ਕਾਂਗਰਸੀ ਆਗੂ ਕੁਝ ਵੀ ਬੋਲਣ ਤੋਂ ਇਨਕਾਰੀ
ਚੰਡੀਗੜ੍ਹ/ਬਿਊਰੋ ਨਿਊਜ਼
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਕਰਤਾਰਪੁਰ ਸਾਹਿਬ ਜਾਣ ਵਾਲੇ ਕਾਂਗਰਸ ਦੇ ਵਫਦ ਵਿਚ ਨਵਜੋਤ ਸਿੰਘ ਸਿੱਧੂ ਦਾ ਨਾਮ ਸ਼ਾਮਲ ਨਹੀਂ ਕੀਤਾ ਗਿਆ। ਧਿਆਨ ਰਹੇ ਕਾਂਗਰਸ ਦਾ ਵਫਦ ਡਾ. ਮਨਮੋਹਨ ਸਿੰਘ ਦੀ ਅਗਵਾਈ ਵਿਚ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾ ਰਿਹਾ ਹੈ, ਜਿਸ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮਲ ਹੋਣਗੇ। ਕਾਂਗਰਸ ਪਾਰਟੀ ਦੇ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮੁਨੀਸ਼ ਤਿਵਾੜੀ ਨੇ ਇਸ ਸਬੰਧੀ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ। ਸਿੱਧੂ ਨੂੰ ਇਸ ਵਾਰ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਵੀ ਸ਼ਾਮਲ ਨਹੀਂ ਕੀਤਾ ਗਿਆ ਸੀ। ਕੈਪਟਨ ਨਾਲ ਵਿਵਾਦ ਤੋਂ ਬਾਅਦ ਸਿੱਧੂ ਨੇ ਮੀਡੀਆ ਤੋਂ ਵੀ ਦੂਰੀ ਬਣਾਈ ਹੋਈ ਹੈ। ਧਿਆਨ ਰਹੇ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿਚ ਨਵਜੋਤ ਸਿੱਧੂ ਪਾਕਿਸਤਾਨ ਗਏ ਸਨ ਅਤੇ ਉਦੋਂ ਹੀ ਕਰਤਾਰਪੁਰ ਲਾਂਘੇ ਬਾਰੇ ਗੱਲਬਾਤ ਸ਼ੁਰੂ ਹੋਈ ਸੀ। ਇਸ ਨੂੰ ਲੈ ਕੇ ਪਾਕਿ ਫੌਜੀ ਮੁਖੀ ਕੰਵਰ ਜਾਵੇਦ ਬਾਜਵਾ ਅਤੇ ਸਿੱਧੂ ਵਿਚਕਾਰ ਜੱਫੀ ਵੀ ਪਈ ਜੋ ਕਿ ਚਰਚਾ ਦਾ ਵਿਸ਼ਾ ਵੀ ਬਣੀ ਰਹੀ। ਹੁਣ ਕਰਤਾਰਪੂਰ ਸਾਹਿਬ ਲਾਂਘੇ ਦਾ ਉਦਘਾਟਨ ਆਉਂਦੀ 9 ਨਵੰਬਰ ਨੂੰ ਹੋਣਾ ਹੈ ਅਤੇ ਸਿੱਧੂ ਦਾ ਕਿਤੇ ਵੀ ਜ਼ਿਕਰ ਨਹੀਂ ਹੋ ਰਿਹਾ।