ਪ੍ਰੋਗਰਾਮ ਦੌਰਾਨ 21 ਸੰਤ ਪ੍ਰਧਾਨ ਮੰਤਰੀ ਨੂੰ ਭੇਂਟ ਕਰਨਗੇ ਸੁਨਹਿਰਾ ਰਾਜਦੰਡ
ਨਵੀਂ ਦਿੱਲੀ/ਬਿਊਰੋ ਨਿਊਜ਼ : ਨਵੇਂ ਸੰਸਦ ਭਵਨ ਦਾ ਉਦਘਾਟਨ ਭਲਕੇ ਐਤਵਾਰ ਨੂੰ ਦੁਪਹਿਰ 12 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਜਾਵੇਗਾ। ਪ੍ਰੋਗਰਾਮ ਨੂੰ ਲੈ ਕੇ ਸਾਰੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਹਨ ਅਤੇ ਵੱਖ-ਵੱਖ ਰਾਜਾਂ ਤੋਂ ਮਹਿਮਾਨ ਪਹੁੰਚਣੇ ਸ਼ੁਰੂ ਹੋ ਗਏ ਹਨ। ਉਦਘਾਟਨੀ ਪ੍ਰੋਗਰਾਮ ਦੌਰਾਨ ਪ੍ਰਧਾਨ ਨਰਿੰਦਰ ਮੋਦੀ ਨੂੰ ਸੁਨਹਿਰਾ ਰਾਜਦੰਡ (ਸੇਂਗੋਲ) ਭੇਟ ਕਰਨ ਦੇ ਲਈ ਚੇਨਈ ਦੇ ਧਰਮੁਪਰ ਅਧੀਨਮ ਦੇ 21 ਸੰਤ ਵੀ ਚੇਨਈ ਤੋਂ ਦਿੱਲੀ ਪਹੁੰਚ ਗਏ ਹਨ ਜਿਨ੍ਹਾਂ ਵੱਲੋਂ ਭਲਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੁਨਹਿਰਾ ਰਾਜਦੰਡ ਭੇਂਟ ਕੀਤਾ ਜਾਵੇਗਾ। ਇਨ੍ਹਾਂ ਸੰਤਾਂ ਵੱਲੋਂ ਪ੍ਰਧਾਨ ਮੰਤਰੀ ਨੂੰ ਇਕ ਖਾਸ ਤੋਹਫਾ ਵੀ ਦਿੱਤਾ ਜਾਵੇਗਾ। ਨਵੇਂ ਸੰਸਦ ਭਵਨ ਵਿਚ ਵੱਖ-ਵੱਖ ਰਾਜਾਂ ਤੋਂ ਆਈ ਸਮੱਗਰੀ ਦਾ ਇਸਤੇਮਾਲ ਕੀਤਾ ਗਿਆ ਜਿਸ ਤਰ੍ਹਾਂ ਫਲੋਰਿੰਗ ਤਿ੍ਰਪੁਰਾ ਦੇ ਬਾਂਸ ਦੀ, ਕਾਲੀਨ ਮਿਰਜਾਪੁਰ ਦੇ, ਲਾਲ ਅਤੇ ਸਫੇਦ ਸਟੋਨ ਰਾਜਸਥਾਨ ਦੇ, ਨਿਰਮਾਣ ’ਚ ਵਰਤਿਆ ਗਿਆ ਰੇਤ ਹਰਿਆਣਾ ਤੋਂ ਅਤੇ ਲੱਕੜ ਨਾਗਪੁਰ ਤੋਂ ਮੰਗਵਾਈ ਹੈ। ਇਸੇ ਤਰ੍ਹਾਂ ਹੋਰ ਕਾਫ਼ੀ ਸਮਾਨ ਵੀ ਵੱਖ-ਵੱਖ ਰਾਜਾਂ ਤੋਂ ਲਿਆ ਕੇ ਇਸਦੇ ਨਿਰਮਾਣ ਵਿਚ ਇਸਤੇਮਾਲ ਕੀਤਾ ਗਿਆ ਹੈ। ਭਲਕੇ ਉਦਘਾਟਨੀ ਸਮਾਗਮ ਵਿਚ 25 ਰਾਜਨੀਤਿਕ ਪਾਰਟੀਆਂ ਹਿੱਸਾ ਲੈਣਗੀਆਂ ਜਦਕਿ 20 ਸਿਆਸੀ ਪਾਰਟੀ ਵੱਲੋਂ ਇਸ ਸਮਾਗਮ ਦਾ ਬਾਈਕਾਟ ਕੀਤਾ ਗਿਆ ਹੈ। ਉਧਰ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਕਿਹਾ ਕਿ ਸੰਸਦ ਭਵਨ ਦੀ ਨਵੀਂ ਬਿਲਡਿੰਗ ਦੀ ਕੋਈ ਜ਼ਰੂਰਤ ਨਹੀਂ ਸੀ ਬਲਕਿ ਪੁਰਾਣੇ ਭਵਨ ਨੂੰ ਹੀ ਠੀਕ ਕਰ ਲੈਣਾ ਚਾਹੀਦਾ ਸੀ। ਮੈਂ ਇਸ ਨਵੇਂ ਸੰਸਦ ਭਵਨ ਦੇ ਖਿਲਾਫ਼ ਹਾਂ ਅਤੇ ਮੈਂ ਉਦਘਾਟਨੀ ਸਮਾਰੋਹ ਵਿਚ ਹਿੱਸਾ ਨਹੀਂ ਲਵਾਂਗਾ।