
ਆਊਟਸੋਰਸ ਮੁਲਾਜ਼ਮਾਂ ਦੀ ਸ਼ਿਕਾਇਤ ’ਤੇ ਪਹੁੰਚੇ ਸਨ ਵਿਧਾਇਕ ਬਲਕਾਰ ਸਿੱਧੂ
ਬਠਿੰਡਾ/ਬਿਊਰੋ ਨਿਊਜ਼
ਬਠਿੰਡਾ ਜ਼ਿਲ੍ਹੇ ਦੇ ਮਲੂਕਾ ਨਗਰ ਪੰਚਾਇਤ ਦਫਤਰ ਵਿਚ ਆਊਟਸੋਰਸ ਮੁਲਾਜ਼ਮਾਂ ਦੀ ਹਾਜ਼ਰੀ ਨੂੰ ਲੈ ਕੇ ਰਾਮਪੁਰਾ ਫੂਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਅਤੇ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਵਿਚਾਲੇ ਤਿੱਖੀ ਬਹਿਸ ਹੋ ਗਈ। ਇਸੇ ਦੌਰਾਨ ਮਲੂਕਾ ਦੇ ਸਮਰਥਕਾਂ ਨੇ ਵਿਧਾਇਕ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਜ਼ਿਕਰਯੋਗ ਹੈ ਕਿ ਕੁਝ ਆਊਟਸੋਰਸ ਮੁਲਾਜ਼ਮਾਂ ਨੇ ਵਿਧਾਇਕ ਕੋਲ ਸ਼ਿਕਾਇਤ ਕੀਤੀ ਸੀ ਕਿ ਨਗਰ ਪੰਚਾਇਤ ਪ੍ਰਧਾਨ ਵਲੋਂ ਉਨ੍ਹਾਂ ਨੂੰ ਗੈਰਹਾਜ਼ਰ ਦਿਖਾਇਆ ਜਾ ਰਿਹਾ ਹੈ। ਇਸੇ ਹਾਜ਼ਰੀ ਰਜਿਸਟਰ ਦੀ ਜਾਂਚ ਕਰਨ ਲਈ ਵਿਧਾਇਕ ਬਲਕਾਰ ਸਿੱਧੂ ਨਗਰ ਪੰਚਾਇਤ ਦਫਤਰ ਪਹੁੰਚੇ ਸਨ। ਵਿਧਾਇਕ ਦੇ ਆਉਣ ਦੀ ਖਬਰ ਮਿਲਦਿਆਂ ਹੀ ਅਕਾਲੀ ਆਗੂ ਮਲੂਕਾ ਵੀ ਆਪਣੇ ਸਮਰਥਕਾਂ ਸਣੇ ਉਥੇ ਪਹੁੰਚ ਗਏ। ਮਲੂਕਾ ਨੇ ਆਖਿਆ ਕਿ ਨਗਰ ਪੰਚਾਇਤ ਦੇ ਕੰਮਕਾਜ ਵਿਚ ਵਿਧਾਇਕ ਨੂੰ ਦਖਲ ਦੇਣ ਦਾ ਕੋਈ ਹੱਕ ਨਹੀਂ ਹੈ। ਇਸ ਨੂੰ ਲੈ ਕੇ ਦੋਵੇਂ ਆਗੂਆਂ ਵਿਚਾਲੇ ਤਿੱਖੀ ਬਹਿਸ ਹੋ ਗਈ।

