Breaking News
Home / ਭਾਰਤ / ਦੋ ਰੇਡੀਓ ਹੋਸਟਾਂ ਨੇ ਗੁਰਬੀਰ ਸਿੰਘ ਗਰੇਵਾਲ ਨੂੰ ਕਿਹਾ ‘ਟਰਬਨਮੈਨ’

ਦੋ ਰੇਡੀਓ ਹੋਸਟਾਂ ਨੇ ਗੁਰਬੀਰ ਸਿੰਘ ਗਰੇਵਾਲ ਨੂੰ ਕਿਹਾ ‘ਟਰਬਨਮੈਨ’

ਨਸਲੀ ਟਿੱਪਣੀ ਕਰਨ ਵਾਲੇ ਦੋਵੇਂ ਹੋਸਟ ਮੁਅੱਤਲ
ਅਮਰੀਕਾ/ਬਿਊਰੋ ਨਿਊਜ਼ : ਦੇ ਨਿਊਜਰਸੀ ਦੇ ਸਿੱਖ ਅਮਰੀਕੀ ਅਟਾਰਨੀ ਜਨਰਲ ਗੁਰਬੀਰ ਗਰੇਵਾਲ ਨਸਲੀ ਟਿੱਪਣੀ ਦਾ ਸ਼ਿਕਾਰ ਹੋਏ ਹਨ। ਦੋ ਰੇਡੀਓ ਹੋਸਟਾਂ ਨੇ ਉਨ੍ਹਾਂ ਦੀ ਦਸਤਾਰ ‘ਤੇ ਨਸਲੀ ਟਿੱਪਣੀ ਕੀਤੀ ਹੈ। ਇਸ ਘਟਨਾ ਦੇ ਬਾਅਦ ਦੋਵੇਂ ਹੋਸਟਾਂ ਡੈਨਿਸ ਮੋਲੋਏ ਤੇ ਜੂਡੀ ਫਰੈਂਕੋ ਦੀ ਕਾਫੀ ਆਲੋਚਨਾ ਹੋ ਰਹੀ ਹੈ। ਐੱਫ.ਐੱਮ. ‘ਤੇ ‘ਡੈਨਿਸ ਐਂਡ ਜੂਡੀ ਸ਼ੋਅ’ ਪੇਸ਼ ਕਰਨ ਵਾਲੇ ਡੈਨਿਸ ਮੋਲੋਏ ਅਤੇ ਜੂਡੀ ਫ੍ਰੈਂਕੋ ਨੇ ਭੰਗ ਨਾਲ ਜੁੜੇ ਮਾਮਲੇ ‘ਤੇ ਗਰੇਵਾਲ ਦੇ ਫੈਸਲੇ ‘ਤੇ ਪ੍ਰੋਗਰਾਮ ਦੌਰਾਨ ਚਰਚਾ ਕਰਦਿਆਂ ਉਨ੍ਹਾਂ ਨੂੰ ‘ਟਰਬਨਮੈਨ’ ਦੇ ਤੌਰ ‘ਤੇ ਸੰਬੋਧਿਤ ਕੀਤਾ। ਮੋਲੋਏ ਨੇ ਕਿਹਾ,”ਤੁਸੀਂ ਅਟਾਰਨੀ ਜਨਰਲ ਨੂੰ ਜਾਣਦੇ ਹੋ? ਮੈਂ ਉਨ੍ਹਾਂ ਦਾ ਨਾਮ ਕਦੇ ਜਾਣਨ ਦੀ ਕੋਸ਼ਿਸ਼ ਨਹੀਂ ਕਰਾਂਗਾ। ਮੈਂ ਸਿਰਫ ਉਨ੍ਹਾਂ ਨੂੰ ਦਸਤਾਰ ਪਹਿਨਿਆ ਹੋਇਆ ਵਿਅਕਤੀ ਕਹਾਂਗਾ।” ਫ੍ਰੈਂਕੋ ਨੇ ਬਾਰ-ਬਾਰ ਗਾਣਾ ਗਾਉਣ ਦੇ ਅੰਦਾਜ਼ ਵਿਚ ਇਸ ਸ਼ਬਦ ਦੀ ਵਰਤੋਂ ਕੀਤੀ। ਮੋਲੋਏ ਨੇ ਕਿਹਾ ਕਿ ਜੇ ਤੁਸੀਂ ਇਸ ਨਾਲ ਦੁੱਖੀ ਹੁੰਦੇ ਹੋ ਤਾਂ ਤੁਸੀਂ ਦਸਤਾਰ ਨਾ ਬੰਨ੍ਹੋ। ਗਰੇਵਾਲ ਦੀ ਨਿਯੁਕਤੀ ਕਰਨ ਵਾਲੇ ਨਿਊਜਰਸੀ ਦੇ ਗਵਰਨਰ ਫਿਲ ਮਰਫੀ ਨੇ ਰੇਡੀਓ ਹੋਸਟਾਂ ਦੀ ਭਾਸ਼ਾ ਦੀ ਸਖਤ ਨਿੰਦਾ ਕੀਤੀ ਅਤੇ ਰੇਡੀਓ ਸਟੇਸ਼ਨ ਨੂੰ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ। ਮਰਫੀ ਨੇ ਟਵੀਟ ਕੀਤਾ ਕਿ ਨਫਰਤ ਫੈਲਾਉਣ ਵਾਲੀਆਂ ਟਿੱਪਣੀਆਂ ਕਰਨ ਵਾਲਿਆਂ ਲਈ ਨਿਊਜਰਸੀ ਵਿਚ ਕੋਈ ਜਗ੍ਹਾ ਨਹੀਂ ਹੈ। ਇਸ ਦਾ ਸਬੰਧ ਸਾਡੇ ਰੇਡੀਓ ਨਾਲ ਨਹੀਂ ਹੈ। ਰੇਡੀਓ ਸਟੇਸ਼ਨ ਪ੍ਰਬੰਧਨ ਨੂੰ ਅਜਿਹੀਆਂ ਅਸਹਿਣਸ਼ੀਲ ਅਤੇ ਨਸਲੀ ਟਿੱਪਣੀਆਂ ਲਈ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ।
ਰੇਡੀਓ ਸਟੇਸ਼ਨ ਨੇ ਬਾਅਦ ਵਿਚ ਟਵੀਟ ਕਰ ਕੇ ਕਿਹਾ ਕਿ ਉਹ ਪ੍ਰਸਾਰਣ ਦੌਰਾਨ ਮੋਲੋਏ ਅਤੇ ਫ੍ਰੈਂਕੋ ਦੀਆਂ ‘ਇਤਰਾਜ਼ਯੋਗ ਟਿੱਪਣੀਆਂ’ ਤੋਂ ਜਾਣੂ ਹਨ। ਰੇਡੀਓ ਸਟੇਸ਼ਨ ਨੇ ਕਿਹਾ ਕਿ ਅਸੀਂ ਤੁਰੰਤ ਕਾਰਵਾਈ ਕੀਤੀ ਹੈ ਅਤੇ ਅਗਲਾ ਨੋਟਿਸ ਆਉਣ ਤੱਕ ਉਨ੍ਹਾਂ ਦੇ ਪ੍ਰੋਗਰਾਮ ਪੇਸ਼ ਕਰਨ ‘ਤੇ ਰੋਕ ਲਗਾ ਦਿੱਤੀ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਗੁਰਬੀਰ ਗਰੇਵਾਲ ਨੂੰ ‘ਟਰਬਨਮੈਨ’ ਕਹਿਣ ਵਾਲੇ ਦੋਵੇਂ ਐਕਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

Check Also

‘ਆਪ’ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨਾਲ ਕੇਜਰੀਵਾਲ ਦੀ ਰਿਹਾਇਸ਼ ’ਤੇ ਹੋਈ ਕੁੱਟਮਾਰ

ਮਾਲੀਵਾਲ ਨੇ ਕੇਜਰੀਵਾਲ ਦੇ ਪੀਏ ਵਿਭਵ ਕੁਮਾਰ ’ਤੇ ਕੁੱਟਮਾਰ ਕਰਨ ਦਾ ਲਗਾਇਆ ਆਰੋਪ ਨਵੀਂ ਦਿੱਲੀ/ਬਿਊਰੋ …