ਮਾਇਆਵਤੀ ਬੋਲੀ : ਉਤਰ ਪ੍ਰਦੇਸ਼ ’ਚ ਮਜ਼ਬੂਤ ਸਥਿਤੀ ਹੈ ਬਹੁਜਨ ਸਮਾਜ ਪਾਰਟੀ ਦੀ
ਲਖਨਊ/ਬਿਊਰੋ ਨਿਊਜ਼ : ਬਹੁਜਨ ਸਮਾਜ ਪਾਰਟੀ ਦੀ ਮੁਖੀ ਕੁਮਾਰੀ ਮਾਇਆਵਤੀ ਨੇ ਇਕ ਵਾਰ ਫਿਰ ਤੋਂ ਸਾਫ਼ ਕਰ ਦਿੱਤਾ ਹੈ ਕਿ ਬਸਪਾ 2024 ਦੀਆਂ ਲੋਕ ਸਭਾ ਚੋਣਾਂ ਇਕੱਲਿਆਂ ਹੀ ਲੜੇਗੀ। ਜਿਸ ਤੋਂ ਬਾਅਦ ਬਸਪਾ ਦੇ ‘ਇੰਡੀਆ ਗੱਠਜੋੜ’ ਵਿਚ ਸ਼ਾਮਲ ਹੋਣ ਵਾਲੀਆਂ ਚਰਚਾਵਾਂ ’ਤੇ ਵਿਰਾਮ ਲੱਗ ਗਿਆ ਹੈ। ਕੁਮਾਰੀ ਮਾਇਆਵਤੀ ਨੇ ਸ਼ਨੀਵਾਰ ਨੂੰ ਸ਼ੋਸ਼ਲ ਮੀਡੀਆ ਅਕਾਊਂਟ ਐਕਸ ’ਤੇ ਲਿਖਿਆ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਜਿਹੜੀਆਂ ਕਿ ਬਿਲਕੁਲ ਗਲਤ ਹਨ। ਉਨ੍ਹਾਂ ਕਿਹਾ ਕਿ ਬਹੁਜਨ ਸਮਾਜ ਪਾਰਟੀ 2024 ਦੀਆਂ ਲੋਕ ਸਭਾ ਚੋਣਾਂ ਆਪਣੇ ਦਮ ’ਤੇ ਅਤੇ ਪੂਰੀ ਤਿਆਰੀ ਦੇ ਨਾਲ ਲੜੇਗੀ। ਬਹੁਜਨ ਸਮਾਜ ਪਾਰਟੀ ਦਾ ਲੋਕ ਸਭਾ ਚੋਣਾਂ ਪ੍ਰਤੀ ਆਪਣਾ ਫੈਸਲਾ ਅਟਲ ਹੈ ਅਤੇ ਤੀਜਾ ਮੋਰਚਾ ਬਣਾਉਣ ਦੀਆਂ ਅਫਵਾਹਾਂ ਫੈਲਾਉਣਾ ਗਲਤ ਹੈ। ਉਨ੍ਹਾਂ ਕਿਹਾ ਕਿ ਬਹੁਜਨ ਸਮਾਜ ਵੱਲੋਂ ਲੋਕ ਸਭਾ ਚੋਣਾਂ ਦਿ੍ਰੜ ਇਰਾਦੇ ਨਾਲ ਲੜਨ ਵਾਲੇ ਫੈਸਲੇ ਤੋਂ ਵਿਰੋਧੀਆਂ ਪਾਰਟੀਆਂ ਬੇਚੈਨ ਨਜ਼ਰ ਆ ਰਹੀਆਂ। ਇਸੇ ਲਈ ਬਸਪਾ ਸਬੰਧੀ ਤਰ੍ਹਾਂ-ਤਰ੍ਹਾਂ ਦੀਆਂ ਅਫਵਾਹਾਂ ਫੈਲਾਅ ਕੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਯਤਨ ਕੀਤਾ ਹੈ। ਪ੍ਰੰਤੂ ਬਹੁਜਨ ਸਮਾਜ ਪਾਰਟੀ ਬਹੁਜਨ ਸਮਾਜ ਦੇ ਹਿਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਕੱਲਿਆਂ ਹੀ ਲੋਕ ਸਭਾ ਚੋਣਾਂ ਲੜੇਗੀ ਅਤੇ ਇਹ ਫੈਸਲਾ ਅਟਲ ਹੈ।