Breaking News
Home / ਪੰਜਾਬ / ਵਿਦੇਸ਼ਾਂ ‘ਚ ਵਿਕਣ ਲੱਗੀ ਪਠਾਨਕੋਟ ਦੀ ਲੀਚੀ

ਵਿਦੇਸ਼ਾਂ ‘ਚ ਵਿਕਣ ਲੱਗੀ ਪਠਾਨਕੋਟ ਦੀ ਲੀਚੀ

ਜ਼ਿਲ੍ਹੇ ਤੋਂ ਲੀਚੀ ਦੀ ਦੂਜੀ ਖੇਪ ਦੁਬਈ ਤੇ ਦੋਹਾ ਭੇਜੀ; ਫਲ ‘ਚ ਮਿਠਾਸ ਜ਼ਿਆਦਾ ਹੋਣ ਕਾਰਨ ਮੰਗ ਵਧੀ: ਸ਼ੰਮੀ ਕੁਮਾਰ
ਪਠਾਨਕੋਟ/ਬਿਊਰੋ ਨਿਊਜ਼ : ਜ਼ਿਲ੍ਹਾ ਪਠਾਨਕੋਟ ਤੋਂ ਲੀਚੀ ਦੀ ਦੂਜੀ ਖੇਪ ਦੁਬਈ ਅਤੇ ਦੋਹਾ (ਕਤਰ) ਭੇਜ ਦਿੱਤੀ ਹੈ। ਇਸ ਬਾਰੇ ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਸ਼ੰਮੀ ਕੁਮਾਰ ਨੇ ਦੱਸਿਆ ਕਿ ਡਾਇਰੈਕਟਰ ਬਾਗਬਾਨੀ ਪੰਜਾਬ ਸ਼ੈਲਿੰਦਰ ਕੌਰ ਆਈਐੱਫਐੱਸ ਅਤੇ ਦਿੱਲੀ ਦੇ ਸਰਕਾਰੀ ਵਿਭਾਗ ‘ਅਪੇਡਾ’ (ਏਪੀਈਡੀਏ) ਦੇ ਸਹਿਯੋਗ ਨਾਲ ਪਠਾਨਕੋਟ ਜ਼ਿਲ੍ਹੇ ਦੇ ਬਾਗਬਾਨ ਪ੍ਰਭਾਤ ਸਿੰਘ ਪਿੰਡ ਚੱਕ ਮਾਧੋ ਸਿੰਘ ਦੇ ਬਾਗ ਤੋਂ ਲੀਚੀ ਦੀ ਦੂਜੀ ਖੇਪ (20 ਕੁਇੰਟਲ) ਦੋਹਾ ਅਤੇ ਦੁਬਈ ਭੇਜੀ ਗਈ ਹੈ ਜਦੋਂ ਕਿ ਇਸ ਤੋਂ ਪਹਿਲਾਂ ਵੀ ਪਿਛਲੇ ਹਫ਼ਤੇ ਇੱਕ ਖੇਪ ਦੁਬਈ ਭੇਜੀ ਗਈ ਸੀ।
ਜਾਣਕਾਰੀ ਅਨੁਸਾਰ ਲੀਚੀ ਨੂੰ ਵਿਦੇਸ਼ਾਂ ਵਿੱਚ ਵੇਚਣ ਲਈ ਡਿਪਟੀ ਡਾਇਰੈਕਟਰ ਡਾ. ਸ਼ੰਮੀ ਕੁਮਾਰ, ਏਪੀਈਡੀਏ ਦੇ ਖੇਤਰੀ ਮੁਖੀ ਹਰਪ੍ਰੀਤ ਸਿੰਘ ਅਤੇ ਬਾਗਬਾਨੀ ਵਿਕਾਸ ਅਧਿਕਾਰੀ ਤੇ ਨੋਡਲ ਅਧਿਕਾਰੀ ਜਤਿੰਦਰ ਕੁਮਾਰ ਨੇ ਦੁਬਈ ਵਿੱਚ ਸੰਪਰਕ ਕੀਤਾ ਸੀ। ਇਸ ਮਗਰੋਂ ਖੇਤਰ ਦੇ ਬਾਗਬਾਨਾਂ ਨੇ ਵਿਦੇਸ਼ਾਂ ਵਿੱਚ ਲੀਚੀ ਵੇਚ ਕੇ ਬਹੁਤ ਲਾਭ ਪ੍ਰਾਪਤ ਕੀਤਾ ਅਤੇ ਲੀਚੀ ਦੇ ਫਲ ਦਾ ਵਾਜਬ ਰੇਟ ਮਿਲਿਆ। ਹੁਣ ਲੀਚੀ ਦੀ ਦੂਜੀ ਖੇਪ ਭੇਜੀ ਗਈ ਹੈ।
ਡਾ. ਸ਼ੰਮੀ ਕੁਮਾਰ ਨੇ ਦੱਸਿਆ ਕਿ ਇਸ ਵਾਰ ਜ਼ਿਲ੍ਹੇ ਵਿੱਚ ਲੀਚੀ ਦੇ ਚੰਗੇ ਉਤਪਾਦਨ ਤੋਂ ਬਾਗਬਾਨ ਖੁਸ਼ ਹਨ। ਪਠਾਨਕੋਟ ਜ਼ਿਲ੍ਹੇ ਦਾ ਵਾਤਾਵਰਣ ਲੀਚੀ ਦੇ ਫਲ ਲਈ ਬਹੁਤ ਢੁੱਕਵਾਂ ਹੈ। ਇੱਥੇ ਲੀਚੀ ਦਾ ਰੰਗ ਕੁਦਰਤੀ ਤੌਰ ‘ਤੇ ਗੂੜ੍ਹਾ ਲਾਲ ਹੈ ਅਤੇ ਮਿਠਾਸ ਵੀ ਬਹੁਤ ਜ਼ਿਆਦਾ ਹੈ, ਇਸ ਲਈ ਲੀਚੀ ਦੇ ਫਲ ਦੀ ਮੰਗ ਵਿਦੇਸ਼ਾਂ ਵਿੱਚ ਵੱਧ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਪਹਿਲੀ ਵਾਰ ਦਿੱਲੀ ਦੇ ਸਰਕਾਰੀ ਵਿਭਾਗ ‘ਅਪੇਡਾ’ ਰਾਹੀਂ ਪਠਾਨਕੋਟ ਦੀ 12 ਕੁਇੰਟਲ ਲੀਚੀ ਲੰਦਨ ਭੇਜੀ ਗਈ ਸੀ।

 

Check Also

ਹੁਸ਼ਿਆਰਪੁਰ ਦੇ ਕਸਬਾ ਹਰਿਆਣਾ ’ਚ ਗਊਸ਼ਾਲਾ ਦਾ ਲੈਂਟਰ ਡਿੱਗਿਆ-20 ਤੋਂ ਵੱਧ ਗਊਆਂ ਦੀ ਮੌਤ

  ਜ਼ਖਮੀ ਗਊਆਂ ਦਾ ਕੀਤਾ ਜਾ ਰਿਹੈ ਇਲਾਜ ਹੁਸ਼ਿਆਰਪੁਰ/ਬਿਊਰੋ ਨਿਊਜ਼ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬਾ ਹਰਿਆਣਾ …