-19.4 C
Toronto
Friday, January 30, 2026
spot_img
Homeਭਾਰਤਉੱਬਲਣ ਲੱਗਾ ਉੱਤਰੀ ਭਾਰਤ, ਪਾਰਾ 50 ਤੋਂ ਪਾਰ

ਉੱਬਲਣ ਲੱਗਾ ਉੱਤਰੀ ਭਾਰਤ, ਪਾਰਾ 50 ਤੋਂ ਪਾਰ

Garmi copy copyਉੱਤਰੀ ਭਾਰਤ ਦੇ ਸੱਤ ਸੂਬਿਆਂ ਵਿਚ ਅਲਰਟ ਜਾਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਭਿਆਨਕ ਗਰਮੀ ਨਾਲ ਝੁਲਸ ਰਹੇ ਉੱਤਰੀ ਭਾਰਤ ਦੇ ਸੱਤ ਸੂਬਿਆਂ ਲਈ ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕੀਤੀ ਹੈ। ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਜੈਪੁਰ ਦੇ ਫਲੌਦੀ ਵਿਚ 50.5 ਸੈਂਟੀਗਰੇਡ ਦਰਜ ਕੀਤਾ ਗਿਆ। ਗੁਜਰਾਤ ਦੇ ਅਹਿਮਦਾਬਾਦ ਵਿਚ 50, ਹਰਿਆਣਾ ਦੇ ਸਿਰਸਾ ਅਤੇ ਰਾਜਸਥਾਨ ਦੇ ਗੰਗਾਨਗਰ ਵਿਚ 49.5 ਅਤੇ ਚੁਰੂ ਵਿਚ 49.1 ਦਰਜ ਕੀਤਾ ਗਿਆ।
ਰਾਸ਼ਟਰੀ ਰਾਜਧਾਨੀ ਖੇਤਰ (ਐੱਨਸੀਆਰ) ਦੇ ਲੋਕਾਂ ਨੂੰ ਵੀ ਲੂ ਨੇ ਦਿਨ ਭਰ ਝੁਲਸਾਇਆ। ਦਿੱਲੀ ਦੇ ਪਾਲਮ ਤੇ ਉੱਤਰ ਪ੍ਰਦੇਸ਼ ਦੇ ਨੋਇਡਾ ਵਿਚ ਵੱਧ ਤੋਂ ਵੱਧ ਤਾਪਮਾਨ 47 ਡਿਗਰੀ ਸੈਂਟੀਗਰੇਡ ਦਰਜ ਕੀਤਾ ਗਿਆ। ਖਾਸ ਗੱਲ ਇਹ ਰਹੀ ਕਿ ਪਾਲਮ ਵਿਚ ਵੱਧ ਤੋਂ ਵੱਧ ਤਾਪਮਾਨ ਦੋ ਘੰਟੇ ਤਕ ਇਕੋ ਜਿਹਾ ਟਿਕਿਆ ਰਿਹਾ। ਆਮ ਤੌਰ ‘ਤੇ ਵੱਧ ਤੋਂ ਵੱਧ ਪੱਧਰ ਤੱਕ ਜਾਣ ਦੇ ਕੁਝ ਦੇਰ ਬਾਅਦ ਤਾਪਮਾਨ ਡਿੱਗਣਾ ਸ਼ੁਰੂ ਹੋ ਜਾਂਦਾ ਹੈ। ਦਿੱਲੀ ਵਿਚ ਵੱਧ ਤੋਂ ਵੱਧ ਤਾਪਮਾਨ ਦਾ ਰਿਕਾਰਡ 47.2 ਡਿਗਰੀ ਦਾ ਹੈ, ਜੋ 1994 ਵਿਚ ਬਣਿਆ ਸੀ। ਇਸ ਦੇ ਟੁੱਟਣ ਦੀ ਸੰਭਾਵਨਾ ਪੈਦਾ ਹੋ ਗਈ ਹੈ। ਐੱਨਸੀਆਰ ਖੇਤਰ ਲਈ ਮੌਸਮ ਵਿਭਾਗ ਨੇ ਆਰੇਂਜ ਅਲਰਟ ਜਾਰੀ ਕੀਤਾ ਹੈ।
ਵਿਭਾਗ ਅਨੁਸਾਰ ਅਗਲੇ ਤਿੰਨ ਦਿਨਾਂ ਵਿਚ ਲੂ ਆਪਣਾ ਭਿਆਨਕ ਰੂਪ ਦਿਖਾਏਗੀ। ਲੋਕਾਂ ਨੂੰ ਵਿਸ਼ੇਸ਼ ਤੌਰ ‘ਤੇ ਚੌਕਸ ਰਹਿਣਾ ਹੋਵੇਗਾ। ਜਿਨ੍ਹਾਂ ਸੂਬਿਆਂ ਲਈ ਅਲਰਟ ਜਾਰੀ ਕੀਤਾ ਗਿਆ ਹੈ, ਉਨ੍ਹਾਂ ਵਿਚ ਰਾਜਸਥਾਨ, ਹਰਿਆਣਾ, ਦਿੱਲੀ, ਗੁਜਰਾਤ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ਸ਼ਾਮਲ ਹਨ। ਰਾਜਸਥਾਨ ਦਾ ਪੂਰਬੀ ਅਤੇ ਪੱਛਮੀ ਖੇਤਰ, ਪੱਛਮੀ ਅਤੇ ਪੂਰਬੀ ਉੱਤਰ ਪ੍ਰਦੇਸ਼, ਮਹਾਰਾਸ਼ਟਰ ਦਾ ਵਿਦਰਭ ਤੇ ਮੱਧ ਪ੍ਰਦੇਸ਼ ਦਾ ਪੂਰਬੀ ਇਲਾਕਾ ਪ੍ਰਚੰਡ ਲੂ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਪਹਿਲਾਂ ਹੀ ਭਵਿੱਖਬਾਣੀ ਜਾਰੀ ਕਰ ਚੁੱਕਾ ਹੈ ਕਿ ਮਾਨਸੂਨ ਛੇ ਦਿਨ ਅੱਗੇ ਖਿਸਕ ਗਿਆ ਹੈ। ਗਰਮੀ ਤੋਂ ਇਸ ਮਹੀਨੇ ਦੇ ਅੰਤ ਵਿਚ ਕੁਝ ਰਾਹਤ ਮਿਲਣ ਦੀ ਸੰਭਾਵਨਾ ਹੈ।

RELATED ARTICLES
POPULAR POSTS