Breaking News
Home / ਭਾਰਤ / 1984 ਕਤਲੇਆਮ

1984 ਕਤਲੇਆਮ

650 ਤੋਂ ਜ਼ਿਆਦਾ ਕੇਸ ਦਰਜ, 268 ਮਾਮਲਿਆਂ ਦੀਆਂ ਫਾਈਲਾਂ ਗੁੰਮ, 241 ਕੇਸ ਬੰਦ ਹੀ ਕਰ ਦਿੱਤੇ ਗਏ
30 ਹਜ਼ਾਰ ਸਿੱਖ ਪਰਿਵਾਰ ਹਿਜ਼ਰਤ ਕਰਕੇ ਆਏ ਸਨ ਪੰਜਾਬ
ਅੰਮ੍ਰਿਤਸਰ : ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ ਸਮੇਤ ਦੇਸ਼ ਭਰ ਵਿਚ ਸਿੱਖ ਵਿਰੋਧੀ ਕਤਲੇਆਮ ਤੋਂ ਬਚਣ ਲਈ 30 ਹਜ਼ਾਰ ਸਿੱਖ ਪਰਿਵਾਰ ਹਿਜ਼ਰਤ ਕਰਕੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਪਹੁੰਚੇ ਸਨ। ਇਹ ਉਹ ਵਿਅਕਤੀਆਂ ਹਨ, ਜੋ ਨੌਕਰੀ, ਕਾਰੋਬਾਰ ਅਤੇ ਖੇਤੀ ਆਦਿ ਦੇ ਜ਼ਰੀਏ ਵੱਖ-ਵੱਖ ਸੂਬਿਆਂ ਅਤੇ ਸ਼ਹਿਰਾਂ ਵਿਚ ਰਹਿ ਰਹੇ ਸਨ। ਕਤਲੇਆਮ ਦੌਰਾਨ ਦਿੱਲੀ, ਹਿਮਾਚਲ ਪ੍ਰਦੇਸ਼, ਹਰਿਆਣਾ, ਰਾਜਸਥਾਨ, ਐਮ.ਪੀ. ਅਤੇ ਯੂ.ਪੀ., ਰੁੜਕੇਲਾ ਅਤੇ ਦੇਸ਼ ਦੇ ਹੋਰ ਸ਼ਹਿਰਾਂ ਵਿਚ ਦਿਨ ਦਿਹਾੜੇ 15 ਹਜ਼ਾਰ ਸਿੱਖਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਹਿੰਸਾ ਦੀ ਇਸ ਅੱਗ ਨਾਲ 8 ਹਜ਼ਾਰ ਤੋਂ ਵੀ ਜ਼ਿਆਦਾ ਪਰਿਵਾਰ ਪ੍ਰਭਾਵਿਤ ਹੋਏ ਸਨ।
ਸਿੱਖ ਕਤਲੇਆਮ ਪੀੜਤ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਹਲਾਤ ਇੰਨੇ ਬੁਰੇ ਸਨ਀ਿ ਕ ਲੋਕਾਂ ਨੂੰ ਘਰਾਂ ਵਿਚੋਂ ਧੂਹ-ਧੂਹ ਮਾਰਿਆ ਜਾ ਰਿਹਾ ਸੀ। ਉਨ੍ਹਾਂ ਦੀਆਂ ਸੰਪਤੀਆਂ-ਘਰ ਸਾੜੇ ਅਤੇ ਲੁੱਟੇ ਜਾ ਰਹੇ ਸਨ। ਲੋਕਾਂ ਨੇ ਜਾਨ ਬਚਾਉਣ ਲਈ ਭੀੜ ਦੇ ਸਾਹਮਣੇ ਮਿੰਨਤਾਂ ਕੀਤੀਆਂ, ਪਰ ਉਨ੍ਹਾਂ ‘ਤੇ ਕੋਈ ਅਸਰ ਨਹੀਂ ਹੋਇਆ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਭਿਆਨਕ ਤ੍ਰਾਸਦੀ 1947 ਵਿਚ ਹੋਏ ਦੇਸ਼ ਦੇ ਬਟਵਾਰੇ ਦੀ ਕਤਲੋਗਾਰਦ ਤੋਂ ਘੱਟ ਨਹੀਂ ਸੀ। ਪ੍ਰਧਾਨ ਦੀ ਮੰਨੀਏ ਤਾਂ ਜਾਨ ਬਚਾਉਣ ਲਈ ਉਸ ਦੌਰਾਨ 3 ਹਜ਼ਾਰ ਤੋਂ ਜ਼ਿਆਦਾ ਪਰਿਵਾਰ ਪੰਜਾਬ ਵਿਚ ਦਾਖਲ ਹੋਏ ਸਨ। ਰਿਸ਼ਤੇਦਾਰਾਂ, ਦੋਸਤਾਂ ਤੋਂ ਇਲਾਵਾ ਲੋਕਾਂ ਨੇ ਸਾਲਾਂ ਤੱਕ ਦਾ ਵਕਤ ਸੜਕ ‘ਤੇ ਗੁਜ਼ਾਰਿਆ। ਜਾਂਚ ਪ੍ਰਕਿਰਿਆ ‘ਤੇ ਸਵਾਲ ਚੁੱਕਦੇ ਹੋਏ ਉਨ੍ਹਾਂ ਕਾਂਗਰਸ ‘ਤੇ ਆਰੋਪ ਲਗਾਇਆ ਹੈ ਕਿ ਉਸ ਨੇ ਦੋਸ਼ੀਆਂ ਨੂੰ ਖੁੱਲ੍ਹ ਕੇ ਬਚਾਇਆ। ਉਸਦਾ ਕਹਿਣਾ ਹੈ ਦਿੱਲੀ ਕਤਲੇਆਮ ਨੂੰ ਲੈ ਕੇ 650 ਤੋਂ ਜ਼ਿਆਦਾ ਕੇਸ ਦਰਜ। ਇਨ੍ਹਾਂ ਵਿਚੋਂ 268 ਮਾਮਲਿਆਂ ਦੀਆਂ ਫਾਈਲਾਂ ਗੁੰਮ ਕਰ ਦਿੱਤੀਆਂ ਗਈਆਂ, ਜਦਕਿ 241 ਕੇਸਾਂ ਨੂੰ ਹੀ ਬੰਦ ਕਰ ਦਿੱਤਾ ਗਿਆ। ਉਸਦਾ ਕਹਿਣਾ ਹੈ ਕਿ ਸਿੱਖ ਵਿਰੋਧੀ ਕਤਲੇਆਮ ਦੀ ਜਾਂਚ ਲਈ ਹੁਣ ਤੱਕ ਗਠਿਤ 3 ਆਯੋਗ, 7 ਕਮਿਸ਼ਨ ਅਤੇ 2 ਐਸਆਈਟੀ ਟੀਮਾਂ ਵੀ ਅਜਿਹਾ ਨਹੀਂ ਕਰ ਸਕੀਆਂ ਕਿ ਕਿਸੇ ਦੋਸ਼ੀ ਨੂੰ ਸਲਾਖਾਂ ਦੇ ਪਿੱਛੇ ਕੁਝ ਦਿਨ ਤੱਕ ਰੱਖਿਆ ਜਾ ਸਕੇ। ਹੁਣ ਤੱਕ ਸਿਰਫ 60 ਕੇਸ ਫਿਰ ਤੋਂ ਖੋਲ੍ਹੇ ਗਏ। ਉਸਦਾ ਕਹਿਣਾ ਹੈ ਕਿ ਹਾਲਾਤ ਸੁਧਰਨ ਤੋਂ ਬਾਅਦ ਕਾਫੀ ਵਿਅਕਤੀ ਆਪਣੇ-ਆਪਣੇ ਸ਼ਹਿਰਾਂ ਨੂੰ ਚਲੇ ਗਏ, ਪਰ 16 ਹਜ਼ਾਰ ਪਰਿਵਾਰਾਂ ਦਾ ਏਨਾ ਨੂਕਸਾਨ ਹੋਇਆ ਕਿ ਉਹ ਵਾਪਸ ਨਹੀਂ ਜਾ ਸਕੇ।
ਪੀੜਤਾ ਦਾ ਦਰਦ੩੩… 34 ਸਾਲ ਤੋਂ ਇਕੱਲੇ ਜ਼ਿੰਦਗੀ ਕੱਟ ਰਹੀ ਜੋਗਿੰਦਰ ਕੌਰ ਕਹਿੰਦੀ ਹੈ-
ਲੱਤ ਟੁੱਟਣ ਕਰਕੇ ਉਠ-ਬੈਠ ਨਹੀਂ ਸਕਦੀ, ਕੋਈ ਦੇ ਗਿਆ ਤਾਂ ਖਾ ਲੈਂਦੀ ਹਾਂ; ਨਹੀਂ ਤਾਂ ਭੁੱਖੀ ਹੀ ਸੌਂ ਜਾਂਦੀ ਹਾਂ
90 ਸਾਲਾ ਜੋਗਿੰਦਰ ਕੌਰ ਦੱਸਦੀ ਹੈ ਕਿ 34 ਸਾਲ ਉਨ੍ਹਾਂ ਨੇ ਦੋ ਕਮਰਿਆਂ ਵਿਚ ਇਕੱਲਿਆਂ ਗੁਜ਼ਾਰੇ ਹਨ। ਹੱਥ ਕੰਬਦੇ ਹਨ। ਤੁਰਦੇ-ਤੁਰਦੇ ਡਿੱਗ ਗਈ ਤਾਂ ਬਾਂਹ ‘ਤੇ ਸੱਟ ਲੱਗ ਅਤੇ ਖੱਬੀ ਲੱਤ ਦੀ ਹੱਡੀ ਗੋਡੇ ਨੇੜਿਓਂ ਟੁੱਟ ਗਈ। ਚਾਰ ਮਹੀਨਿਆਂ ਤੋਂ ਵ੍ਹੀਲ ਚੇਅਰ ‘ਤੇ ਹੀ ਹਾਂ। ਤੁਰ-ਫਿਰ ਨਹੀਂ ਸਕਦੀ। ਕੋਈ ਖਾਣਾ ਦੇ ਗਿਆ ਤਾਂ ਖਾ ਲੈਂਦੀ ਹਾਂ, ਨਹੀਂ ਤਾਂ ਭੁੱਖਿਆਂ ਹੀ ਸੌਣਾ ਪੈਂਦਾ ਹੈ। ਬੇਟੀਆਂ ਦੀ ਸ਼ਾਦੀ ਹੋ ਚੁੱਕੀ ਹੈ, ਪਰ ਪਰਿਵਾਰ ਨੂੰ ਛੱਡ ਕੇ ਉਨ੍ਹਾਂ ਦੇ ਕੋਲ ਆਉਣਾ ਜਾਣਾ ਅਸਾਨ ਨਹੀਂ। ਕਤਲੇਆਮ ਸਿਰਫ ਦਿੱਲੀ ਨਹੀਂ, ਕਾਨਪੁਰ ਤੱਕ ਪਹੁੰਚ ਚੁੱਕਿਆ ਸੀ। ਉਨ੍ਹਾਂ ਦੇ ਪਤੀ ਠਾਕੁਰ ਸਿੰਘ ਯੂਪੀ ਚੁਰਕ ਵਿਚ ਸੀਮੈਂਟ ਦੀ ਫੈਕਟਰੀ ਵਿਚ ਕੰਮ ਕਰਦੇ ਸਨ। ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਡਿਊਟੀ ‘ਤੇ ਗਏ ਸਨ। ਉਸਤੋਂ ਬਾਅਦ ਕਦੀ ਨਹੀਂ ਵਾਪਸ ਪਰਤੇ। ਦਰਦ ਇੱਥੇ ਹੀ ਨਹੀਂ ਰੁਕਿਆ, ਕਾਨਪੁਰ ਪੜ੍ਹਨ ਗਏ ਬੇਟੇ ਦੀ ਵੀ ਖਬਰ ਨਹੀਂ ਆਈ। ਉਨ੍ਹਾਂ ਨੂੰ ਅੱਜ ਪਤਾ ਨਹੀਂ ਸੀ ਕਿ ਪਤੀ ਅਤੇ ਬੇਟੇ ਨਾਲ ਕੀ-ਕੀ ਹੋਇਆ। ਉਨ੍ਹਾਂ ਦੀ ਆਖਰੀ ਨਿਸ਼ਾਨੀ ਤੱਕ ਦੇਖਣ ਨੂੰ ਨਹੀਂ ਮਿਲੀ। ਬਸ ਖਬਰਾਂ ਮਿਲੀਆਂ ਸਨ ਕਿ ਕਤਲੇਆਮ ਹੋ ਗਿਆ ਅਤੇ ਜਿੱਥੇ ਵੀ ਸਿੱਖ ਦਿਸੇ, ਉਨ੍ਹਾਂ ਨੂੰ ਮਾਰ ਦਿੱਤਾ ਗਿਆ। ਉਨ੍ਹਾਂ ਦਾ 34 ਸਾਲ ਦਾ ਦਰਦ ਨਾ ਸੱਜਣ ਕੁਮਾਰ ਸਮਝ ਸਕਦਾ ਹੈ ਨਾ ਹੀ ਕੋਈ ਸਰਕਾਰ। ਇਕ ਵਾਰ ਦੋ ਲੱਖ ਰੁਪਏ ਉਨ੍ਹਾਂ ਨੂੰ ਦਿੱਤੇ ਗਏ ਸਨ। ਉਸ ਤੋਂ ਬਾਅਦ ਕਿਸੇ ਵੀ ਉਨ੍ਹਾਂ ਦੀ ਸਾਰ ਨਹੀਂ ਲਈ।
ਸੁਪਰੀਮ ਕੋਰਟ ਜਾਵਾਂਗੀ ਤੇ ਦੋਸ਼ੀਆਂ ਨੂੰ ਫਾਂਸੀ ਦਿਵਾ ਕੇ ਰਹਾਂਗੀ : ਬੀਬੀ ਜਗਦੀਸ਼ ਕੌਰ
ਅੰਮ੍ਰਿਤਸਰ : 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਮਾਮਲੇ ਵਿਚ ਦਿੱਲੀ ਹਾਈਕੋਰਟ ਵਲੋਂ ਕਾਂਗਰਸੀ ਆਗੂ ਅਤੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਨੂੰ, ਮਾਮਲੇ ਦੀ ਪੈਰਵੀ ਕਰਨ ਵਾਲੀ ਬੀਬੀ ਜਗਦੀਸ਼ ਕੌਰ ਨੇ ਨਾਕਾਫੀ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਇਨ੍ਹਾਂ ਵਿਅਕਤੀਆਂ ਨੇ ਉਹ ਅਪਰਾਧ ਕੀਤਾ ਹੈ, ਜਿਸਦੀ ਸਜ਼ਾ ਫਾਂਸੀ ਤੋਂ ਘੱਟ ਹੁੰਦੀ ਹੀ ਨਹੀਂ ਅਤੇ ਇਸ ਲਈ ਉਹ ਸੁਪਰੀਮ ਕੋਰਟ ਤੱਕ ਪਹੁੰਚ ਕਰੇਗੀ। ਬੀਬੀ ਜਗਦੀਸ਼ ਕੌਰ ਨੇ ਦੱਸਿਆ ਕਿ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਪੈਦਾ ਹੋਏ ਫਸਾਦ ਨੂੰ ਹਿੰਸਕ ਰੂਪ ਦੇਣ ਵਿਚ ਜਗਦੀਸ਼ ਟਾਈਟਲਰ, ਸੱਜਣ ਕੁਮਾਰ, ਕਮਲ ਨਾਥ ਆਦਿ ਜਿਹੇ ਵੱਡੇ ਕਾਂਗਰਸੀ ਨੇਤਾਵਾਂ ਦਾ ਹੱਥ ਸੀ। ਇਨ੍ਹਾਂ ਵਿਅਕਤੀਆਂ ਨੇ ਭੀੜ ਨੂੰ ਮੌਕੇ ‘ਤੇ ਖੜ੍ਹੇ ਹੋ ਕੇ ਭੜਕਾਇਆ ਅਤੇ ਸਿੱਖਾਂ ਨੂੰ ਟਾਇਰਾਂ ਅਤੇ ਮਿੱਟੀ ਦਾ ਤੇਲ ਤੇ ਡੀਜ਼ਲ-ਪੈਟਰੋਲ ਨਾਲ ਬੇਰਹਿਮੀ ਨਾਲ ਜਿੰਦਾ ਹੀ ਜਲਾ ਦਿੱਤਾ ਗਿਆ। ਉਨ੍ਹਾਂ ਦੀਆਂ ਸੰਪਤੀਆਂ ਲੁੱਟ ਲਈਆਂ ਗਈਆਂ ਅਤੇ ਘਰਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ।ਉਨ੍ਹਾਂ ਦਾ ਕਹਿਣਾ ਸੀ ਕਿ ਦਿੱਲੀ ਵਿਚ ਰਹਿੰਦੇ ਹੋਏ ਉਨ੍ਹਾਂ ਨੇ ਆਪਣੇ ਪਤੀ, ਬੇਟੇ ਅਤੇ ਤਿੰਨ ਭਰਾਵਾਂ ਨੂੰ ਅੱਖਾਂ ਦੇ ਸਾਹਮਣੇ ਸੜਦੇ ਦੇਖਿਆ। ਕਿਸ ਤਰੀਕੇ ਨਾਲ ਉਹ ਜ਼ਿੰਦਗੀ ਦੀ ਭੀਖ ਮੰਗਦੇ ਰਹੇ ਅਤੇ ਹਮਲਾਵਰਾਂ ਨੂੰ ਜ਼ਰਾ ਵੀ ਤਰਸ ਨਹੀਂ ਆਇਆ। ਉਨ੍ਹਾਂ ਕਿਹਾ ਕਿ ਉਹ ਨਹੀਂ ਬਲਕਿ ਜੋ ਵੀ ਪਰਿਵਾਰ ਉਸ ਦੌਰ ਤੋਂ ਲੰਘਿਆ ਹੈ, ਅੱਜ ਤੱਕ ਉਸ ਭਿਆਨਕ ਮੰਜ਼ਰ ਨੂੰ ਨਹੀਂ ਭੁੱਲ ਸਕਿਆ। ਪਰ ਇਸਦੇ ਉਲਟ ਕਾਂਗਰਸ ਸਰਕਾਰ ਅਤੇ ਉਸਦੇ ਹੁਕਮਰਾਨ ਦੋਸ਼ੀਆਂ ਨੂੰ ਬਚਾਉਣ ਵਿਚ ਲੱਗੇ ਰਹੇ। ਮੁੱਖ ਗਵਾਹ ਦਾ ਕਹਿਣਾ ਹੈ ਕਿ ਅਦਾਲਤ ਦੇ ਇਸ ਫੈਸਲੇ ਨਾਲ ਪੀੜਤ ਪਰਿਵਾਰਾਂ ਨੂੰ ਕੁਝ ਹੱਦ ਤੱਕ ਰਾਹਤ ਮਿਲੀ ਹੈ ਅਤੇ ਇਸ ਨਾਲ ਨਿਆਂਪਾਲਿਕਾ ‘ਤੇ ਭਰੋਸਾ ਪੱਕਾ ਹੋਇਆ ਹੈ। ਇਸ ਫੈਸਲੇ ਨਾਲ ਦੋਸ਼ੀਆਂ ਨੂੰ ਸਬਕ ਮਿਲੇਗਾ ਕਿ ਉਹ ਕਿੰਨਾ ਵੀ ਅਸਰ ਰਸੂਖ ਵਾਲਾ ਹੈ, ਕਾਨੂੰਨ ਉਸ ਨੂੰ ਸਜ਼ਾ ਦੇ ਸਕਦਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਦੋਸ਼ੀਆਂ ਨੂੰ ਫਾਂਸੀ ਦਿਵਾਏ ਜਾਣ ਤੱਕ ਲੜਾਈ ਜਾਰੀ ਰਹੇਗੀ ਅਤੇ ਇਸ ਲਈ ਉਹ ਸੁਪਰੀਮ ਕੋਰਟ ਤੱਕ ਪਹੁੰਚ ਕਰੇਗੀ।
ਫੈਸਲੇ ਤੋਂ ਬਾਅਦ ਰਾਜਨੀਤਕ ਸਰਗਰਮੀਆਂ
ਸਿੱਖ ਜਿਸ ਨੂੰ ਦੋਸ਼ੀ ਮੰਨਦੇ ਹਨ, ਉਸੇ ਨੂੰ ਮੁੱਖ ਮੰਤਰੀ ਬਣਾ ਰਹੀ ਕਾਂਗਰਸ : ਅਰੁਣ ਜੇਤਲੀ
ਵਿੱਤ ਮੰਤਰੀ ਅਰੁਣ ਜੇਤਲੀ ਨੇ ਅਦਾਲਤ ਦੇ ਫੈਸਲੇ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਮਲੇ ‘ਚ ਫੈਸਲਾ ਦੇਰ ਨਾਲ ਆਇਆ, ਪਰ ਨਿਆਂ ਮਿਲਣਾ ਸ਼ੁਰੂ ਹੋ ਗਿਆ ਹੈ ਅਤੇ ਇਹ ਵੱਡੀ ਗੱਲ ਹੈ। ਇਹ ਅਜ਼ਾਦੀ ਤੋਂ ਬਾਅਦ ਸਭ ਤੋਂ ਵੱਡਾ ਕਤਲੇਆਮ ਸੀ। ਜੇਤਲੀ ਨੇ ਗੱਲਾਂ-ਗੱਲਾਂ ਵਿਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਨੂੰ ਘੇਰਦੇ ਹੋਏ ਕਿਹਾ, ਇਹ ਵਿਡੰਬਨਾ ਹੈ ਕਿ ਇਹ ਫੈਸਲਾ ਆਇਆ ਉਸ ਦਿਨ ਹੈ, ਜਦ ਸਿੱਖ ਸਮਾਜ ਜਿਸ ਦੂਜੇ ਨੇਤਾ ਦੋਸ਼ੀ ਮੰਨਦਾ ਹੈ, ਕਾਂਗਰਸ ਉਸ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਾ ਰਹੀ ਸੀ।
ਸਿੱਬਲ ਬੋਲੇ – ਕਮਲਨਾਥ ਦੇ ਖਿਲਾਫ ਐਫਆਈਆਰ ਨਹੀਂ
ਅਰੁਣ ਜੇਤਲੀ ਦੇ ਬਿਆਨ ਦੇ ਥੋੜ੍ਹੀ ਦੇਰ ਬਾਅਦ ਕਪਿਲ ਸਿੱਬਲ ਨੇ ਪਾਰਟੀ ਦਾ ਬਚਾਅ ਕਰਦੇ ਹੋਏ ਭਾਜਪਾ ‘ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ, ਕਮਲਨਾਥ ‘ਤੇ ਕੋਈ ਐਫਆਈਆਰ ਦਰਜ ਨਹੀਂ ਹੋਈ ਹੈ। ਕਮਲਨਾਥ ਦੇ ਸੀਐਮ ਚੁਣੇ ਜਾਣ ਦੇ ਸਵਾਲ ‘ਤੇ ਸਿੱਬਲ ਨੇ ਕਿਹਾ ਕਿ ਭਾਜਪਾ ਇਸ ਮਾਮਲੇ ਨੂੰ ਰਾਜਨੀਤਕ ਰੰਗ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਪੂਰੇ ਮਾਮਲੇ ਨੂੰ ਰਾਜਨੀਤਕ ਰੰਗ ਨਹੀਂ ਦੇਣਾ ਚਾਹੀਦਾ। ਸੱਜਣ ਕੁਮਾਰ ਹੁਣ ਕਿਸੇ ਅਹੁਦੇ ‘ਤੇ ਨਹੀਂ ਹੈ।
ਯੂਪੀਏ ਸਰਕਾਰ ਨੇ ਮਾਮਲੇ ਨੂੰ ਲਟਕਾ ਕੇ ਰੱਖਿਆ : ਸ਼ਵੇਤ
ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਕਿ ਕੇਂਦਰ ਦੀ ਯੂਪੀਏ ਸਰਕਾਰ ਨੇ ਕਮੇਟੀ ਬਣਾ ਕੇ ਮਾਮਲੇ ਨੂੰ ਲਟਕਾ ਕੇ ਰੱਖਿਆ ਸੀ, ਪਰ ਮੋਦੀ ਸਰਕਾਰ ਨੇ ਜਾਂਚ ਦੁਬਾਰਾ ਸ਼ੁਰੂ ਕਰਕੇ ਦੋਸ਼ੀਆਂ ਨੂੰ ਅਦਾਲਤ ਵਿਚ ਲਿਆਂਦਾ।
ਸੋਨੀਆ ਗਾਂਧੀ ਦਾ ਨਾਰਕੋ ਟੈਸਟ ਹੋਵੇ : ਹਰਸਿਮਰਤ ਬਾਦਲ
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਹੁਣ ਸੋਨੀਆ ਗਾਂਧੀ ਦਾ ਨਾਰਕੋ ਟੈਸਟ ਕਰਵਾਉਣਾ ਚਾਹੀਦਾ ਹੈ ਅਤੇ 1984 ਕਤਲੇਆਮ ਕੇਸ ਵਿਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਸਹਿਯੋਗੀ ਦੇ ਤੌਰ ‘ਤੇ ਉਸਦੀ ਭੂਮਿਕਾ ਦੇ ਬਾਰੇ ਵਿਚ ਪੁੱਛਗਿੱਛ ਹੋਣੀ ਚਾਹੀਦੀ ਹੈ।
ਹੁਣ ਕਮਲਨਾਥ ਦੀ ਵਾਰੀ : ਫੂਲਕਾ
ਨਵੀਂ ਦਿੱਲੀ : ਸਿੱਖ ਕਤਲੇਆਮ ਮਾਮਲੇ ਸਬੰਧੀ ਸ਼ੁਰੂ ਤੋਂ ਹੀ ਅਦਾਲਤ ਵਿਚ ਕੇਸ ਲੜਨ ਵਾਲੇ ਐਚ ਐਸ ਫੂਲਕਾ ਨੇ ਕਿਹਾ ਕਿ ਇਸ ਫੈਸਲੇ ਤੋਂ ਸਾਫ ਹੋ ਗਿਆ ਹੈ ਕਿ ਤੁਸੀਂ ਕਿੰਨੇ ਵੀ ਵੱਡੇ ਹੋ, ਕਾਨੂੰਨ ਤੋਂ ਨਹੀਂ ਬਚ ਸਕਦੇ। ਇਸ ਫੈਸਲੇ ਨਾਲ ਹੋਰ ਮੁਕੱਦਮਿਆਂ ‘ਤੇ ਵੀ ਅਸਰ ਪਵੇਗਾ। ਛੇਤੀ ਹੀ ਜਗਦੀਸ਼ ਟਾਈਟਲਰ ਅਤੇ ਕਮਲਨਾਥ ਵੀ ਸ਼ਿਕੰਜੇ ਵਿਚ ਆਉਣ ਵਾਲੇ ਹਨ। ਕਮਲਨਾਥ ਖਿਲਾਫ ਠੋਸ ਸਬੂਤ ਹਨ, ਪਰ ਸੱਤਾ ਵਿਚ ਹੋਣ ਦੇ ਕਾਰਨ ਉਸ ਨੂੰ ਬਚਾਇਆ ਜਾਂਦਾ ਰਿਹਾ। ਐਫਆਈਆਰ ਹੀ ਦਰਜ ਨਹੀਂ ਹੋਣ ਦਿੱਤੀ। ਗੁਰਦੁਆਰਾ ਰਕਾਬ ਗੰਜ ਵਿਚ ਦਾਖਲ ਹੋਈ ਭੀੜ ਦੀ ਅਗਵਾਈ ਕਮਲਨਾਥ ਨੇ ਕੀਤੀ ਸੀ। ਇੱਥੇ ਦੋ ਸਿੱਖਾਂ ਨੂੰ ਜਿੰਦਾ ਸਾੜਿਆ ਗਿਆ। ਗੁਰਦੁਆਰੇ ਵਿਚ ਅੱਗ ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਗਈ। ਗੁਰਦੁਆਰਾ ਰਕਾਬ ਗੰਜ ਵਿਚ ਕਮਲਨਾਥ ਦੇ ਹੋਣ ਅਤੇ ਭੀੜ ਨੂੰ ਉਕਸਾਉਣ ਦੀ ਗੱਲ ਪੁਲਿਸ ਅਧਿਕਾਰੀ ਵਲੋਂ ਕਹੀ ਗਈ ਹੈ। ਫੂਲਕਾ ਨੇ ਕਿਹਾ ਕਿ ਛੇਤੀ ਹੀ ਕਮਲਨਾਥ ਦੇ ਮਾਮਲੇ ਨੂੰ ਵੀ ਐਸਆਈਟੀ ਕੋਲ ਲਿਜਾਵਾਂਗੇ।

Check Also

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ ਅੱਜ 21 ਸੂਬਿਆਂ ਦੀਆਂ 102 ਸੀਟਾਂ ’ਤੇ ਪਈਆਂ ਵੋਟਾਂ

ਭਾਰਤ ਭਰ ’ਚ 7 ਗੇੜਾਂ ’ਚ ਹੋਣੀ ਹੈ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ’ਚ ਲੋਕ …