ਬਰੈਂਪਟਨ/ਡਾ. ਝੰਡ : ਸੀ.ਐੱਨ. ਟਾਵਰ ਦੀਆਂ 1776 ਪੌੜੀਆ ਚੜ੍ਹਨ ਦਾ ਈਵੈਂਟ ਸਾਲੋ-ਸਾਲ ਹੋਰ ਵੀ ਮਹੱਤਵਪੂਰਨ ਹੁੰਦਾ ਜਾ ਰਿਹਾ ਹੈ। ਡਬਲਿਊ. ਡਬਲਿਊ. ਐੱਫ਼. ਵੱਲੋਂ ਕਰਵਾਏ ਜਾਂਦੇ ਇਸ ਦਿਲਚਸਪ ਈਵੈਂਟ ਵਿਚ ਲੋਕ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਬੜੇ ਹੀ ਜੋਸ਼ ਤੇ ਉਤਸ਼ਾਹ ਨਾਲ ਭਾਗ ਲੈਂਦੇ ਹਨ। ਆਮ ਫ਼ਿੱਟਨੈੱਸ ਵਾਲਾ ਵਿਅੱਕਤੀ ਇਸ ਉੱਪਰ ਚੜ੍ਹਨ ਲਈ 35-40 ਮਿੰਟ ਲਗਾਉਂਦਾ ਹੈ, ਜਦ ਕਿ ਤੇਜ਼-ਤਰਾਰ ਚੜ੍ਹਨ ਵਾਲੇ ਇਸ ਤੋਂ ਘੱਟ ਸਮੇਂ 15-20 ਮਿੰਟਾਂ ਵਿਚ ਵੀ ਇਹ ਪੌੜੀਆਂ ਚੜ੍ਹ ਜਾਂਦੇ ਹਨ। ਵੈਸੇ, ਇਸ ਟਾਵਰ ਉੱਪਰ ਜਾਣ ਵਾਲੇ ਸੱਭ ਤੋਂ ਤੇਜ਼ ਕਲਾਈਂਬਰ ਦਾ ਰਿਕਾਰਡ 7 ਮਿੰਟ 52 ਸਕਿੰਟ ਦਾ ਹੈ।
ਇਸ ਵਾਰ ਇਹ ਈਵੈਂਟ 13 ਅਪ੍ਰੈਲ ਦਿਨ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ ਹੈ ਅਤੇ ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ (ਟੀ.ਪੀ.ਏ.ਆਰ. ਕਲੱਬ) ਦੇ 100 ਤੋਂ ਵਧੀਕ ਮੈਂਬਰਾਂ ਦੇ ਇਸ ਵਿਚ ਭਾਗ ਲੈਣ ਦੀ ਉਮੀਦ ਹੈ ਅਤੇ ਉਹ ਹੁਣ ਤੋਂ ਹੀ ਇਸ ਈਵੈਂਟ ਦੀ ਤਿਆਰੀ ਵਿਚ ਰੁੱਝ ਗਏ ਹਨ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਹੋਇਆਂ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਨੇ ਦੱਸਿਆ ਕਿ ਉਹ ਇਸ ਈਵੈਂਟ ਵਿਚ ਆਪਣੀ ਕਲੱਬ ਦੀ ਸ਼ਮੂਲੀਅਤ ਨੂੰ ਅੰਮ੍ਰਿਤਸਰ ਦੇ ਜੱਲਿਆਂਵਾਲੇ ਬਾਗ਼ ਦੇ ਖ਼ੂਨੀ ਸਾਕੇ ਦੀ 100’ਵੀਂ ਵਰ੍ਹੇ-ਗੰਢ ਨੂੰ ਸਮੱਰਪਿਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਦੇ ਲਈ ਰਜਿਸਟ੍ਰੇਸ਼ਨ ਹੁਣ ਤੋਂ ਹੀ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜੋ ਬਾਅਦ ਵਿਚ ਕੋਈ ਮੁਸ਼ਕਲ ਪੇਸ਼ ਨਾ ਆਵੇ। ਇਸ ਈਵੈਂਟ ਵਿਚ ਹਿੱਸਾ ਲੈਣ ਦੇ ਚਾਹਵਾਨ ਉਨ੍ਹਾਂ ਨੂੰ 416-275-9337, ਡਾ. ਜੈਪਾਲ ਸਿੱਧੂ ਨੂੰ 416-837-1562, ਰਾਕੇਸ਼.ਸ਼ਰਮਾ ਨੂੰ 415-918-6858 ਜਾਂ ਜਸਵੀਰ ਪਾਸੀ ਨੂੰ 416-843-5330 ‘ਤੇ ਸੰਪਰਕ ਕਰ ਸਕਦੇ ਹਨ। ਸੰਧੂਰਾ ਬਰਾੜ ਨੇ ਦੱਸਿਆ ਕਿ ਉਸ ਦਿਨ ਇਸ ਈਵੈਂਟ ਵਿਚ ਭਾਗ ਲੈ ਕੇ ਉਨ੍ਹਾਂ ਦੀ ਕਲੱਬ ਦੇ ਮੈਂਬਰ ਉਸ ਦਿਨ ਜੱਲ੍ਹਿਆਂਵਾਲੇ ਬਾਗ਼ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਨਗੇ। ਪਾਠਕਾਂ ਨੂੰ ਭਲੀ-ਭਾਂਤ ਯਾਦ ਹੋਵੇਗਾ ਕਿ 13 ਅਪ੍ਰੈਲ 1919 ਨੂੰ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਦੇ ਇਤਿਹਾਸਕ ਜੱਲਿਆਂਵਾਲੇ ਬਾਗ਼ ਵਿਚ ਇਕੱਠੇ ਹੋਏ ਹਿੰਦੂ, ਸਿੱਖ ਤੇ ਮੁਸਲਮਾਨਾਂ ਦੇ ਸਾਂਝੇ ਇਕੱਠ ਉੱਪਰ ਮਾਈਕਲ ਓਡਵਾਇਰ ਵੱਲੋਂ ਦਿੱਤੇ ਗਏ ਹੁਕਮ ‘ਤੇ ਜਨਰਲ ਡਾਇਰ ਨੇ ਗੋਲੀਆਂ ਚਲਾ ਕੇ 400 ਦੇ ਕਰੀਬ ਨਿਹੱਥੇ ਵਿਅੱਕਤੀਆਂ ਨੂੰ ਸ਼ਹੀਦ ਅਤੇ ਹਜ਼ਾਰਾਂ ਹੋਰਨਾਂ ਨੂੰ ਜ਼ਖ਼ਮੀ ਕਰ ਦਿੱਤਾ ਸੀ। ਫਿਰ ਇਸ ਖ਼ੂਨੀ ਕਾਂਡ ਦਾ ਬਦਲਾ ਕੌਮ ਦੇ ਮਹਾਨ ਸ਼ਹੀਦ ਊਧਮ ਸਿੰਘ ਉਰਫ਼ ਰਾਮ ਮੁਹੰਮਦ ਸਿੰਘ ਆਜ਼ਾਦ ਨੇ 21 ਸਾਲਾਂ ਬਾਅਦ ਜੂਨ 1940 ਵਿਚ ਲੰਡਨ ਜਾ ਕੇ ਲਿਆ ਸੀ।
Home / ਕੈਨੇਡਾ / ਸੀ.ਐੱਨ. ਟਾਵਰ ਦੀਆਂ ਪੌੜੀਆਂ ਚੜ੍ਹਨ ਦੇ ਈਵੈਂਟ ਨੂੰ ਟੀ.ਪੀ.ਏ.ਆਰ. ਕਲੱਬ ਕਰੇਗੀ ਜੱਲ੍ਹਿਆਂਵਾਲੇ ਬਾਗ਼ ਦੇ ਖ਼ੂਨੀ ਸਾਕੇ ਨੂੰ ਸਮਰਪਿਤ
Check Also
‘ਦਿਸ਼ਾ’ ਵੱਲੋਂ ਆਯੋਜਿਤ ਸਮਾਗਮ ਵਿਚ ਬਲਜੀਤ ਰੰਧਾਵਾ ਦੀ ਪਲੇਠੀ ਪੁਸਤਕ ‘ਲੇਖ ਨਹੀਂ ਜਾਣੇ ਨਾਲ’ ਬਾਰੇ ਕੀਤੀ ਗਈ ਗੋਸ਼ਟੀ
ਡਾ. ਕੁਲਦੀਪ ਕੌਰ ਪਾਹਵਾ, ਡਾ. ਸੁਖਦੇਵ ਸਿੰਘ ਝੰਡ ‘ਤੇ ਸੁਰਜੀਤ ਕੌਰ ਵੱਲੋਂ ਪੁਸਤਕ ਉੱਪਰ ਪੇਪਰ …