
ਪੂਨੀਆ ਸਿਰਫ ਪੰਜਾਬ ’ਤੇ ਫੋਕਸ ਕਰਨਗੇ ਅਤੇ ਹਰਿਆਣਾ ਦੀ ਜ਼ਿੰਮੇਵਾਰੀ ਸਿਮ੍ਰਤੀ ਇਰਾਨੀ ਨੂੰ ਦਿੱਤੀ
ਚੰਡੀਗੜ੍ਹ/ਬਿਊਰੋ ਨਿਊਜ਼
ਭਾਰਤੀ ਜਨਤਾ ਪਾਰਟੀ ਨੇ ਅਗਾਮੀ 2027 ਦੇ ਵਿਧਾਨ ਸਭਾ ਚੋਣ ਚੱਕਰ ਤੋਂ ਪਹਿਲਾਂ ਸੰਗਠਨਾਤਮਕ ਢਾਂਚੇ ਵਿਚ ਵੱਡਾ ਫੇਰਬਦਲ ਕਰਦਿਆਂ ਨਵੀਆਂ ਨਿਯੁਕਤੀਆਂ ਦਾ ਐਲਾਨ ਕੀਤਾ ਹੈ। ਪਾਰਟੀ ਦੇ ਸੀਨੀਅਰ ਆਗੂ ਸਤੀਸ਼ ਪੂਨੀਆ ਨੂੰ ਸਰਹੱਦੀ ਸੂਬੇ ਪੰਜਾਬ ਦੀ ਕਮਾਨ ਸੰਭਾਲੀ ਗਈ ਹੈ ਅਤੇ ਦਿੱਲੀ ਭਾਜਪਾ ਦੇ ਸਾਬਕਾ ਪ੍ਰਧਾਨ ਵਰੇਂਦਰ ਸਚਦੇਵਾ ਅਤੇ ਅਲਕਾ ਗੁਰਜ਼ਰ ਨੂੰ ਪੰਜਾਬ ਦੇ ਸਹਿ-ਇੰਚਾਰਜ ਵਜੋਂ ਤੈਨਾਤ ਕੀਤਾ ਗਿਆ ਹੈ। ਇਸੇ ਤਰ੍ਹਾਂ ਸਿਮ੍ਰਤੀ ਇਰਾਨੀ ਨੂੰ ਹਰਿਆਣਾ ਦੀ ਇੰਚਾਰਜ ਬਣਾਇਆ ਗਿਆ ਹੈ ਅਤੇ ਭੋਲਾ ਸਿੰਘ ਨੂੰ ਸਹਿ-ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਹਿਮਾਚਲ ਪ੍ਰਦੇਸ਼ ਵਿਚ ਭਾਜਪਾ ਨੇ ਉਤਰ ਪ੍ਰਦੇਸ਼ ਦੇ ਸੀਨੀਅਰ ਆਗੂ ਸ੍ਰੀਕਾਂਤ ਸ਼ਰਮਾ ਨੂੰ ਇੰਚਾਰਜ ਥਾਪਿਆ ਹੈ, ਜਦੋਂ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀ ਜ਼ਿੰਮੇਵਾਰੀ ਮਹੇਂਦਰ ਪਾਂਡੇ ਨੂੰ ਦਿੱਤੀ ਗਈ ਹੈ। ਸਿਆਸੀ ਦਿ੍ਰਸ਼ਟੀ ਤੋਂ ਅਹਿਮ ਨਿਯੁਕਤੀਆਂ ਤਹਿਤ ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗ੍ਰਹਿ ਸੂਬੇ ਗੁਜਰਾਤ ਦੇ ਇੰਚਾਰਜ ਵਜੋਂ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸੇ ਤਰ੍ਹਾਂ ਭਾਜਪਾ ਵਲੋਂ ਹੋਰ ਵੀ ਕਈ ਅਹਿਮ ਨਿਯੁਕਤੀਆਂ ਕੀਤੀਆਂ ਗਈਆਂ ਹਨ।

