Breaking News
Home / ਕੈਨੇਡਾ / Front / ਐਡਵੋਕੇਟ ਹਰਜਿੰਦਰ ਸਿੰਘ ਧਾਮੀ ਲਗਾਤਾਰ ਚੌਥੀ ਵਾਰ ਬਣੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਲਗਾਤਾਰ ਚੌਥੀ ਵਾਰ ਬਣੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ

ਧਾਮੀ ਨੂੰ 107 ਅਤੇ ਬੀਬੀ ਜਗੀਰ ਕੌਰ ਨੂੰ 33 ਵੋਟਾਂ ਪਈਆਂ
ਅੰਮਿ੍ਰਤਸਰ/ਬਿਊਰੋ ਨਿਊਜ਼
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਮਿ੍ਰਤਸਰ ’ਚ ਹੋਈ ਸਲਾਨਾ ਚੋਣ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਲਗਾਤਾਰ ਚੌਥੀ ਵਾਰ ਪ੍ਰਧਾਨ ਚੁਣੇ ਗਏ ਹਨ। ਧਿਆਨ ਰਹੇ ਕਿ ਹਰਜਿੰਦਰ ਸਿੰਘ ਧਾਮੀ ਨੂੰ ਸ਼ੋ੍ਰਮਣੀ ਅਕਾਲੀ ਦਲ ਨੇ ਉਮੀਦਵਾਰ ਐਲਾਨਿਆ ਸੀ। ਇਸੇ ਦੌਰਾਨ ਰਘੂਜੀਤ ਸਿੰਘ ਵਿਰਕ ਨੂੰ ਸੀਨੀਅਰ ਮੀਤ ਪ੍ਰਧਾਨ, ਬਲਦੇਵ ਸਿੰਘ ਕਲਿਆਣ ਨੂੰ ਜੂਨੀਅਰ ਮੀਤ ਪ੍ਰਧਾਨ ਅਤੇ ਸ਼ੇਰ ਸਿੰਘ ਮੰਡ ਨੂੰ ਜਨਰਲ ਸਕੱਤਰ ਚੁਣਿਆ ਗਿਆ ਹੈ।  ਸਲਾਨਾ ਜਨਰਲ ਇਜਲਾਸ ਦੌਰਾਨ ਕੁੱਲ 142 ਮੈਂਬਰਾਂ ਨੇ ਵੋਟ ਪਾਈ ਅਤੇ ਐਡਵੋਕੇਟ ਧਾਮੀ ਨੂੰ 107 ਵੋਟਾਂ ਹਾਸਲ ਹੋਈਆਂ। ਪ੍ਰਧਾਨ ਦੇ ਅਹੁਦੇ ਵਾਸਤੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਉਮੀਦਵਾਰ ਬੀਬੀ ਜਗੀਰ ਕੌਰ ਨੂੰ 33 ਵੋਟਾਂ ਹੀ ਮਿਲੀਆਂ ਜਦੋਂਕਿ 2 ਵੋਟਾਂ ਰੱਦ ਕਰ ਦਿੱਤੀਆਂ ਗਈਆਂ। ਇਸ ਤੋਂ ਇਲਾਵਾ 11 ਮੈਂਬਰ ਅੰਤਰਿੰਗ ਕਮੇਟੀ ਵਾਸਤੇ ਵੀ ਚੁਣੇ ਗਏ ਹਨ। ਪ੍ਰਧਾਨ ਦੇ ਅਹੁਦੇ ਤੋਂ ਇਲਾਵਾ ਬਾਕੀ ਅਹੁਦਿਆਂ ਵਾਸਤੇ ਵਿਰੋਧੀ ਧਿਰ ਵੱਲੋਂ ਕੋਈ ਵੀ ਉਮੀਦਵਾਰ ਪੇਸ਼ ਨਹੀਂ ਕੀਤਾ ਗਿਆ, ਜਿਸ ਕਾਰਨ ਬਾਕੀ ਸਾਰੇ ਅਹੁਦੇਦਾਰ ਬਿਨਾਂ ਵਿਰੋਧ ਚੁਣੇ ਗਏ ਹਨ।
ਐਸਜੀਪੀਸੀ ਦੀ ਚੋਣ ਜਿੱਤਣ ਤੋਂ ਬਾਅਦ ਬੋਲੇ ਧਾਮੀ
ਕਿਹਾ : ਅੱਜ ਭੰਨਤੋੜ ਕਰਨ ਵਾਲੀਆਂ ਤਾਕਤਾਂ ਦੀ ਹੋਈ ਹੈ ਹਾਰ
ਅੰਮਿ੍ਰਤਸਰ/ਬਿਊਰੋ ਨਿਊਜ਼
ਐਸਜੀਪੀਸੀ ਦੇ ਪ੍ਰਧਾਨ ਦੀ ਚੋਣ ਜਿੱਤਣ ਤੋਂ ਬਾਅਦ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਅੱਜ ਭੰਨਤੋੜ ਕਰਨ ਵਾਲੀਆਂ ਤਾਕਤਾਂ ਹਾਰੀਆਂ ਹਨ ਤੇ ਅੱਜ ਦਾ ਫੈਸਲਾ ਵਿਰੋਧੀ ਸ਼ਕਤੀਆਂ ’ਤੇ ਬਹੁਤ ਵੱਡੀ ਲਾਹਨਤ ਹੈ। ਉਨ੍ਹਾਂ ਕਿਹਾ ਕਿ ਹਾਊਸ ਨੇ ਪੁਰਾਤਨ ਮਰਿਆਦਾ ਕਾਇਮ ਰੱਖੀ ਹੈ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ’ਚ ਸਾਨੂੰ ਬਹੁਤ ਵੱਡੀ ਜਿੱਤ ਮਿਲੀ ਹੈ। ਉਨ੍ਹਾਂ ਕਿਹਾ ਕਿ ਗੁਰੂ ਅਤੇ ਜਨਤਾ ਨੇ ਸਾਨੂੰ ਆਸ਼ੀਰਦਾਦ ਦਿੱਤਾ ਹੈ। ਇਹ ਫਤਵਾ ਉਨ੍ਹਾਂ ਲੋਕਾਂ ਨੂੰ ਵੱਡਾ ਸੰਦੇਸ਼ ਦੇਵੇਗਾ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਨਤਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੈ। ਉਧਰ ਦੂਜੇ ਪਾਸੇ ਐਸਜੀਪੀਸੀ ਦੀ ਚੋਣ ਹਾਰਨ ਤੋਂ ਬਾਅਦ ਬੀਬੀ ਜਗੀਰ ਕੌਰ ਨੇ ਸ਼ੋ੍ਰਮਣੀ ਕਮੇਟੀ ਮੈਂਬਰਾਂ ਦੀ ਖਰੀਦੋ ਫਰੋਖਤ ਦੇ ਆਰੋਪ ਲਗਾਏ ਹਨ।

Check Also

ਜੇ ਅੱਜ ਰਤਨ ਟਾਟਾ ਸਾਡੇ ਵਿਚਕਾਰ ਹੁੰਦੇ ਤਾਂ ਬਹੁਤ ਖੁਸ਼ ਹੁੰਦੇ : ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਾਟਾ ਦੇ ਜਹਾਜ਼ ਨਿਰਮਾਣ ਪਲਾਂਟ ਦਾ ਕੀਤਾ ਉਦਘਾਟਨ ਵਡੋਦਰਾ/ਬਿਊਰੋ ਨਿਊਜ਼ …