ਪੰਜਾਬ ਅਤੇ ਹਰਿਆਣਾ ਵਿਚ ਵੀ ਹੀਟ ਵੇਵ ਦਾ ਰੈਡ ਅਲਰਟ
ਜੈਪੁਰ/ਬਿਊਰੋ ਨਿਊਜ਼
ਰਾਜਸਥਾਨ ਵਿਚ ਭਿਆਨਕ ਗਰਮੀ ਦਾ ਕਹਿਰ ਜਾਰੀ ਹੈ, ਜਿੱਥੇ ਲੰਘੇ ਕੱਲ੍ਹ ਐਤਵਾਰ ਨੂੰ ਹੀਟ ਸਟ੍ਰੋਕ ਕਾਰਨ ਇਕ ਵਿਅਕਤੀ ਦੀ ਜਾਨ ਵੀ ਚਲੇ ਗਈ ਸੀ। ਮੌਸਮ ਵਿਗਿਆਨ ਕੇਂਦਰ ਜੈਪੁਰ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਜੋਧਪੁਰ, ਬੀਕਾਨੇਰ ਅਤੇ ਕੋਟਾ ਡਿਵੀਜ਼ਨ ਵਿੱਚ ਕਈ ਥਾਵਾਂ ‘ਤੇ ‘ਹੀਟਵੇਵ ਅਤੇ ਤੇਜ਼ ਗਰਮੀ ਦੀ ਲਹਿਰ’ ਦਰਜ ਕੀਤੀ ਗਈ। ਇਸ ਦੌਰਾਨ ਫਲੋਦੀ ਵਿੱਚ ਤਾਪਮਾਨ 51 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ, ਜੋ ਆਮ ਨਾਲੋਂ 7 ਡਿਗਰੀ ਸੈਲਸੀਅਸ ਵੱਧ ਹੈ। ਰਾਜਸਥਾਨ ਵਿਚ ਗਰਮੀ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਲੰਘੀ ਰਾਤ ਕੋਟਾ ਵਿਚ ਘੱਟੋ-ਘੱਟ ਤਾਪਮਾਨ 36 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 5 ਡਿਗਰੀ ਵੱਧ ਹੈ। ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਦੇ ਲਈ ਰਾਜਸਥਾਨ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਉਤਰ ਪ੍ਰਦੇਸ਼ ਵਿਚ ਹੀਟ ਵੇਵ ਦਾ ਰੈਡ ਅਲਰਟ ਜਾਰੀ ਕੀਤਾ ਹੈ। ਧਿਆਨ ਰਹੇ ਕਿ ਪੰਜਾਬ ਵਿਚ ਵੀ ਗਰਮੀ ਦੇ ਪਿਛਲੇ ਰਿਕਾਰਡ ਟੁੱਟਦੇ ਜਾ ਰਹੇ ਹਨ।