Breaking News
Home / ਦੁਨੀਆ / ਕੈਲਗਰੀ ਤੋਂ ਅਮਰੀਕਾ ਜਾਂਦਿਆਂ ਪੰਜਾਬੀ ਪਰਿਵਾਰ ਦੀ ਗੱਡੀ ਨੂੰ ਹਾਦਸਾ

ਕੈਲਗਰੀ ਤੋਂ ਅਮਰੀਕਾ ਜਾਂਦਿਆਂ ਪੰਜਾਬੀ ਪਰਿਵਾਰ ਦੀ ਗੱਡੀ ਨੂੰ ਹਾਦਸਾ

ਪਿੰਡ ਡਮੁੰਡਾ ਦੇ ਇਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਸੜਕ ਹਾਦਸੇ ‘ਚ ਮੌਤ
ਕੈਲਗਰੀ, ਜਲੰਧਰ : ਜਲੰਧਰ ‘ਚ ਪੈਂਦੇ ਕਸਬਾ ਆਦਮਪੁਰ ਨੇੜਲੇ ਪਿੰਡ ਡਮੁੰਡਾ ਦੇ ਕੈਨੇਡਾ ਵਿੱਚ ਰਹਿੰਦੇ ਇੱਕ ਪੰਜਾਬੀ ਪਰਿਵਾਰ ਦੇ ਤਿੰਨ ਮੈਂਬਰ ਸੜਕ ਹਾਦਸੇ ਵਿੱਚ ਮਾਰੇ ਗਏ ਤੇ ਤਿੰਨ ਫੱਟੜ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਸ਼ਹਿਰ ਕੈਲਗਰੀ ਤੋਂ ਅਮਰੀਕਾ ਜਾ ਰਹੇ ਪਿੰਡ ਡਮੁੰਡਾ ਨਾਲ ਸਬੰਧਤ ਪਰਿਵਾਰ ਦੀ ਗੱਡੀ ਨੂੰ ਅਮਰੀਕਾ ਦੇ ਸ਼ਹਿਰ ਟੈਕਸਸ ਨੇੜੇ ਤੇਜ਼ ਰਫ਼ਤਾਰ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਕਾਰ ਵਿੱਚ ਸਵਾਰ ਤਿੰਨ ਜਣਿਆਂ ਦੀ ਮੌਤ ਹੋ ਗਈ ਜਦੋਂ ਕਿ ਤਿੰਨ ਜਣੇ ਜ਼ਖ਼ਮੀ ਹੋ ਗਏ।
ਇਸ ਹਾਦਸੇ ਵਿੱਚ ਨਿਰਮਲ ਕੌਰ ਮਿਨਹਾਸ ਪਤਨੀ ਧਰਮਪਾਲ ਸਿੰਘ ਮਿਨਹਾਸ ਤੇ ਉਸ ਦੇ ਪੋਤੇ ਮਿਹਰ ਪ੍ਰਤਾਪ ਸਿੰਘ (6) ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਉਸ ਦਾ ਲੜਕਾ ਉਪਿੰਦਰਜੀਤ ਸਿੰਘ ਮਿਨਹਾਸ ਹੈਪੀ (40) ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਗਿਆ। ઠਉਪਿੰਦਰਜੀਤ ਸਿੰਘ ਮਿਨਹਾਸ ਦੀ ਪਤਨੀ ਹਰਲੀਨ ਕੌਰ, ਲੜਕੀ ਮਹਿਕ ਪ੍ਰਤਾਪ ਕੌਰ (13) ਅਤੇ ਜਸਲੀਨ ਕੌਰ (10) ਜ਼ਖ਼ਮੀ ਹੋ ਗਏ, ਜੋ ਟੈਕਸਸ ਦੇ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਇਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮ੍ਰਿਤਕ ਉਪਿੰਦਰਜੀਤ ਸਿੰਘ ਮਿਨਹਾਸ ਦੇ ਚਾਚੇ ਦੇ ਲੜਕੇ ਧਰਮਿੰਦਰ ਸਿੰਘ ਮਿਨਹਾਸ ਵਾਸੀ ਡਮੁੰਡਾ ਨੇ ਦੱਸਿਆ ਕਿ ਧਰਮਪਾਲ ਸਿੰਘ ਦਾ ਪਰਿਵਾਰ 20 ਸਾਲ ਪਹਿਲਾਂ ਕੈਨੇਡਾ ਗਿਆ ਸੀ ਤੇ ਹੁਣ ਕੈਨੇਡਾ ਤੋਂ ਅਮਰੀਕਾ ਸ਼ਿਫਟ ਹੋ ਰਿਹਾ ਸੀ ਤੇ ਉਨ੍ਹਾਂ ਨੇ ਉਥੇ ਆਪਣਾ ਮਕਾਨ ਵੀ ਲੈ ਲਿਆ ਸੀ। ਉਹ ਕੈਨੇਡਾ ਛੱਡ ਕੇ ਅਮਰੀਕਾ ਜਾ ਰਹੇ ਸਨ ਕਿ ਰਾਹ ਵਿੱਚ ਹਾਦਸਾ ਵਾਪਰ ਗਿਆ। ਘਟਨਾ ਦਾ ਪਤਾ ਚੱਲਦੇ ਹੀ ਇਲਾਕੇ ਵਿਚ ਸੋਗ ਫੈਲ ਗਿਆ।

Check Also

ਅੰਮ੍ਰਿਤਸਰ ਦੇ ਵਿਕਾਸ ਲਈ ਭਾਰਤੀ ਅਮਰੀਕੀਆਂ ਨੇ 10 ਕਰੋੜ ਡਾਲਰ ਦੇਣ ਦਾ ਐਲਾਨ ਕੀਤਾ

ਵਾਸ਼ਿੰਗਟਨ/ਬਿਊਰੋ ਨਿਊਜ਼ : ਪ੍ਰਮੁੱਖ ਭਾਰਤੀ ਅਮਰੀਕੀਆਂ ਦੇ ਸਮੂਹ ਨੇ ਅੰਮ੍ਰਿਤਸਰ ਦੇ ਸਮਾਜਿਕ-ਆਰਥਿਕ ਵਿਕਾਸ ਲਈ ‘ਸਟਾਰਟਅੱਪਸ’ …