ਮੁਹਾਲੀ : ਪੰਜਾਬ ਵਿਜੀਲੈਂਸ ਬਿਊਰੋ ਨੇ ਰਿਸ਼ਵਤਖ਼ੋਰੀ ਦੇ ਮਾਮਲੇ ਵਿੱਚ ਮੁੱਢਲੀ ਜਾਂਚ ਉਪਰੰਤ ਮੁਹਾਲੀ ਅਦਾਲਤ ਵਿੱਚ ਸਾਬਕਾ ਉਦਯੋਗ ਮੰਤਰੀ ਅਤੇ ਹੁਣ ਭਾਜਪਾ ਵਿਚ ਸ਼ਾਮਲ ਹੋ ਚੁੱਕੇ ਸੁੰਦਰ ਸ਼ਾਮ ਅਰੋੜਾ ਖ਼ਿਲਾਫ਼ ਚਾਰਜਸ਼ੀਟ (ਚਲਾਨ) ਪੇਸ਼ ਕਰ ਦਿੱਤੀ ਹੈ। ਵਿਜੀਲੈਂਸ ਅਨੁਸਾਰ ਇਸ ਕੇਸ ਨਾਲ ਸਬੰਧਤ ਸਪਲੀਮੈਂਟਰੀ ਚਲਾਨ ਬਾਅਦ ਵਿੱਚ ਪੇਸ਼ ਕੀਤਾ ਜਾਵੇਗਾ ਕਿਉਂਕਿ ਇਸ ਮਾਮਲੇ ਵਿੱਚ ਹਾਲੇ ਹੋਰ ਜਾਂਚ ਕਰਨੀ ਬਾਕੀ ਹੈ। ਜਾਣਕਾਰੀ ਅਨੁਸਾਰ ਵਿਜੀਲੈਂਸ ਬਿਊਰੋ ਦੇ ਮੁਹਾਲੀ ਸਥਿਤ ਫਲਾਇੰਗ ਸਕੁਐਡ-1 ਵਿੱਚ ਤਾਇਨਾਤ ਏਆਈਜੀ ਮਨਮੋਹਨ ਕੁਮਾਰ ਦੀ ਸ਼ਿਕਾਇਤ ‘ਤੇ ਸਾਬਕਾ ਮੰਤਰੀ ਵਿਰੁੱਧ ਰਿਸ਼ਵਤਖ਼ੋਰੀ ਦਾ ਕੇਸ ਦਰਜ ਕੀਤਾ ਗਿਆ ਸੀ। ਸਾਬਕਾ ਮੰਤਰੀ ‘ਤੇ ਜਾਂਚ ਅਧਿਕਾਰੀ ਨੂੰ ਇੱਕ ਕਰੋੜ ਰੁਪਏ ਦੀ ਰਿਸ਼ਵਤ ਦੇਣ ਦੀ ਪੇਸ਼ਕਸ਼ ਕਰਨ ਦਾ ਆਰੋਪ ਹੈ। ਇਸ ਸਬੰਧੀ 15 ਅਕਤੂਬਰ ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 8 ਅਧੀਨ ਕੇਸ ਦਰਜ ਕਰਕੇ ਸਾਬਕਾ ਮੰਤਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸ ਦਿਨ ਤੋਂ ਅਰੋੜਾ ਨਿਆਂਇਕ ਹਿਰਾਸਤ ਵਿੱਚ ਜੇਲ੍ਹ ‘ਚ ਬੰਦ ਹੈ। ਏਆਈਜੀ ਮਨਮੋਹਨ ਕੁਮਾਰ ਨੇ ਵਿਜੀਲੈਂਸ ਮੁਖੀ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਸਾਬਕਾ ਮੰਤਰੀ ਉਸ ਦੇ ਘਰ ਆਇਆ ਤੇ ਉਸ ਨੇ ਆਪਣੇ ਖ਼ਿਲਾਫ਼ ਚੱਲ ਰਹੇ ਕੇਸ ਬਾਰੇ ਗੱਲਬਾਤ ਕੀਤੀ ਅਤੇ ਜਾਂਚ ਵਿੱਚ ਮਦਦ ਕਰਨ ਲਈ ਉਸ (ਏਆਈਜੀ ਮਨਮੋਹਨ ਕੁਮਾਰ) ਨੂੰ ਇੱਕ ਕਰੋੜ ਰੁਪਏ ਰਿਸ਼ਵਤ ਦੀ ਪੇਸ਼ਕਸ਼ ਕੀਤੀ। ਉਸ ਨੇ ਅੱਧੀ ਰਾਸ਼ੀ 50 ਲੱਖ ਰੁਪਏ ਅਗਲੇ ਦਿਨ 15 ਅਕਤੂਬਰ ਨੂੰ ਪੇਸ਼ਗੀ ਰਿਸ਼ਵਤ ਵਜੋਂ ਦੇਣ ਅਤੇ ਬਾਕੀ ਦੀ ਰਕਮ ਬਾਅਦ ਵਿੱਚ ਅਦਾ ਕਰਨ ਦੀ ਪੇਸ਼ਕਸ਼ ਕੀਤੀ।