
ਭਗਵੰਤ ਮਾਨ ਦੇ ਬਚਪਨ ਦੇ ਦੋਸਤ ਰਹੇ ਹਨ ਮਨਜੀਤ ਸਿੱਧੂ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਾਬਕਾ ਓ.ਐੱਸ.ਡੀ. ਅਤੇ ਉਨ੍ਹਾਂ ਦੇ ਨਜ਼ਦੀਕੀ ਦੋਸਤ ਮਨਜੀਤ ਸਿੰਘ ਸਿੱਧੂ ਅੱਜ 13 ਅਕਤੂਬਰ ਦਿਨ ਮੰਗਲਵਾਰ ਨੂੰ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਪਰਗਟ ਸਿੰਘ ਨੇ ਚੰਡੀਗੜ੍ਹ ਵਿਚ ਮਨਜੀਤ ਸਿੰਘ ਸਿੱਧੂ ਦਾ ਪਾਰਟੀ ’ਚ ਸਵਾਗਤ ਕੀਤਾ। ਪਰਗਟ ਸਿੰਘ ਨੇ ਮਨਜੀਤ ਸਿੱਧੂ ਦੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਨੂੰ ਆਮ ਆਦਮੀ ਪਾਰਟੀ ਦੇ ਖਿਲਾਫ ਕਾਂਗਰਸ ਦੀ ਵੱਡੀ ਕਾਮਯਾਬੀ ਦੱਸਿਆ ਹੈ। ਜ਼ਿਕਰਯੋਗ ਹੈ ਕਿ ਜਨਵਰੀ 2023 ’ਚ ਮਨਜੀਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓ.ਐੱਸ.ਡੀ ਵਜੋਂ ਤਾਇਨਾਤੀ ਮਿਲੀ ਸੀ, ਪਰੰਤੂ ਕੁੱਝ ਸਮੇਂ ਮਗਰੋਂ ਹੀ ਸਿਹਤ ਦੇ ਹਵਾਲੇ ਨਾਲ ਉਨ੍ਹਾਂ ਨੇ 18 ਨਵੰਬਰ 2023 ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਮਨਜੀਤ ਸਿੱਧੂ ਉਸ ਦੌਰ ਵਿਚ ਆਮ ਆਦਮੀ ਪਾਰਟੀ ਨਾਲ ਜੁੜੇ ਸਨ, ਜਦੋਂ ਪਾਰਟੀ ਪੂਰੀ ਤਰ੍ਹਾਂ ਸਟੈਂਡ ਕਰਨ ਦੇ ਲਈ ਜੂਝ ਰਹੀ ਸੀ।
ਮਨਜੀਤ ਸਿੰਘ ਸਿੱਧੂ ਪੁਰਾਣੇ ਪੱਤਰਕਾਰ ਵੀ ਹਨ, ਉਨ੍ਹਾਂ ਨੇ ਚੰਡੀਗੜ੍ਹ ਵਿਚ ਛਪਦੇ ਰੋਜ਼ਾਨਾ ਪੰਜਾਬੀ ਅਖਬਾਰ ‘ਦੇਸ਼ ਸੇਵਕ’ ਵਿਚ ਸੀਨੀਅਰ ਸਬ ਐਡੀਟਰ ਵਜੋਂ ਸੇਵਾਵਾਂ ਵੀ ਨਿਭਾਈਆਂ ਹਨ। ਮਨਜੀਤ ਸਿੱਧੂ ਅਤੇ ਭਗਵੰਤ ਮਾਨ ਬਚਪਨ ਤੋਂ ਹੀ ਦੋਸਤ ਰਹੇ ਅਤੇ ਕਾਲਜ ਦੇ ਦਿਨਾਂ ’ਚ ਵੀ ਉਹ ਇਕੱਠੇ ਹੀ ਰਹੇ ਹਨ। ਮਨਜੀਤ ਸਿੱਧੂ ਨੇ ਨੌਕਰੀ ਤੋਂ ਅਸਤੀਫਾ ਦੇ ਕੇ 2014 ਦੀਆਂ ਲੋਕ ਸਭਾ ਚੋਣਾਂ ਸਮੇਂ ਭਗਵੰਤ ਮਾਨ ਨਾਲ ਆਮ ਆਦਮੀ ਪਾਰਟੀ ’ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਸਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਮਨਜੀਤ ਸਿੱਧੂ ਨੇ ਆਮ ਆਦਮੀ ਪਾਰਟੀ ਵਿਚ ਮੀਡੀਆ ਪ੍ਰਬੰਧਨ ਦੀ ਜ਼ਿੰਮੇਵਾਰੀ ਨਿਭਾਈ ਸੀ।
ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਮਨਜੀਤ ਸਿੰਘ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਤੋਂ ਦੂਰੀ ਬਣਾਉਣ ਤੋਂ ਬਾਅਦ ਉਹ ਉਸਾਰੂ ਰਾਜਨੀਤੀ ਕਰਨ ਦੇ ਲਈ ਸਹੀ ਮੌਕੇ ਦਾ ਇੰਤਜ਼ਾਰ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਅਤੇ ਰਾਹੁਲ ਤੇ ਪਿ੍ਰਅੰਕਾ ਗਾਂਧੀ ਜਿਸ ਤਰ੍ਹਾਂ ਨਾਲ ਰਾਸ਼ਟਰੀ ਮੁੱਦਿਆਂ ਨੂੰ ਉਠਾ ਰਹੇ ਹਨ, ਉਸ ਵਿਚ ਉਨ੍ਹਾਂ ਨੂੰ ਨਵੀਂ ਉਮੀਦ ਦਿਖਾਈ ਦਿੰਦੀ ਹੈ। ਆਮ ਆਦਮੀ ਪਾਰਟੀ ਛੱਡਣ ਅਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਆਪਣੇ ਕਰੀਬੀ ਸਬੰਧਾਂ ਦੇ ਬਾਰੇ ਵਿਚ ਸਿੱਧੂ ਨੇ ਕਿਹਾ ਕਿ ਭਗਵੰਤ ਮਾਨ ਨੇ ਆਪਣੀ ਕੁਰਸੀ ਨਾਲ ਜੁੜੇ ਰਹਿਣਾ ਪਸੰਦ ਕੀਤਾ, ਜਦੋਂ ਕਿ ਮੈਂ ਪੰਜਾਬ ਦੇ ਨਾਲ ਖੜ੍ਹੇ ਰਹਿਣਾ ਪਸੰਦ ਕੀਤਾ ਹੈ।
ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਇਕ ਹੋਰ ਸਾਬਕਾ ਓ.ਐਸ.ਡੀ. ਉਂਕਾਰ ਸਿੰਘ ਬਰਾੜ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਚੁੱਕੇ ਹਨ। ਇਸਦੇ ਚੱਲਦਿਆਂ ਮੌਜੂਦਾ ਓ.ਐਸ.ਡੀ. ਰਾਜਬੀਰ ਸਿੰਘ ਘੁੰਮਣ ਈ.ਡੀ. ਅਤੇ ਸੀ.ਬੀ.ਆਈ. ਦੀ ਜਾਂਚ ਵਿਚ ਘਿਰੇ ਹੋਏ ਹਨ।

