ਫਿਲਮ ‘ਚ ਝੂਠੇ ਪੁਲਿਸ ਮੁਕਾਬਲਿਆਂ ਦੌਰਾਨ 25 ਹਜ਼ਾਰ ਹੱਤਿਆਵਾਂ ਦਾ ਦਾਅਵਾ
ਮੁਹਾਲੀ/ਪਰਵਾਸੀ ਨਿਊਜ਼ : ਦਿਲਜੀਤ ਦੋਸਾਂਝ ਦੀ ਫਿਲਮ, ਜੋ ਕਿ ਪੰਜਾਬ ਦੇ ਮਨੁੱਖੀ ਅਧਿਕਾਰ ਕਾਰਜਕਰਤਾ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਅਧਾਰਿਤ ਹੈ, ਉਸ ਨੂੰ ਅਚਾਨਕ ਓਟੀਟੀ ਪਲੇਟਫਾਰਮ ਤੋਂ ਹਟਾ ਦਿੱਤਾ ਗਿਆ ਹੈ। ਜਸਵੰਤ ਸਿੰਘ ਖਾਲੜਾ ਨੇ ਇਲਜ਼ਾਮ ਲਗਾਇਆ ਸੀ ਕਿ ਖਾੜਕੂਵਾਦ ਦੌਰਾਨ ਪੰਜਾਬ ‘ਚ 25 ਹਜ਼ਾਰ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰੇ ਗਏ ਸਨ।
ਇਹ ਫਿਲਮ ਤਿੰਨ ਸਾਲ ਦੀ ਪਾਬੰਦੀ ਤੋਂ ਬਾਅਦ ਇਕ ਨਵੇਂ ਸਿਰਲੇਖ ਹੇਠ ਜੀ-5 ਪਲੇਟਫਾਰਮ ‘ਤੇ ਰਿਲੀਜ਼ ਹੋਈ ਸੀ। ਅਸਲ ਵਿਚ ‘ਪੰਜਾਬ-95’ ਸਿਰਲੇਖ ਵਾਲੀ ਇਸ ਫਿਲਮ ਨੂੰ ਓਟੀਟੀ ਪਲੇਟਫਾਰਮ ‘ਤੇ ‘ਸਤਲੁਜ’ ਨਾਮ ਹੇਠ ਰਿਲੀਜ਼ ਕੀਤਾ ਗਿਆ ਸੀ। ਫਿਲਮ ਨੂੰ ਹਟਾਏ ਜਾਣ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਟਿੱਪਣੀ ਕਰਦਿਆਂ ਕਿਹਾ ਕਿ ”ਇਕ ਇਨਸਾਨੀਅਤ ਹੁੰਦੀ ਹੈ, ਉਹ ਇਨਸਾਨੀਅਤ ਮਰ ਗਈ ਹੈ। ਮੈਨੂੰ ਇਸ ਗੱਲ ਦਾ ਦੁੱਖ ਨਹੀਂ ਕਿ ਫਿਲਮ ਇੰਟਰਨੈਟ ਤੋਂ ਹਟਾ ਦਿੱਤੀ ਗਈ ਹੈ, ਕਿਉਂਕਿ ਇਹ ਫਿਲਮ ਲੋਕਾਂ ਤੱਕ ਪਹੁੰਚ ਚੁੱਕੀ ਹੈ। ਦਿਲਜੀਤ ਦੋਸਾਂਝ ਨੇ ਕਿਹਾ ਕਿ ਇਕ ਵਾਰ ਜੋ ਚੀਜ਼ ਇੰਟਰਨੈਟ ‘ਤੇ ਆ ਗਈ, ਉਸ ਨੂੰ ਹਟਾਉਣਾ ਅਸਾਨ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਫਿਲਮ ਨਾਲ ਉਹੀ ਕੁਝ ਹੋਇਆ, ਜੋ ਖਾਲੜਾ ਜੀ ਨਾਲ ਹੋਇਆ ਸੀ।”
ਦਿਲਜੀਤ ਦੋਸਾਂਝ ਦੀ ਫਿਲਮ ‘ਸਤਲੁਜ’ ਨੂੰ ਓਟੀਟੀ ਪਲੇਟਫਾਰਮ ‘ਤੇ ਮੁੜ ਬਹਾਲ ਕਰਨ ਦੀ ਮੰਗ
ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਪਟੀਸ਼ਨ ਦਾਇਰ
ਮਨੁੱਖੀ ਅਧਿਕਾਰ ਕਾਰਜਕਰਤਾ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਆਧਾਰਿਤ ਫਿਲਮ ‘ਸਤਲੁਜ’ ਨੂੰ ਓ.ਟੀ.ਟੀ. ਪਲੇਟਫਾਰਮ ਜੀ-5 ਤੋਂ ਹਟਾਏ ਜਾਣ ਦਾ ਮਾਮਲਾ ਹੁਣ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਪਹੁੰਚ ਗਿਆ ਹੈ। ਅਦਾਲਤ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਗਈ ਹੈ ਕਿ ਇਸ ਫਿਲਮ ਨੂੰ ਪੂਰੇ ਦੇਸ਼ ਵਿੱਚ ਜਨਤਾ ਦੇ ਦੇਖਣ ਲਈ ਇਸ ਪਲੇਟਫਾਰਮ ‘ਤੇ ਤੁਰੰਤ ਮੁੜ ਬਹਾਲ ਕੀਤਾ ਜਾਵੇ। ਇਹ ਪਟੀਸ਼ਨ ਸ਼ਰਵਣ ਸਿੰਘ ਨਾਂ ਦੇ ਵਿਅਕਤੀ ਵੱਲੋਂ ਦਾਇਰ ਕੀਤੀ ਗਈ ਹੈ।
ਪੰਜਾਬ ਪੁਲਿਸ ਨੂੰ ਨਹੀਂ ਮਿਲਿਆ ਸਾਬਕਾ ਡੀਐਸਪੀ ਜਸਪਾਲ ਸਿੰਘ
ਨਾਭਾ ਜੇਲ੍ਹ ਪ੍ਰਸ਼ਾਸਨ ਨੇ ਖਾਲੜਾ ਕਤਲ ਕੇਸ ਦੇ ਦੋਸ਼ੀ ਸਾਬਕਾ ਡੀ ਐੱਸ ਪੀ ਜਸਪਾਲ ਸਿੰਘ ਦੇ ਦਿੱਤੇ ਪਤੇ ਦੀ ਜਾਂਚ ਕਰਨ ਲਈ ਕਿਹਾ ਸੀ ਪਰ ਪੁਲਿਸ ਨੂੰ ਉਸ ਦਾ ਕੋਈ ਥਹੁ ਪਤਾ ਨਾ ਲੱਗਿਆ। ਜ਼ਿਕਰਯੋਗ ਹੈ ਕਿ ਮਨੁੱਖੀ ਅਧਿਕਾਰਾਂ ਦੇ ਰਾਖੇ ਜਸਵੰਤ ਸਿੰਘ ਖਾਲੜਾ ਕਤਲ ਦੇ ਦੋਸ਼ ਵਿੱਚ ਸਾਬਕਾ ਡੀ ਐੱਸ ਪੀ ਜਸਪਾਲ ਸਿੰਘ ਨਾਭਾ ਓਪਨ ਜੇਲ੍ਹ ਵਿਚ ਉਮਰ ਕੈਦ ਕਟ ਰਿਹਾ ਸੀ ਅਤੇ ਉਸ ਨੂੰ 2023 ਵਿੱਚ ਜ਼ਮਾਨਤ ‘ਤੇ ਰਿਹਾਅ ਕੀਤਾ ਗਿਆ ਸੀ। ਨਾਭਾ ਜੇਲ੍ਹ ਪ੍ਰਸ਼ਾਸਨ ਨੇ ਉਸਦੇ ਦਿੱਤੇ ਪਤੇ ਦੀ ਤਸਦੀਕ ਕਰਨ ਲਈ ਹੁਸ਼ਿਆਰਪੁਰ ਪੁਲਿਸ ਨੂੰ ਕਿਹਾ ਸੀ ਪਰ ਪੁਲਿਸ ਨੂੰ ਉਸ ਦਾ ਦਿੱਤਾ ਪਤਾ ਨਹੀਂ ਮਿਲਿਆ।
ਦਿਲਜੀਤ ਦੋਸਾਂਝ ਦੀ ਫਿਲਮ ‘ਸਤਲੁਜ’ ਓ.ਟੀ.ਟੀ. ਤੋਂ ਹਟਾਈ
RELATED ARTICLES

