ਸਿੱਧੂ ਨੇ 13 ਨੁਕਾਤੀ ਏਜੰਡੇ ਦੀ ਚਿੱਠੀ ਵੀ ਕੀਤੀ ਜਨਤਕ
ਚੰਡੀਗੜ੍ਹ/ਬਿਊਰੋ ਨਿਊਜ਼ : ਕਾਂਗਰਸ ਹਾਈਕਮਾਨ ਦੇ ਆਦੇਸ਼ਾਂ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਦਰਮਿਆਨ ਤਾਲਮੇਲ ਮੀਟਿੰਗ ਹੋਈ ਜਿਸ ‘ਚ ਕੇਂਦਰੀ ਅਬਜ਼ਰਵਰ ਹਰੀਸ਼ ਚੌਧਰੀ ਅਤੇ ਕੈਬਨਿਟ ਮੰਤਰੀ ਪਰਗਟ ਸਿੰਘ ਮੌਜੂਦ ਰਹੇ। ਨਵਜੋਤ ਸਿੱਧੂ ਦੇ ਅਸਤੀਫ਼ੇ ਨੂੰ ਲੈ ਕੇ ਪਿਆ ਰੇੜਕਾ ਮੁਕਾਉਣ ਲਈ ਹਾਈਕਮਾਨ ਨੇ ਦੋਵਾਂ ਆਗੂਆਂ ਦੀ ਆਹਮੋ-ਸਾਹਮਣੀ ਮੀਟਿੰਗ ਕਰਵਾਈ ਹੈ। ਨਵਜੋਤ ਸਿੱਧੂ ਦੇ ਅਸਤੀਫ਼ੇ ਮਗਰੋਂ ਚੰਨੀ ਤੇ ਸਿੱਧੂ ਵਿਚਕਾਰ ਹੋਈ ਇਹ ਦੂਜੀ ਮੀਟਿੰਗ ਹੈ।
ਕੇਂਦਰੀ ਅਬਜਰਵਰ ਹਰੀਸ਼ ਚੌਧਰੀ ਵੱਲੋਂ ਦੋਵਾਂ ਆਗੂਆਂ ਦਰਮਿਆਨ ਸੁਰ-ਤਾਲ ਮਿਲਾਉਣ ਲਈ ਯਤਨ ਕੀਤੇ ਗਏ। ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ 13 ਨੁਕਾਤੀ ਏਜੰਡੇ ਦੀ ਚਿੱਠੀ ਜਨਤਕ ਕਰਕੇ ਸਪੱਸ਼ਟ ਇਸ਼ਾਰਾ ਕਰ ਦਿੱਤਾ ਸੀ ਕਿ ਉਹ ਮੁੱਦਿਆਂ ਦੇ ਨਜਿੱਠੇ ਜਾਣ ਮਗਰੋਂ ਹੀ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਸੰਭਾਲਣਗੇ। ਨਵਜੋਤ ਸਿੱਧੂ ਨੇ ਇਹ ਚਿੱਠੀ ਦਿੱਲੀ ਫੇਰੀ ਸਮੇਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਹਵਾਲੇ ਕੀਤੀ ਸੀ, ਜਿਸ ਨੂੰ ਟਵੀਟ ਕਰਕੇ ਸਿੱਧੂ ਨੇ ਜਨਤਕ ਕਰ ਦਿੱਤਾ। ਸਿੱਧੂ ਦੇ ਇਸ ਪੈਂਤੜੇ ਤੋਂ ਸਾਫ਼ ਹੈ ਕਿ ਪੰਜਾਬ ਕਾਂਗਰਸ ਦਾ ਅੰਦਰੂਨੀ ਕਲੇਸ਼ ਛੇਤੀ ਮੁੱਕਣ ਵਾਲਾ ਨਹੀਂ ਹੈ।
ਜ਼ਿਕਰਯੋਗ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਸੀ ਕਿ ਕੋਈ ਵੀ ਕਾਂਗਰਸੀ ਆਗੂ ਉਨ੍ਹਾਂ ਨਾਲ ਸਿੱਧੀ ਗੱਲ ਕਰ ਸਕਦਾ ਹੈ।
ਸਿੱਧੂ ਨੇ ਚਿੱਠੀ ਜਨਤਕ ਕਰਕੇ ਸੋਨੀਆ ਗਾਂਧੀ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਸਰਕਾਰ ਤੋਂ ਇਨ੍ਹਾਂ ਮੁੱਦਿਆਂ ਦਾ ਹੱਲ ਕਰਾਇਆ ਜਾਵੇ। ਸਿੱਧੂ ਜਿਵੇਂ ਪਹਿਲਾਂ ਕੈਪਟਨ ਸਰਕਾਰ ਨੂੰ ਘੇਰਦੇ ਰਹੇ ਹਨ, ਉਸੇ ਤਰ੍ਹਾਂ ਚੰਨੀ ਸਰਕਾਰ ਖਿਲਾਫ ਵੀ ਕੁੱਦ ਪਏ ਹਨ। ਦੋਵਾਂ ਆਗੂਆਂ ‘ਚ ਦੂਰੀਆਂ ਘਟਾਉਣ ਲਈ ਤਾਲਮੇਲ ਮੀਟਿੰਗ ਕਰਾਈ ਗਈ ਹੈ। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵਕਤ ਘਟਦਾ ਜਾ ਰਿਹਾ ਹੈ ਅਤੇ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਕੰਮ ਵੀ ਲਟਕਿਆ ਪਿਆ ਹੈ ਜਿਸ ਕਰਕੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦਾ ਪ੍ਰਚਾਰ ਕਰਨ ਲਈ ਪਾਰਟੀ ਢਾਂਚੇ ਦੀ ਅਣਹੋਂਦ ਬਣੀ ਹੋਈ ਹੈ। ਚੇਤੇ ਰਹੇ ਕਿ ਨਵਜੋਤ ਸਿੱਧੂ ਨੇ ਡੀਜੀਪੀ ਪੰਜਾਬ ਅਤੇ ਐਡਵੋਕੇਟ ਜਨਰਲ ਨੂੰ ਤਬਦੀਲ ਕਰਨ ਦੀ ਮੰਗ ਰੱਖੀ ਸੀ ਅਤੇ ਇਸੇ ਆਧਾਰ ‘ਤੇ ਉਨ੍ਹਾਂ ਨੇ 28 ਸਤੰਬਰ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।
Check Also
ਸ੍ਰੀ ਅਕਾਲ ਤਖਤ ਸਾਹਿਬ ’ਤੇ ਦੋ ਦਸੰਬਰ ਨੂੰ ਹੋਣ ਵਾਲੀ ਇਕੱਤਰਤਾ ਤੋਂ ਪਹਿਲਾਂ ਬੋਲੇ ਐਡਵੋਕੇਟ ਧਾਮੀ
ਕਿਹਾ : ਫੈਸਲੇ ਤੋਂ ਪਹਿਲਾਂ ਸਿੰਘ ਸਾਹਿਬਾਨਾਂ ਨੂੰ ਨਾ ਦਿੱਤੀਆਂ ਜਾਣ ਨਸੀਹਤਾਂ ਅੰਮਿ੍ਰਤਸਰ/ਬਿਊਰੋ ਨਿਊਜ਼ : …