ਨਵੀਂ ਦਿੱਲੀ/ਬਿਊਰੋ ਨਿਊਜ਼ : ਕੋਰੋਨਾ ਵਾਇਰਸ ਮਹਾਂਮਾਰੀ ਦੇ ਖ਼ਿਲਾਫ਼ ਜੰਗ ਲੜ ਰਹੇ ਲੱਖਾਂ ਸਿਹਤ ਕਰਮੀਆਂ, ਪੈਰਾ ਮੈਡੀਕਲ ਸਟਾਫ਼, ਸਫ਼ਾਈ ਕਰਮੀਆਂ ਅਤੇ ਮੂਹਰਲੀ ਕਤਾਰ ‘ਚ ਕੰਮ ਕਰ ਰਹੇ ਕਰਮਚਾਰੀਆਂ ਦੇ ਸਨਮਾਨ ‘ਚ ਰਾਸ਼ਟਰ ਪੱਧਰੀ ਅਭਿਆਸ ਤਹਿਤ ਭਾਰਤੀ ਹਵਾਈ ਫ਼ੌਜ ਨੇ ਦੇਸ਼ ਭਰ ਦੇ ਹਸਪਤਾਲਾਂ ‘ਤੇ ਫੁੱਲਾਂ ਦੀ ਵਰਖਾ ਕਰ ਕੇ ਫਲਾਈ ਪਾਸਟ ਕੀਤਾ। ਫ਼ੌਜੀ ਜਹਾਜ਼ਾਂ ਦੀਆਂ ਟੀਮਾਂ ‘ਚ ਸ਼ਾਮਿਲ ਸੁਖੋਈ-30 ਐਮ.ਕੇ.ਆਈ., ਮਿਗ-29 ਅਤੇ ਜੈਗੂਆਰ ਨੇ ਦਿੱਲੀ ਦੇ ਕੇਂਦਰ ‘ਚ ਸਥਿਤ ਮੁੱਖ ਮਾਰਗ, ਰਾਜਪੱਥ ਦੇ ਉੱਪਰ ਉਡਾਨ ਭਰੀ ਅਤੇ ਫਿਰ ਸਵੇਰੇ ਕਰੀਬ 11 ਵਜੇ ਤੋਂ ਅਗਲੇ 30 ਮਿੰਟਾਂ ਤੱਕ ਸ਼ਹਿਰ ਦੇ ਉੱਪਰ ਚੱਕਰ ਲਗਾਏ। ਦੱਸਣਯੋਗ ਹੈ ਕਿ ਰਾਸ਼ਟਰੀ ਰਾਜਧਾਨੀ ‘ਚ 200 ਦੇ ਕਰੀਬ ਸਿਹਤ ਕਰਮੀਂ ਕੋਰੋਨਾ ਨਾਲ ਪ੍ਰਭਾਵਿਤ ਹੋਏ ਹਨ।
ਚੀਫ਼ ਆਫ਼ ਡਿਫੈਂਸ ਸਟਾਫ਼ (ਸੀ.ਡੀ.ਐਸ.) ਜਨਰਲ ਬਿਪਿਨ ਰਾਵਤ ਨੇ ਐਲਾਨ ਕੀਤਾ ਸੀ ਕਿ ਤਿੰਨਾਂ ਫ਼ੌਜਾਂ ‘ਕੋਰੋਨਾ ਯੋਧਿਆਂ’ ਦਾ ਧੰਨਵਾਦ ਕਰਨ ਦੇ ਲਈ ਕਈ ਸਰਗਰਮੀਆਂ ਨੂੰ ਅੰਜਾਮ ਦੇਣਗੀਆਂ।
ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਭਰ ‘ਚ ਲਾਗੂ ਲਾਕਡਾਊਨ ਦੇ ਲਈ ਤੈਨਾਤ ਪੁਲਿਸ ਕਰਮੀਆਂ ਨੂੰ ਸਨਮਾਨਿਤ ਕਰਨ ਦੇ ਲਈ ਦਿੱਲੀ ‘ਚ ਰਾਸ਼ਟਰੀ ਪੁਲਿਸ ਸਮਾਰਕ ‘ਚ ਫੁੱਲ ਭੇਟ ਕਰ ਕੇ ਧੰਨਵਾਦ ਸਰਗਰਮੀਆਂ ਸ਼ੁਰੂ ਕੀਤੀਆਂ ਗਈਆਂ। ਉਨ੍ਹਾਂ ਨੇ ਦੱਸਿਆ ਕਿ ਦਿੱਲੀ ਤੋਂ ਇਲਾਵਾ ਭਾਰਤੀ ਹਵਾਈ ਫ਼ੌਜ ਮੁੰਬਈ, ਜੈਪੁਰ, ਅਹਿਮਦਾਬਾਦ, ਗੁਹਾਟੀ, ਪਟਨਾ, ਲਖਨਊ, ਸ੍ਰੀਨਗਰ, ਚੰਡੀਗੜ੍ਹ, ਭੋਪਾਲ, ਹੈਦਰਾਬਾਦ, ਬੈਂਗਲੁਰੂ, ਕੋਇੰਮਬਟੂਰ ਅਤੇ ਤਿਰੂਵਨੰਤਪੁਰਮ ਸਮੇਤ ਕਈ ਹੋਰ ਸ਼ਹਿਰਾਂ ‘ਚ ਵੀ ਫਲਾਈ ਪਾਸਟ ਕੀਤਾ। ਫ਼ੌਜ ਦੇ ਬੈਂਡ ਵੀ ਦੇਸ਼ ਭਰ ‘ਚ ਕੋਰੋਨਾ ਵਾਇਰਸ ਮਰੀਜ਼ਾਂ ਦਾ ਇਲਾਜ ਕਰ ਰਹੇ ਸਿਵਲ ਹਸਪਤਾਲਾਂ ਦੇ ਬਾਹਰ ‘ਦੇਸ਼ ਭਗਤੀ ਦੀ ਧੁਨ’ ਵਜਾ ਰਹੇ ਹਨ। ਪੂਰਬੀ ਅਤੇ ਪੱਛਮੀ ਜਲ ਸੈਨਾ ਕਮਾਨ ਨੇ ਸ਼ਾਮ ਸਾਢੇ 7 ਵਜੇ ਤੋਂ ਮੱਧ ਰਾਤ ਤੱਕ ਇਕ ਬੰਦਰਗਾਹ ‘ਤੇ ਖੜ੍ਹੇ ਕਈ ਜਹਾਜ਼ਾਂ ਨੂੰ ਰੌਸ਼ਨ ਕੀਤਾ।
Check Also
ਦਿੱਲੀ ਵਿਧਾਨ ਸਭਾ ਚੋਣਾਂ : ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਕੀਤੀ ਜਾਰੀ
ਪਹਿਲੀ ਲਿਸਟ ਵਿਚ 11 ਉਮੀਦਵਾਰਾਂ ਦੇ ਨਾਮ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਨੇ ਦਿੱਲੀ …