18.3 C
Toronto
Friday, September 18, 2026
spot_img
Homeਪੰਜਾਬਰਾਜਸਥਾਨ ਤੋਂ ਲਿਆਂਦੇ ਪਾਇਲਟ ਤੇ ਪੂਨੀਆਂ ਤੋਂ ਕਾਂਗਰਸ, ਭਾਜਪਾ ਨੂੰ ਹੈ ਵੱਡੀ...

ਰਾਜਸਥਾਨ ਤੋਂ ਲਿਆਂਦੇ ਪਾਇਲਟ ਤੇ ਪੂਨੀਆਂ ਤੋਂ ਕਾਂਗਰਸ, ਭਾਜਪਾ ਨੂੰ ਹੈ ਵੱਡੀ ਉਮੀਦ

ਰਾਜਸਥਾਨ ਤੋਂ ਲਿਆਂਦੇ ਪਾਇਲਟ ਤੇ ਪੂਨੀਆਂ ਤੋਂ ਕਾਂਗਰਸ, ਭਾਜਪਾ ਨੂੰ ਹੈ ਵੱਡੀ ਉਮੀਦਆਪਸੀ ਗੁੱਟਬੰਦੀ ਕਰ ਸਕਦੀ ਹੈ ਵੱਡਾ ਨੁਕਸਾਨ, ਪਹਿਲਾਂ ਇਸ ਨਾਲ ਨਜਿੱਠੋ
ਆਪਣੀ ਕੁਰਸੀ ਨਾ ਵੜਿੰਗ ਛੱਡੇ ਨਾ ਚੰਨੀ, ਹਾਨੀਕਾਰਕ ਹੈ ਇਹ ਲਾਲਸਾ
ਚੰਡੀਗੜ੍ਹ/ਅਮਰਜੀਤ ਸਿੰਘ
ਰਾਜਸਥਾਨ ਕਾਂਗਰਸ ਦੇ ਪ੍ਰਧਾਨ ਗੋਵਿੰਦ ਸਿੰਘ ਦੋਸਤਾਰਾ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਅਤੇ ਰਾਜਸਥਾਨ ਦੇ ਮੁੱਖਮੰਤਰੀ ਭਜਨ ਲਾਲ ਸ਼ਰਮਾ ਨੂੰ ਲਲਕਾਰਿਆ ਤੇ ਕਿਹਾ ਕਿ ਇਹਨਾਂ ਨੇ ਜੈਪੁਰ ਦੇ ਚਾਰ ਵਾਰਡਾਂ ਵਿੱਚ ਮੁੜ ਤੋਂ ਹੋਈਆਂ ਚੋਣਾਂ ਵਿੱਚ ਹੂੰਝਾ ਫੇਰ ਜਿੱਤ ਹਾਸਿਲ ਕਰਕੇ ਇਹ ਦੱਸ ਦਿੱਤਾ ਹੈ ਕਿ ਦੇਸ਼ ਵਿੱਚ ਨਾ ਤਾਂ ਮੋਦੀ ਦੀ ਲਹਿਰ ਹੈ ਤੇ ਨਾ ਭਾਜਪਾ ਦੀ। ਇਸ ਗੱਲ ਦਾ ਜ਼ਿਕਰ ਕਰਨ ਦਾ ਮਤਲਬ ਸਿਰਫ਼ ਐਨਾ ਹੀ ਹੈ ਕਿ ਦੇਸ਼ ਦੀਆਂ ਦੋ ਵੱਡੀਆਂ ਰਾਜਨੀਤਿਕ ਪਾਰਟੀਆਂ ਨੇਂ ਹਾਲ ਹੀ ਵਿੱਚ ਦੋ ਵੱਡੇ ਬਦਲਾਅ ਕਰਦੇ ਹੋਏ ਦੋ ਰਾਜਸਥਾਨੀ ਚਿਹਰਿਆਂ ਨੂੰ ਪੰਜਾਬ ਦੇ ਇੰਚਾਰਜ ਥਾਪਿਆ ਹੈ, ਤੇ ਕੀ ਉਹ ਰਾਜਸਥਾਨੀ ਤੇਵਰ ਐਥੇ ਵੀ ਓਹੀ ਕੰਮ ਕਰ ਸਕਣਗੇ ?
ਕਾਂਗਰਸ ਨੇ ਸਚਿਨ ਪਾਇਲਟ ਅਤੇ ਅਤੇ ਭਾਜਪਾ ਨੇ ਸਤੀਸ਼ ਪੂਨੀਆ ਨੂੰ ਪੰਜਾਬ ਵਿੱਚ ਆਪਣੀਆਂ ਚੋਣ ਮੁਹਿੰਮਾਂ ਦੀ ਅਗਵਾਈ ਕਰਨ ਲਈ ਬਹੁਤ ਸੋਚ ਸਮਝ ਕੇ ਹੀ ਭੇਜਿਆ ਹੋਵੇਗਾ, ਇਸ ਗੱਲ ਦੀ ਉਮੀਦ ਕੀਤੀ ਜਾਂਦੀ ਹੈ। ਸੱਤਾਧਾਰੀ ‘ਆਪ’ ਜਿੰਨੀ ਵੱਡੀ ਜਿੱਤ ਹਾਸਿਲ ਕਰਕੇ 2022 ਵਿੱਚ ਪਾਵਰ ਵਿੱਚ ਆਈ ਸੀ ਉਸ ਨਾਲ ਮੁਕਾਬਲਾ ਕਰਨਾ ਐਨਾ ਸੌਖਾ ਵੀ ਨਹੀਂ ਹੈ, ਇਹ ਗੱਲ ਇਹਨਾਂ ਦੋਵਾਂ ਨੂੰ ਪਤਾ ਹੋਣੀ ਚਾਹੀਦੀ ਹੈ। ਦੋਵੇਂ ਪਾਰਟੀਆਂ ਦੇ ਲੋਕਲ ਆਗੂ ਕਿਵੇਂ ਦਲਾਂ ਵਿੱਚ ਵੰਡੇ ਪਏ ਨੇ ਤੇ ਇੱਕ ਦੂਜੇ ਨੂੰ ਨੀਵਾਂ ਵਿਖਾਉਣ ਲਈ ਨਿੱਤ ਨਵੀਆਂ ਚਾਲਾਂ ਚੱਲ ਰਹੇ ਹਨ, ਇਸਤੋਂ ਵੀ ਦੋਵੇਂ ਪਾਰਟੀਆਂ ਦੇ ਆਲਾਕਮਾਨ ਜਾਣੂੰ ਹੀ ਹੋਣਗੇ, ਇਸਦੀ ਵੀ ਉਮੀਦ ਕੀਤੀ ਜਾਂਦੀ ਹੈ। ਪਰ ਹਾਲੀਆ ਕਾਰਗੁਜ਼ਾਰੀਆਂ ਤੋਂ ਅਜਿਹਾ ਨਹੀਂ ਜਾਪਦਾ।
ਇਹ ਇਸ ਲਈ ਕਿਹਾ ਜਾ ਰਿਹਾ ਹੈ ਕਿ ਜਦੋਂ ਭੂਪੇਸ਼ ਬਘੇਲ ਖ਼ਿਲਾਫ਼ ਗੋ ਬੈਕ ਦੇ ਨਾਰੇ ਲਗਾ ਕੇ ਚੰਨੀ ਧੜੇ ਨੇ ਉਸਨੂੰ ਵਾਪਸ ਪਰਤਣ ਲਈ ਮਜ਼ਬੂਰ ਕਰ ਦਿੱਤਾ ਤਾਂ ਜਾ ਕੇ ਹਾਈਕਮਾਨ ਨੂੰ ਸਮਝ ਆਈ ਕਿ ਪਾਰਟੀ ਕਿੱਥੇ ਖੜ੍ਹੀ ਹੈ, ਚੰਗਾ ਹੁੰਦਾ ਜੇਕਰ ਰਾਜਸਥਾਨ ਤੋਂ ਯੋਧਾ ਲਿਆਉਣ ਤੋਂ ਪਹਿਲਾਂ ਆਪਣੇ ਘਰ ਦੀ ਸਫਾਈ ਕਰ ਲਈ ਹੁੰਦੀ ਤੇ ਪਾਰਟੀ ‘ਚ ਚੱਲ ਰਹੀ ਜ਼ਬਰਦਸਤ ਧੜੇਬੰਦੀ ਨਾਲ ਨਜਿੱਠ ਲਿਆ ਹੁੰਦਾ। ਦੂਜੇ ਸੂਬੇ ਤੋਂ ਆਉਣ ਵਾਲੇ ਕਿਸੇ ਵੀ ਯੋਧੇ ਨੂੰ ਸਥਾਨਕ ਟੋਏ ਟਿੱਬਿਆਂ ਦਾ ਜ਼ਿਆਦਾ ਪਤਾ ਨਹੀਂ ਹੁੰਦਾ। ਜਦੋਂ ਤੋਂ ਚੰਨੀ ਨੂੰ ਮੁੱਖਮੰਤਰੀ ਦੀ ਕੁਰਸੀ ਤੇ ਬੈਠਣ ਦਾ ਮੌਕਾ ਮਿਲਿਆ ਹੈ ਉਦੋਂ ਤੋਂ ਉਹ ਇਹ ਦਰਜਾ ਫੇਰ ਤੋਂ ਹਾਸਿਲ ਕਰਨ ਲਈ ਤਰਲੋ ਮੱਛੀ ਹੋਏ ਪਏ ਨੇ, ਤੇ ਇਸੇ ਲਾਲਸਾ ਨੇ ਧੜੇਬੰਦੀ ਨੂੰ ਜਨਮ ਦਿੱਤਾ ਹੈ। ਇਸਤੋਂ ਪਹਿਲਾਂ ਕਿ ਕੁੱਝ ਹੋਰ ਯਤਨ ਕੀਤੇ ਜਾਣ, ਪਹਿਲਾਂ ਦੋਵਾਂ ਪਾਰਟੀਆਂ ਨੂੰ ਆਪਣੇ ਹੀ ਖੇਮਿਆਂ ਦੇ ਅੰਦਰੂਨੀ ਝਗੜਿਆਂ ਵਲ ਝਾਤ ਮਾਰਨੀ ਪਵੇਗੀ।
ਭਾਜਪਾ ਨੇ ਕੁੱਝ ਸਮਾਂ ਪਹਿਲਾਂ ਇੱਕ ਹੋਰ ਰਾਜਸਥਾਨੀ, ਸਤੀਸ਼ ਪੂਨੀਆ ਨੂੰ ਰਾਸ਼ਟਰੀ ਜਨਰਲ ਸਕੱਤਰ ਬਣਾ ਕੇ ਪੰਜਾਬ ਦਾ ਇੰਚਾਰਜ ਥਾਪ ਦਿੱਤਾ। ਇਸ ਤਰ੍ਹਾਂ, ਦੋ ਰਾਸ਼ਟਰੀ ਪਾਰਟੀਆਂ ਨੂੰ ਆਉਂਦੀਆਂ ਵਿਧਾਨਸਭਾ ਚੋਣਾਂ ਜਿੱਤਣ ਲਈ ਰਾਜਸਥਾਨ ਦੇ ਦੋ ਯੋਧਿਆਂ ਦੇ ਮੋਢਿਆਂ ਦਾ ਸਹਾਰਾ ਲੈਣ ਦੀ ਲੋੜ ਪੈ ਗਈ ਹੈ। ਉਂਝ ਕਹਿਣ ਨੂੰ ਤਾਂ ਪੰਜਾਬ ਵੀ ਯੋਧਿਆਂ ਤੇ ਸੂਰਬੀਰਾਂ ਦੀ ਧਰਤੀ ਹੈ, ਪਰ ਕਹਾਵਤ ਵੀ ਹੈ ਨਾ ਕਿ, ਘਰ ਦਾ ਜੋਗੀ ਜੋਗੜਾ ਤੇ ਬਾਹਰ ਦਾ ਜੋਗੀ ਸਿੱਧ। ਕੀ ਪੰਜਾਬ ਵਿੱਚ ਅਜਿਹੇ ਆਗੂਆਂ ਦੀ ਕੋਈ ਘਾਟ ਹੈ, ਗੱਲ ਸਿਰਫ਼ ਐਨੀ ਹੈ ਕਿ ਐਥੇ ਦੇ ਆਗੂ ਨੂੰ, ਦੂਜੇ ਵੀ ਆਗੂ ਮੰਨਣ ਨੂੰ ਤਿਆਰ ਵੀ ਤਾਂ ਹੋਣ। ਸਿੱਧੀ ਗੱਲ ਇਹ ਹੈ ਕਿ ਪੰਜਾਬ ਵਿੱਚ ਆਗੂਆਂ ਦੀ ਕੋਈ ਕਮੀ ਨਹੀਂ ਹੈ, ਹਾਂ ਘਾਟ ਇਸ ਗੱਲ ਦੀ ਹੈ ਕਿ ਇਹ ਆਗੂ ਇੱਕ-ਦੂਜੇ ਨੂੰ ਪ੍ਰਵਾਨ ਹੀ ਨਹੀਂ ਕਰਦੇ।
ਪਿੱਛਲੀਆਂ ਚੋਣਾਂ ਦੌਰਾਨ ਹਰਿਆਣਾ ਦੇ ਇੰਚਾਰਜ ਵਜੋਂ ਪੂਨੀਆ ਨੇ ਭਾਜਪਾ ਸੰਗਠਨ, ਉਮੀਦਵਾਰਾਂ ਦੀ ਚੋਣ, ਬੂਥ ਪ੍ਰਬੰਧਨ ਅਤੇ ਚੋਣ-ਪ੍ਰਚਾਰ ਦੌਰਾਨ ਅਨੁਸ਼ਾਸਨ ਆਦਿ ਤੇ ਖ਼ਾਸ ਜ਼ੋਰ ਦਿੱਤਾ ਸੀ। ਉਹਨਾਂ ਦੇ ਸਾਹਮਣੇ ਕੋਈ ਅੰਦਰੂਨੀ ਚੁਣੌਤੀ ਨਹੀਂ ਸੀ। ਸਾਰਾ ਮੀਡੀਆ ਅਤੇ ਅਜੈਂਸੀਆਂ ਕਹਿ ਰਹੇ ਸਨ ਕਿ ਇਸ ਬਾਰ ਕਾਂਗਰਸ ਸਰਕਾਰ ਬਣਾਏਗੀ, ਪਰ ਹੋਇਆ ਕੀ, ਇਹ ਸਭਨੂੰ ਪਤਾ ਹੈ, ਭਾਜਪਾ ਨੇ ਹਰਿਆਣਾ ਚੋਣਾਂ ਜਿੱਤੀਆਂ। ਜ਼ਾਹਿਰ ਹੈ ਇਹ ਪੂਨੀਆ ਲਈ ਵੀ ਬਹੁਤ ਵੱਡਾ ਤਜ਼ੁਰਬਾ ਸੀ, ਤੇ ਇਸੇ ਉਮੀਦ ਨੂੰ ਆਉਂਦੀਆਂ ਚੋਣਾਂ ਨਾਲ ਜੋੜਿਆ ਜਾ ਰਿਹਾ ਹੈ।
ਦੂਜੇ ਪਾਸੇ ਪਾਇਲਟ ਦਾ ਇੱਕ ਵੱਖਰਾ ਮਿਜਾਜ਼ ਅਤੇ ਇੱਕ ਵੱਖਰਾ ਪ੍ਰਭਾਵ ਹੈ ਜੋ ਹਮੇਸ਼ਾ ਉਹਨਾਂ ਦੇ ਨਾਲ ਤੁਰਦਾ ਹੈ। ਉਹ ਨੌਜਵਾਨ ਹਨ, ਵਧੀਆ ਬੁਲਾਰੇ ਮੰਨੇ ਜਾਂਦੇ ਹਨ, ਸੋਸ਼ਲ ਮੀਡੀਆ ਦੀ ਚੰਗੀ ਸੋਝੀ ਉਹਨਾਂ ਕੋਲ ਹੈ, ਤੇ ਹਾਂ, ਉਹ ਨੌਜਵਾਨ ਪੀੜ੍ਹੀ ਵਿੱਚ ਮਕਬੂਲ ਹਨ ਤੇ ਵੋਟਰਾਂ ਨਾਲ ਜੁੜਨ ਦੇ ਸਮਰੱਥ ਵੀ ਹਨ।
ਭਾਵੇਂ ਉਹ ਕੇਂਦਰੀ ਮੰਤਰੀ, ਰਾਜਸਥਾਨ ਕਾਂਗਰਸ ਦੇ ਪ੍ਰਧਾਨ, ਉਪ ਮੁੱਖ ਮੰਤਰੀ ਵੀ ਰਹੇ ਪ੍ਰੰਤੂ ਉਹਨਾਂ ਦੀ ਆਪਣੇ ਆਕਾ ਯਾਨੀ ਮੁੱਖਮੰਤਰੀ ਅਸ਼ੋਕ ਗਹਿਲੋਤ ਨਾਲ ਲੰਮੀ ਲੜਾਈ ਵੀ ਜਗਜਾਹਿਰ ਹੈ। ਹਾਲਾਂਕਿ ਅੰਦਰੂਨੀ ਗੁੱਟਬੰਦੀ ਦਾ ਪਾਰਟੀ ਨੂੰ ਕੀ ਨੁਕਸਾਨ ਹੋ ਸਕਦੈ, ਉਹ ਇਸਤੋਂ ਵੀ ਅਣਜਾਣ ਨਹੀਂ ਹਨ, ਪਰ ਕੀ ਉਹ ਪੰਜਾਬੀ ਗੁੱਟਬੰਦੀ ਅਤੇ ਰਾਜਸਥਾਨੀ ਗੁੱਟਬੰਦੀ ਵਿੱਚ ਅੰਤਰ ਸਮਝ ਪਾਉਣਗੇ, ਇਹੋ ਚੁਣੌਤੀ ਹੈ। ਛੱਤੀਸਗੜ੍ਹ ਲਈ ਉਹ ਏਆਈਸੀਸੀ ਦੇ ਜਨਰਲ ਸਕੱਤਰ, ਇੰਚਾਰਜ ਰਹਿ ਚੁੱਕੇ ਹਨ।
ਪੰਜਾਬ ਕਾਂਗਰਸ ਰਾਜਾ ਵੜਿੰਗ ਨੂੰ ਲੈ ਕੇ ਕਈ ਦਲਾਂ ਵਿੱਚ ਵੰਡੀ ਜਾ ਚੁੱਕੀ ਹੈ। ਇੱਕ ਧੜਾ ਵੜਿੰਗ ਨੂੰ ਹਟਾਉਣਾ ਚਾਹੁੰਦਾ ਹੈ ਤੇ ਦੂਜਾ ਉਨ੍ਹਾਂ ਨੂੰ ਕਾਇਮ ਰੱਖਣਾ ਚਾਹੁੰਦਾ ਹੈ, ਹਾਈਕਮਾਨ ਤੋਂ ਇਸ ਗੱਲ ਦੀ ਉਮੀਦ ਲਗਭਗ ਹਰ ਕੋਈ ਲਾਈ ਬੈਠਾ ਹੈ ਕਿ ਕੋਈ ਅਜਿਹਾ ਫੈਸਲਾ ਆਵੇ ਜੋ ਪਾਰਟੀ ਦੀ ਅਹਿਮੀਅਤ ਨੂੰ ਸਥਾਪਿਤ ਕਰ ਸਕੇ। ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ ਅਤੇ ਕਈ ਹੋਰਾਂ ਨੇ ਵੜਿੰਗ ਦੇ ਅਹੁਦੇ ‘ਤੇ ਬਣੇ ਰਹਿਣ ਦਾ ਵਿਰੋਧ ਕੀਤਾ ਹੈ। ਸੱਚ ਪੁੱਛੋਂ ਤਾਂ ਇਹੋ ਕਾਰਨ ਵਿਵਾਦ ਦੀ ਜੜ੍ਹ ਹੈ।
ਇਹ ਵੀ ਕੋਈ ਝੂਠ ਨਹੀਂ ਕਿ ਭਾਜਪਾ ਦੀ ਹਾਲਤ ਵੀ ਠੀਕ ਅਜਿਹੀ ਹੀ ਹੈ। ਜਦੋਂ ਕੇਵਲ ਸਿੰਘ ਢਿੱਲੋਂ ਨੂੰ ਸੂਬਾ ਪ੍ਰਧਾਨ ਥਾਪਿਆ ਗਿਆ ਸੀ ਤਾਂ ਭਾਜਪਾ ਵਿੱਚ ਵੀ ਬਗ਼ਾਵਤ ਹੋਈ ਸੀ, ਉਸ ਤੋਂ ਬਾਅਦ ਸੰਗਠਨਾਤਮਕ ਢਾਂਚੇ ਵਿੱਚ ਵਿਵਾਦਪੂਰਨ ਬਦਲਾਅ ਕੀਤੇ ਗਏ ਤਾਂ ਪੁਰਾਣੇ ਵਰਕਰਾਂ ਨੇ ਠਾਹ ਅਸਤੀਫੇ ਕੱਢ ਮਾਰੇ। ਪੁਰਾਣੇ ਵਰਕਰਾਂ ਨੇ ਸ਼ਿਰਕਤ ਕੀਤੀ ਕਿ ਪੁਰਾਣੇ ਤੇ ਵਫ਼ਾਦਾਰ ਵਰਕਰਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਤੇ ਭਾਜਪਾ ਵਿੱਚ ਕਾਂਗਰਸੀ ਸੱਭਿਆਚਾਰ ਦਾਖਲ ਹੋ ਰਿਹਾ ਹੈ। ਭਲਿਓ ਲੋਕੋ, ਜਿਹੜੇ ਕੈਪਟਨ ਅਮਰਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਬਾਦਲ ਵਰਗੇ ਤਜੁਰਬੇਕਾਰ ਨੇਤਾ ਭਾਜਪਾ ਵਿੱਚ ਹੁਣ ਬੈਠੇ ਨੇ, ਕੀ ਉਹ ਰਾਜਨੀਤੀ ਤੁਹਾਡੇ ਕੋਲੋਂ ਸਿੱਖਣਗੇ, ਇਹ ਤਾਂ ਸਗੋਂ ਤੁਸੀਂ ਉਹਨਾਂ ਤੋਂ ਸਿੱਖੋ, ਆਪਣੇ ਪੁਰਾਣੇ ਹੋਣ ਦਾ ਦਾਅਵਾ ਕਰਦੇ ਹੋਏ ਜੇਕਰ ਉਹਨਾਂ ਦਾ ਵਿਰੋਧ ਕਰੋਗੇ ਤਾਂ ਪਾਰਟੀ ਦਾ ਨੁਕਸਾਨ ਹੀ ਹੋਵੇਗਾ।
ਕਹਿਣ ਨੂੰ ਭਾਵੇਂ ਭਾਜਪਾ ਕਹਿੰਦੀ ਫਿਰੇ ਕਿ ਉਹ 117 ਸੀਟਾਂ ‘ਤੇ ਚੋਣ ਲੜੇਗੀ ਪਰ ਇਹਨਾਂ ਨੂੰ ਮਿਆਰੀ ਕੱਦ ਦੇ 117 ਤਾਂ ਕੈਂਡੀਡੇਟ ਵੀ ਨਹੀਂ ਥਿਆਉਣੇ। ਉਂਝ ਵੀ ਭਾਜਪਾ ਵਿੱਚ ਸਿੱਖ ਚਿਹਰਿਆਂ ਦੀ ਜੋ ਘਾਟ ਹੈ ਉਹ ਪੂਰੀ ਹੋ ਹੀ ਨਹੀਂ ਸਕਦੀ। ਐਵੇਂ ਭਰਮ ਪਾਲਣਾ ਹੈ ਤਾਂ ਇਹਨਾਂ ਦੀ ਮਰਜ਼ੀ। ਇਸਦੇ ਹੱਲ ਲਈ ਕੋਈ ਰਾਜਸਥਾਨੀ ਨੇਤਾ ਇਹਨਾਂ ਲਈ ਮੁਫ਼ੀਦ ਹੋਵੇਗਾ, ਇਸਤੇ ਸ਼ੱਕ ਕੀਤਾ ਜਾ ਸਕਦਾ ਹੈ। ਜੇਕਰ ਦੋਹਾਂ ਪਾਰਟੀਆਂ ‘ਚੋਂ ਕੋਈ ਵੀ ਕਿਸਾਨ ਅੰਦੋਲਨ ਦੇ ਜ਼ਖਮਾਂ ਤੇ ਮੱਲ੍ਹਮ ਲਾ ਸਕਿਆ ਤਾਂ ਲਾਹਾ ਲੈ ਜਾਵੇਗਾ ਨਹੀਂ ਤਾਂ ਆਪਣਿਆਂ ਨੂੰ ਛੱਡ ਕੇ ਬਾਹਰਲੀਆਂ ਹੱਥ ਬਾਗਡੋਰ ਦੇਣ ਦਾ ਕੋਈ ਲਾਭ ਨਹੀਂ ਹੋਣ ਵਾਲਾ।

 

RELATED ARTICLES
POPULAR POSTS