
ਕਿਹਾ, ਮੇਰੇ ਕਾਫਲੇ ਤੇ ਹਮਲਾ ਮੈਨੂੰ ਯਾਤਰਾ ਵਿੱਚ ਸ਼ਾਮਲ ਹੋਣ ਤੋਂ ਰੋਕਣ ਦੀ ਕੋਸ਼ਿਸ਼
ਸੁਰੱਖਿਆ ਟੀਮ ਨੇ ਮੌਕੇ ਤੋਂ ਕਾਬੂ ਕੀਤੇ 3 ਵਿਅਕਤੀ, ਬਿੱਟੂ ਦਾ ਦਾਅਵਾ
ਅਮਰਜੀਤ ਸਿੰਘ
ਪਠਾਨਕੋਟ, 18, ਸਿਤੰਬਰ 2026
ਇੱਕ ਵਾਰ ਫੇਰ ਭਾਰਤੀ ਜਨਤਾ ਪਾਰਟੀ ਦੇ ਆਗੂ ਰਵਨੀਤ ਸਿੰਘ ਬਿੱਟੂ ਚਰਚਾ ਵਿੱਚ ਹਨ। ਉਹਨਾਂ ਨੇ ਸ਼ੁੱਕਰਵਾਰ ਨੂੰ ਦੋਸ਼ ਲਾਇਆ ਕਿ ਉਨ੍ਹਾਂ ਦੇ ਕਾਫਲੇ ਤੇ ਹਮਲਾ ਕੀਤਾ ਗਿਆ ਗਿਆ ਹੈ ਜਦੋਂ ਕਿ ਉਹ ਪਾਰਟੀ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੇ ਉਦਘਾਟਨ ਵਿੱਚ ਸ਼ਾਮਲ ਹੋਣ ਲਈ ਪਠਾਨਕੋਟ ਜਾ ਰਹੇ ਸਨ।
ਸਾਬਕਾ ਕੇਂਦਰੀ ਰਾਜ ਮੰਤਰੀ ਬਿੱਟੂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਸੁਰੱਖਿਆ ਟੀਮ ਨੇ ਅੱਗੇ ਵੱਧ ਕੇ ਆਮ ਆਦਮੀ ਪਾਰਟੀ ਨਾਲ ਸਬੰਧਤ ਤਿੰਨ ਵਿਅਕਤੀਆਂ ਨੂੰ ਕਾਬੂ ਕਰ ਲਿਆ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਵਿਧਾਇਕ ਸ਼ੈਰੀ ਨੇ ਇਨ੍ਹਾਂ ਵਿਅਕਤੀਆਂ ਨੂੰ, ਉਨ੍ਹਾਂ ਨੂੰ ਯਾਤਰਾ ’ਚ ਹਿੱਸਾ ਲੈਣ ਤੋਂ ਰੋਕਣ ਲਈ ਭੇਜਿਆ ਸੀ।
ਇਸ ਗੱਲ ਦਾ ਦਾਅਵਾ ਭਾਜਪਾ ਆਗੂ ਨੇ ਉਦੋਂ ਕੀਤਾ ਜਦੋਂ ਉਹ ਸੂਬਾ ਪੱਧਰ ਤੇ ਹੋਣ ਜਾ ਰਹੀ ਨਸ਼ਾ ਵਿਰੋਧੀ ਯਾਤਰਾ ਲਈ ਪਠਾਨਕੋਟ ਪੁੱਜੇ। ਬਿੱਟੂ ਨੇ ਦਾਅਵਾ ਕੀਤਾ ਹੈ ਕਿ ਪਠਾਨਕੋਟ ਵਿੱਚ ਪਾਰਟੀ ਦੀ ‘ਨਸ਼ਾ ਵਿਰੋਧੀ ਯਾਤਰਾ’ ਵਿੱਚ ਸ਼ਾਮਲ ਹੋਣ ਲਈ ਜਾਂਦੇ ਸਮੇਂ ਪੰਜਾਬ ਦੇ ਸ਼ਹਿਰ ਬਟਾਲਾ ਨੇੜੇ ਆਮ ਆਦਮੀ ਪਾਰਟੀ ਦੇ 100 ਤੋਂ ਵੱਧ ਵਰਕਰਾਂ ਵੱਲੋਂ ਉਨ੍ਹਾਂ ਦੇ ਕਾਫ਼ਲੇ ’ਤੇ ਪੱਥਰਾਂ ਅਤੇ ਆਂਡਿਆਂ ਨਾਲ ਕਥਿਤ ਤੌਰ ’ਤੇ ਹਮਲਾ ਕੀਤਾ ਗਿਆ, ਜਿਸ ਨਾਲ ਦੋ ਸੁਰੱਖਿਆ ਵਾਹਨਾਂ ਦੇ ਸ਼ੀਸ਼ੇ ਟੁੱਟ ਗਏ ਅਤੇ ਜੈਮਰ ਵਾਲੀ ਗੱਡੀ ਦਾ ਵੀ ਨੁਕਸਾਨ ਹੋਇਆ।
ਇਹ ਕੋਈ ਪਹਿਲਾ ਮੌਕਾ ਨਹੀਂ ਹੈ ਕਿ ਬਿੱਟੂ ਨੇ ਕੋਈ ਅਜਿਹਾ ਬਿਆਨ ਦਿੱਤਾ ਹੋਵੇ ਜਿਸ ਨਾਲ ਵਿਵਾਦ ਨਾ ਜੁੜਿਆ ਹੋਵੇ। ਕੁੱਝ ਦਿਨ ਪਹਿਲਾਂ ਹੀ ਬਿੱਟੂ ਨੇ ਇੱਕ ਗ਼ਲਤ ਵੀਡੀਓ ਸੋਸ਼ਲ ਮੀਡਿਆ ਤੇ ਪਾਕੇ ਇਹ ਕਿਹਾ ਸੀ ਕਿ ਪੰਜਾਬ ਵਿੱਚ ਯੁਵਕਾਂ ਦਾ ਅਜਿਹਾ ਹਾਲ ਨਸ਼ਾ ਲੈਣ ਕਾਰਨ ਹੋਇਆ ਹੈ। ਵੀਡੀਓ ਵਾਲਾ ਲੜਕਾ ਮਗਰੋਂ ਦੌੜਦਾ ਨਜ਼ਰ ਆਉਂਦਾ ਹੈ ਤੇ ਮੀਡਿਆ ਤੇ ਬਹਿਸ ਛਿੜ ਜਾਂਦੀ ਹੈ ਕਿ ਆਖਿਰ ਬਿੱਟੂ ਕਹਿਣਾ ਕੀ ਚਾਹੁੰਦੇ ਹਨ।
ਹੁਣ ਉਨ੍ਹਾਂ ਦੋਸ਼ ਲਾਇਆ ਹੈ ਕਿ ਘਟਨਾ ਸਮੇਂ ਸਥਾਨਕ ਪੁਲਿਸ ਮੂਕ ਦਰਸ਼ਕ ਬਣੀ ਰਹੀ ਅਤੇ ਉਨ੍ਹਾਂ ਦੀ ਸੁਰੱਖਿਆ ਟੀਮ ਨੇ ਮੌਕੇ ਤੋਂ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਇਸ ਮਾਮਲੇ ਬਾਰੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਜਾਣੂ ਕਰਵਾ ਦਿੱਤਾ ਹੈ ਅਤੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੂੰ ਜਾਂ ਉਨ੍ਹਾਂ ਦੇ ਸਾਥੀਆਂ ਨੂੰ ਕੋਈ ਨੁਕਸਾਨ ਪਹੁੰਚਦਾ ਹੈ ਤਾਂ ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੂਬੇ ਦੇ ਡੀਜੀਪੀ ਜ਼ਿੰਮੇਵਾਰ ਹੋਣਗੇ। ਇੱਕ ਸਾਬਕਾ ਕਾਂਗਰਸ ਨੇਤਾ ਨੇ ਨਾਂਅ ਨਾ ਛਾਪਣ ਦੀ ਸ਼ਰਤ ਤੇ ਕਿਹਾ ਕਿ ਇਹ ਗੱਲ ਧਿਆਨ ਦੇਣ ਵਾਲੀ ਹੈ ਕਿ ਕੀ ਕਦੇ ਆਂਡਿਆਂ ਨਾਲ ਵੀ ਕਿਸੇ ਤੇ ਹਮਲਾ ਕੀਤਾ ਜਾ ਸਕਦੈ, ਇਹੋ ਜਿਹਾ ਕੰਮ ਤਾਂ ਲੋਕ ਵਿਰੋਧ ਪ੍ਰਦਰਸ਼ਨ ਲਈ ਆਮ ਤੌਰ ਤੇ ਕਰਦੇ ਹੀ ਹੁੰਦੇ ਹਨ।
ਰਵਨੀਤ ਬਿੱਟੂ ਨੇ ਕਿਹਾ ਹੈ ਕਿ ਅਜਿਹੀਆਂ ਘਟਨਾਵਾਂ ਲੋਕਤੰਤਰ ਅਤੇ ਸਿਆਸੀ ਆਗੂਆਂ ਦੀ ਸੁਰੱਖਿਆ ਲਈ ਵੱਡਾ ਖ਼ਤਰਾ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ਨੂੰ ਕੋਈ ਨੁਕਸਾਨ ਪਹੁੰਚਦਾ ਹੈ ਤਾਂ ਇਸ ਲਈ ਪੰਜਾਬ ਦੇ ਮੁੱਖ ਮੰਤਰੀ ਅਤੇ ਡੀਜੀਪੀ ਜ਼ਿੰਮੇਵਾਰ ਹੋਣਗੇ। ਉਨ੍ਹਾਂ ਪੰਜਾਬ ਸਰਕਾਰ ਤੋਂ ਘਟਨਾ ਦੀ ਤੁਰੰਤ ਜਾਂਚ ਦੀ ਮੰਗ ਕੀਤੀ।
ਭਾਰਤੀ ਜਨਤਾ ਪਾਰਟੀ ਬਹੁਤ ਦੇਰ ਤੋਂ ਇਸ ਗੱਲ ਦਾ ਪ੍ਰਚਾਰ ਕਰਦੀ ਆ ਰਹੀ ਹੈ ਕਿ ਉਹ ਨਸ਼ੇ ਦੇ ਖ਼ਿਲਾਫ਼ ਯਾਤਰਾ ਕੱਢਣਗੇ। ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਅੱਜ ਪਠਾਨਕੋਟ ਤੋਂ ਇਸ ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਾ ਸੀ ਤੇ ਬਿੱਟੂ ਉਥੇ ਹੀ ਜਾ ਰਹੇ ਹਨ। 4,000 ਕਿਲੋਮੀਟਰ ਦੀ ਇਹ ਯਾਤਰਾ ਸਾਰੇ 117 ਵਿਧਾਨ ਸਭਾ ਹਲਕਿਆਂ ਵਿੱਚੋਂ ਲੰਘ ਕੇ 30 ਸਤੰਬਰ ਨੂੰ ਜਲੰਧਰ ਵਿੱਚ ਸਮਾਪਤ ਹੋਵੇਗੀ, ਜਿੱਥੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਰੈਲੀ ਨੂੰ ਸੰਬੋਧਨ ਕਰਨਗੇ।

