ਨਵੀਂ ਦਿੱਲੀ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਨੋਟਬੰਦੀ ਵਿਰੁੱਧ ਪ੍ਰਦਰਸ਼ਨ ਦੌਰਾਨ ਚਾਰ ਹੋਰ ਪਾਰਟੀਆਂ ਨੂੰ ਆਪਣੇ ਨਾਲ ਜੋੜ ਕੇ ਤਾਕਤ ਦਾ ਮੁਜ਼ਾਹਰਾ ਕੀਤਾ। ਇਸ ਮੌਕੇ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਹਮਲਾ ਕਰਦਿਆਂ ਕਿਹਾ ਕਿ ਇਸ ਸਰਕਾਰ ਨੂੰ ਜ਼ਰੂਰ ਹਟਣਾ ਚਾਹੀਦਾ ਹੈ ਕਿਉਂਕਿ ਦੇਸ਼ ਸੁਰੱਖਿਅਤ ਹੱਥਾਂ ਵਿੱਚ ਨਹੀਂ ਹੈ। ਸਮਾਜਵਾਦੀ ਪਾਰਟੀ, ਜੇਡੀ-ਯੂ, ਐਨਸੀਪੀ ਅਤੇ ‘ਆਪ’ ਦੇ ਆਗੂਆਂ ਦੀ ਹਾਜ਼ਰੀ ਵਿੱਚ ਜੰਤਰ ਮੰਤਰ ਉਤੇ ਕੀਤੇ ਇਕੱਠ ਦੌਰਾਨ ਮਮਤਾ ਬੈਨਰਜੀ ਨੇ ਕਿਹਾ ਕਿ ਨੋਟਬੰਦੀ ਕਾਰਨ ਭਾਜਪਾ ਨੇ ਆਪਣੀ ਭਰੋਸੇਯੋਗਤਾ ਗੁਆ ਲਈ ਹੈ। ਉਨ੍ਹਾਂ ਕਿਹਾ ”ਇਸ ਸਰਕਾਰ ਨੂੰ ਚਲੇ ਜਾਣਾ ਚਾਹੀਦਾ ਹੈ ਕਿਉਂਕਿ ਮੋਦੀ ਜੀ ਅਧੀਨ ਇਹ ਦੇਸ਼ ਸੁਰੱਖਿਅਤ ਨਹੀਂ। ਤੁਸੀਂ ਆਪਣੇ ਮਨ ਦੀ ਮੌਜ ਤੇ ਸਨਕ ਮੁਤਾਬਕ ਕੰਮ ਕਰ ਰਹੇ ਹੋ।” ਉਨ੍ਹਾਂ ਦੋਸ਼ ਲਾਇਆ ਕਿ ਵੱਡੇ ਕਰੰਸੀ ਨੋਟਾਂ ਨੂੰ ਰੱਦ ਕਰਨ ਨਾਲ ਲੋਕਾਂ ਦੀਆਂ ਤਕਲੀਫਾਂ ਵਧੀਆਂ ਹਨ ਅਤੇ ਇਸ ਨਾਲ ਦੇਸ਼ ਦੀ ਆਰਥਿਕ ਤਰੱਕੀ ਰੁਕਣ ਤੋਂ ਇਲਾਵਾ ਸਮਾਜ ਦੇ ਤਕਰੀਬਨ ਹਰੇਕ ਵਰਗ ਦੇ ਜਮਹੂਰੀ ਅਧਿਕਾਰ ਖੋਹੇ ਗਏ। ਆਪਣੇ ਸੰਬੋਧਨ ਵਿੱਚ ਜੇਡੀ-ਯੂ ਆਗੂ ਸ਼ਰਦ ਯਾਦਵ ਨੇ ਨੋਟਬੰਦੀ ਦੀ ਕਵਾਇਦ ਦੀ ਕਾਨੂੰਨੀ ਪ੍ਰਮਾਣਿਕਤਾ ‘ਤੇ ਸਵਾਲ ਕੀਤਾ ਅਤੇ ਪ੍ਰਧਾਨ ਮੰਤਰੀ ਨੂੰ ਚੁਣੌਤੀ ਦਿੱਤੀ ਕਿ ਉਹ ਸੰਸਦ ਵਿੱਚ ਦੱਸਣ ਕਿ ਇਸ ਫੈਸਲੇ ਨਾਲ ਦੇਸ਼ ਨੂੰ ਕਿਵੇਂ ਲਾਭ ਹੋਵੇਗਾ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …