Breaking News
Home / ਦੁਨੀਆ / ਕੈਪਟਨ ਹਰਪ੍ਰੀਤ ਕੌਰ ਚੰਦੀ ਦੱਖਣੀ ਧਰੁਵ ਦੀ ਯਾਤਰਾ ਕਰਨ ਵਾਲੀ ਪਹਿਲੀ ਸਿੱਖ ਮਹਿਲਾ

ਕੈਪਟਨ ਹਰਪ੍ਰੀਤ ਕੌਰ ਚੰਦੀ ਦੱਖਣੀ ਧਰੁਵ ਦੀ ਯਾਤਰਾ ਕਰਨ ਵਾਲੀ ਪਹਿਲੀ ਸਿੱਖ ਮਹਿਲਾ

ਲੰਡਨ/ਬਿਊਰੋ ਨਿਊਜ਼
ਬਰਤਾਨਵੀ ਸਿੱਖ ਫੌਜੀ ਅਫਸਰ ਤੇ ਫਿਜ਼ੀਓਥੈਰੇਪਿਸਟ ਕੈਪਟਨ ਹਰਪ੍ਰੀਤ ਕੌਰ ਚੰਦੀ ਦੱਖਣੀ ਧਰੁਵ ਤੱਕ ਬਿਨਾਂ ਕਿਸੇ ਮਦਦ ਇਕੱਲੀ ਚੱਲ ਕੇ ਜਾਣ ਵਾਲੀ ਭਾਰਤੀ ਮੂਲ ਦੀ ਪਹਿਲੀ ਮਹਿਲਾ ਬਣ ਗਈ ਹੈ। ਮਹਿਲਾ ਸਿੱਖ ਫੌਜੀ ਅਧਿਕਾਰੀ ਅਤੇ ‘ਪੋਲਰ ਪ੍ਰੀਤ’ ਵਜੋਂ ਜਾਣੀ ਜਾਂਦੀ ਕੈਪਟਨ ਹਰਪ੍ਰੀਤ ਕੌਰ ਚੰਦੀ (32) ਨੇ ਦੱਖਣੀ ਧਰੁੱਵ ਦੀ ਇਕੱਲੇ ਯਾਤਰਾ ਪੂਰੀ ਕਰਨ ਵਾਲੀ ਪਹਿਲੀ ਸਿੱਖ ਮਹਿਲਾ ਬਣ ਕੇ ਇਤਿਹਾਸ ਰਚ ਦਿੱਤਾ ਹੈ। ਉਹ ਇਹ ਯਾਤਰਾ ਕਰਨ ਵਾਲੀ ਦੁਨੀਆਂ ਦੀ ਪਹਿਲੀ ‘ਗੈਰ-ਗੋਰੀ’ ਮਹਿਲਾ ਵੀ ਹੈ। ਹਰਪ੍ਰੀਤ ਕੌਰ ਚੰਦੀ ਨੇ ਇਹ ਯਾਤਰਾ ਪਿਛਲੇ ਸਾਲ ਨਵੰਬਰ ‘ਚ ਅੰਟਾਰਕਟਿਕਾ ਦੇ ਹਰਕਿਊਲਸ ਇਨਲੇਟ ਤੋਂ ਸ਼ੁਰੂ ਕੀਤੀ ਸੀ। ਉਸ ਨੇ ਅਗਲੇ ਕੁਝ ਹਫ਼ਤੇ ਅੰਟਾਰਕਟਿਕਾ ‘ਚ ਇਕੱਲੇ ਬਿਤਾਏ ਅਤੇ 3 ਜਨਵਰੀ ਨੂੰ ਉਸ ਨੇ 40 ਦਿਨਾਂ ‘ਚ 700 ਮੀਲ (1126 ਕਿਲੋਮੀਟਰ) ਦਾ ਸਫਰ ਪੂਰਾ ਕਰਨ ਦਾ ਐਲਾਨ ਕੀਤਾ। ਚੰਦੀ ਨੇ ਆਪਣੇ ਬਲੌਗ ‘ਤੇ ਦੱਸਿਆ ਕਿ ਮੈਂ ਦੱਖਣੀ ਧਰੁਵ ਤੱਕ ਪਹੁੰਚ ਗਈ ਹਾਂ, ਜਿਥੇ ਬਰਫ਼ਬਾਰੀ ਹੋ ਰਹੀ ਹੈ।
ਜ਼ਿਕਰਯੋਗ ਹੈ ਕਿ ਕੈਪਟਨ ਚੰਦੀ ਬਰਤਾਨਵੀ ਫ਼ੌਜ ਦੀ ਮੈਡੀਕਲ ਰੈਜੀਮੈਂਟ ‘ਚ ਸੇਵਾਵਾਂ ਨਿਭਾਅ ਰਹੀ ਹੈ। ਉਨ੍ਹਾਂ ਦਾ ਕੰਮ ਫੌਜ ‘ਚ ਭਰਤੀ ਹੋਣ ਵਾਲੇ ਡਾਕਟਰਾਂ ਨੂੰ ਸਿਖਲਾਈ ਦੇਣਾ ਹੈ। ਉਸ ਨੇ ਆਪਣੀ ਦੱਖਣੀ ਧਰੁਵ ਦੀ ਯਾਤਰਾ ਤੋਂ ਪਹਿਲਾਂ ਢਾਈ ਸਾਲ ‘ਫ੍ਰੈਂਚ ਐਲਪਸ’ ਵਿਖੇ ਸਿਖਲਾਈ ਅਤੇ ਆਈਸਲੈਂਡ ‘ਚ ਟ੍ਰੈਕਿੰਗ ਸਮੇਤ ਇਸ ਯਾਤਰਾ ਬਾਰੇ ਪੂਰੀ ਜਾਣਕਾਰੀ ਹਾਸਲ ਕੀਤੀ ਸੀ। ਅੰਟਾਰਕਟਿਕਾ ਮੁਹਿੰਮ ਦੌਰਾਨ ਚੰਦੀ ਨੇ ਸਲੇਜ ਨਾਲ ਲਗਪਗ 90 ਕਿੱਲੋ ਭਾਰ ਵੀ ਖਿੱਚਿਆ, ਜਿਸ ‘ਚ ਕਿੱਟ, ਗੈਸ ਅਤੇ ਭੋਜਨ ਸੀ। ਫੌਜੀ ਅਧਿਕਾਰੀ ਵਜੋਂ ਉਹ ਨੇਪਾਲ, ਕੀਨੀਆ ਤੇ ਸੂਡਾਨ ਵਿਚ ਤਾਇਨਾਤ ਰਹਿ ਚੁੱਕੀ ਹੈ। ਉਹ ਕਈ ਮੈਰਾਥਨ ਵੀ ਦੌੜੀ ਹੈ।

 

Check Also

ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ

ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …