ਲਾਸ ਏਂਜਲਸ : ਇਕ ਪਾਕਿਸਤਾਨੀ ਮੂਲ ਦੇ ਅਮਰੀਕੀ ਸੈਨਿਕ ਦੇ ਮਾਤਾ-ਪਿਤਾ ਦੇ ਸਮਰਥਨ ਵਿਚ ਆਪਣੀ ਆਵਾਜ਼ ਉਠਾਉਂਦੇ ਹੋਏ ਇਕ ਸਿੱਖ ਮਰੀਨ ਦੇ ਪਰਿਵਾਰ ਨੇ ਕਿਹਾ ਹੈ ਕਿ ਉਹ ਟਰੰਪ ਦੀ ਟਿੱਪਣੀ ਨਾਲ ਆਹਤ ਹੋਏ ਹਨ ਅਤੇ ਇਹ ਸਿਆਸੀ ਖੇਡ ਖੇਡਣ ਦੇ ਬਰਾਬਰ ਹੈ।ਅਫਗਾਨਿਸਤਾਨ ‘ਚ ਪੰਜ ਸਾਲ ਪਹਿਲਾਂ ਦੁਸ਼ਮਣਾਂ ਦੀ ਗੋਲੀ ਨਾਲ ਸ਼ਹੀਦ ਹੋਣ ਬਾਅਦ ਸੈਨਿਕ ਕੋਰਪੋਰਲ ਗੁਰਪ੍ਰੀਤ ਸਿੰਘ ਦਾ ਕਮਰਾ ਅੱਜ ਵੀ ਲਾਲ, ਚਿੱਟੇ ਅਤੇ ਨੀਲੇ ਰੰਗ ਨਾਲ ਸਜਾਇਆ ਹੋਇਆ ਹੈ ਅਤੇ ਉਸ ਦੀ ਮੈਡਲ ਲੱਗੀ ਵਰਦੀ ਉਸ ਦੀ ਅਲਮਾਰੀ ਵਿਚ ਟੰਗੀ ਹੈ। ਉਸ ਦੇ ਪਿਤਾ ਨਿਰਮਲ ਸਿੰਘ ਨੇ ਕੈਲੀਫੋਰਨੀਆ ਦੇ ਐਂਟੀਲੋਪ ਵਿਚ ਸਥਿਤ ਆਪਣੇ ਘਰ ਦੀ ਕੰਧ ‘ਤੇ ਉਸ ਦਾ ਇਕ ਪੋਸਟਰ ਲਾਇਆ ਹੋਇਆ ਹੈ ਅਤੇ ਉਸ ਨੂੰ ਅਮਰੀਕੀ ਹੀਰੋ ਕਹਿੰਦੇ ਹਨ। ਨਿਰਮਲ ਸਿੰਘ ਅਤੇ ਉਸ ਦੇ ਪਰਿਵਾਰ ਦੇ ਮੈਂਬਰ ਪਿਛਲੇ ਹਫ਼ਤੇ ਇਕ ਹੋਰ ਸ਼ਹੀਦ ਸੈਨਿਕ ਦੇ ਪਰਵਾਸੀ ਮਾਤਾ ਪਿਤਾ ਬਾਰੇ ਖਬਰਾਂ ਦੇਖਦੇ ਰਹੇ ਹਨ ਜੋ ਰਿਪਬਲਿਕਨ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਟਰੰਪ ਦੀ ਟਿੱਪਣੀ ਤੋਂ ਦੁਖੀ ਹਨ। ਹਮਾਯੂੰ ਖਾਨ ਦੇ ਪਰਿਵਾਰ ਵਲੋਂ ਪਿਛਲੇ ਮਹੀਨੇ ਫਿਲਾਡਾਲਫੀਆ ਵਿਚ ਡੈਮੋਕਰੈਟਿਕ ਦੀ ਕੌਮੀ ਕਨਵੈਨਸ਼ਨ ਵਿਚ ਡੈਮੌਕਰੈਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਹਿਲੇਰੀ ਕਲਿੰਟਨ ਦੀ ਹਮਾਇਤ ਕਰਨ ਅਤੇ ਰਿਪਬਲੀਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਦੀ ਅਲੋਚਨਾ ਪਿੱਛੋਂ ਟਰੰਪ ਨੇ ਖਾਨ ਦੇ ਪਰਿਵਾਰ ਵਿਰੁੱਧ ਟਿੱਪਣੀ ਕੀਤੀ ਸੀ। ਨਿਰਮਲ ਸਿੰਘ ਨੇ ਕਿਹਾ ਕਿ ਇਹ ਦੁੱਖ ਦਿੰਦਾ ਹੈ। ਪਤਾ ਨਹੀਂ ਕਿਉਂ। ਇਹ ਇਸ ਤਰ੍ਹਾਂ ਹੈ ਜਿਵੇਂ ਉਹ ਇਕ ਗੋਲਡ ਸਟਾਰ ਪਰਿਵਾਰ ਨਾਲ ਸਿਆਸੀ ਖੇਡ ਖੇਡ ਰਹੇ ਹਨ। ਦੇਸ਼ ਭਰ ਦੇ ਬਹੁਤ ਸਾਰੇ ਸੈਨਿਕ ਪਰਿਵਾਰ ਟਰੰਪ ਵਲੋਂ ਸ਼ਹੀਦ ਕੈਪਟਨ ਹਮਾਯੂੰ ਖਾਨ ਦੇ ਪਰਿਵਾਰ ਦੀ ਕੀਤੀ ਆਲੋਚਨਾ ਨੂੰ ਲੈ ਕੇ ਹੈਰਾਨ ਹਨ। ਉਨ੍ਹਾਂ ਟਰੰਪ ਦੀ ਆਲੋਚਨਾ ਕੀਤੀ। ਟਰੰਪ ਦੀ ਰਣਨੀਤੀ ਦੀ ਚੁਫੇਰਿਉਂ ਨਿੰਦਾ ਹੋਈ ਹੈ। ਨਿਰਮਲ ਸਿੰਘ ਦੇ ਪਰਿਵਾਰ ਨੇ ਪਾਕਿਸਤਾਨੀ ਮੂਲ ਦੇ ਮੁਸਲਿਮ ਖਾਨ ਪਰਿਵਾਰ ਪ੍ਰਤੀ ਸਮਰਥਨ ਪ੍ਰਗਟਾਇਆ ਜਿਸ ਨੇ ਉਨ੍ਹਾਂ ਦੀ ਹੀ ਤਰ੍ਹਾਂ ਆਪਣੇ ਦੇਸ਼ ਦੇ ਲਈ ਲੰਬੇ ਯੁੱਧ ਵਿਚ ਆਪਣਾ ਬੇਟਾ ਗੁਆਇਆ ਹੈ। ਨਿਰਮਲ ਸਿੰਘ ਨੇ ਕਿਹਾ ਕਿ ਜਦ ਉਹ ਸੈਨਿਕਾਂਨੂੰ ਮਿਲਦੇ ਹਨ ਤਾਂ ਉਹ ਹੋਰਨਾਂ ਪਰਵਾਸੀਆਂ ਦੇ ਸੰਪਰਕ ਵਿਚ ਆਉਂਦੇ ਹਨ। ਧਰਮ ਮਾਇਨਾ ਨਹੀਂ ਰੱਖਦਾ। ਉਹ ਆਪਣੇ ਦੇਸ਼ ਨੂੰ ਪਿਆਰ ਕਰਦੇ ਹਨ। ਇਹੀ ਕਾਰਨ ਹੈ ਕਿ ਉਹ ਜਾਂਦੇ ਹਨ ਅਤੇ ਉਨ੍ਹਾਂਨੂੰ ਸਨਮਾਨ ਮਿਲਣਾ ਚਾਹੀਦਾ ਹੈ।
ਟਰੰਪ ਦੇ ਵਿਰੁੱਧ ਨਿਰਮਲ ਸਿੰਘ ਨੇ ਸਵਾਲ ਨਹੀਂ ਕੀਤਾ ਕਿ ਕੈਪਟਨ ਖਾਨ ਦੀ ਮਾਂ ਕਨਵੈਨਸ਼ਨ ਵਿਚ ਆਪਣੇ ਪਤੀ ਖਿਜ਼ਰ ਨਾਲ ਚੁੱਪ ਚਾਪ ਕਿਉਂ ਖੜ੍ਹੀ ਰਹੀ। ਕੈਪਟਨ ਗੁਰਪ੍ਰੀਤ ਸਿੰਘ ਦੀ ਮਾਤਾ ਸਤਨਾਮ ਕੌਰ ਵੀ ਉਸੇ ਤਰ੍ਹਾਂ ਕਰਦੀ। ਕੋਰਪੋਰਲ ਗੁਰਪ੍ਰੀਤ ਸਿੰਘ ਦੀ 28 ਸਾਲਾ ਭੈਣ ਮਨਪ੍ਰੀਤ ਕੌਰ ਦੇ ਹਵਾਲੇ ਨਾਲ ਕਿਹਾ ਗਿਆ ਕਿ ਜਦੋਂ ਟਰੰਪ ਨੇ ਕੈਪਟਨ ਖਾਨ ਦੀ ਮਾਂ ਬਾਰੇ ਕੁਝ ਕਿਹਾ, ਉਸ ਨਾਲ ਮੇਰੀ ਮਾਂ ਦਾ ਅਪਮਾਨ ਕੀਤਾ। ਹਾਲਾਂਕਿ ਚੋਣਾਂ ਕਾਰਨ ਸੈਨਿਕ ਪਰਿਵਾਰ ਇਕ ਦੂਜੇ ਦੇ ਵਿਰੁੱਧ ਹੋ ਜਾਂਦੇ ਹਨ। ਇਸ ਤਰ੍ਹਾਂ ਉਹ ਗੋਲਡਨ ਸਟਾਰ ਪਰਿਵਾਰਾਂਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ। ਮਨਪ੍ਰੀਤ ਨੇ ਕਿਹਾ ਕਿ ਸਾਨੂੰ ਇਕਜੁੱਟ ਰਹਿਣਾ ਚਾਹੀਦਾ ਹੈ।
Check Also
ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਚੀਫ ਐਡਵਾਈਜਰ ਨਾਲ ਕੀਤੀ ਮੁਲਾਕਾਤ
ਥਾਈਲੈਂਡ ਵਿਚ ਸਿਖਰ ਵਾਰਤਾ ਦੌਰਾਨ ਮੋਦੀ ਅਤੇ ਮੁਹੰਮਦ ਯੂਨਸ ਵਿਚਾਲੇ ਹੋਈ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ …