ ਹਨ ਤੇ ਚਮੜੀ ਚਮਕਦਾਰ ਤੇ ਦਿਲਕਸ਼ ਬਣ ਜਾਂਦੀ ਹੈ। ਪਰ ਇਹ ਚਮਕ ਦਮਕ ਚਿਰ ਸਥਾਈ ਨਹੀਂ ਹੁੰਦੀ। ਰੰਗ ਗੋਰਾ ਕਰਨ ਵਾਲੀਆਂ ਕਰੀਮਾਂ ਦੀ ਲੰਮੇ ਸਮੇਂ ਤੱਕ ਵਰਤੋਂ ਕਰਨ ਨਾਲ ਹੌਲੀ-ਹੌਲੀ ਚਿਹਰਾ ਨੀਰਸ, ਚਮਕ ਰਹਿਤ ਤੇ ਭੱਦਾ ਬਣ ਜਾਂਦਾ ਹੈ। ਇਸ ਲਈ ਇਨ੍ਹਾਂ ਸੁੰਦਰਤਾ ਵਧਾਉਣ ਵਾਲੀਆਂ ਕਰੀਮਾਂ ਤੇ ਅਜਿਹੇ ਹੋਰ ਉਤਪਾਦਾਂ ਦੇ ਪ੍ਰਯੋਗ ਵਿਚ ਸਾਵਧਾਨੀ ਵਰਤਣੀ ਬਹੁਤ ਜ਼ਰੂਰੀ ਹੈ।

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …