Breaking News
Home / ਹਫ਼ਤਾਵਾਰੀ ਫੇਰੀ / ਪਟਿਆਲਾ ਦੇ ਪੁਰਾਣਾ ਬਡੂੰਗਰ ਨਿਵਾਸੀ ਧਰਮਿੰਦਰ ਰਾਣਾ ਕ੍ਰਿਕਟਰ ਸਚਿਨ ਨੂੰ ਮੰਨਦੇ ਹਨ ਪ੍ਰੇਰਨਾਸਰੋਤ

ਪਟਿਆਲਾ ਦੇ ਪੁਰਾਣਾ ਬਡੂੰਗਰ ਨਿਵਾਸੀ ਧਰਮਿੰਦਰ ਰਾਣਾ ਕ੍ਰਿਕਟਰ ਸਚਿਨ ਨੂੰ ਮੰਨਦੇ ਹਨ ਪ੍ਰੇਰਨਾਸਰੋਤ

ਜਲ ਹੈ ਤਾਂ ਕੱਲ੍ਹ…ਤੇਂਦੂਲਕਰ ਦੀ ਅਪੀਲ ਤੋਂ ਪ੍ਰੇਰਿਤ ਪਟਿਆਲਾ ਦਾ ਪਲੰਬਰ ਜਨਤਕ ਥਾਵਾਂ ‘ਤੇ ਮੁਫਤ ਵਿਚ ਠੀਕ ਕਰਦਾ ਹੈ ਲੀਕੇਜ਼
ਸੰਸਦ ਮੈਂਬਰ ਪਰਨੀਤ ਕੌਰ ਨੇ ਧਰਮਿੰਦਰ ਰਾਣਾ ਨੂੰ ਕੀਤਾ ਸੀ ਸਨਮਾਨਿਤ
ਪਟਿਆਲਾ : ਪਾਣੀ ਬਚਾਉਣ ਦੀ ਸਚਿਨ ਤੇਂਦੂਲਕਰ ਦੀ ਅਪੀਲ ਤੋਂ ਪ੍ਰੇਰਿਤ ਹੋ ਕੇ ਪਟਿਆਲਾ ਸ਼ਹਿਰ ਦੇ ਪਲੰਬਰ ਨੇ ਚੰਗੀ ਪਹਿਲ ਸ਼ੁਰੂ ਕੀਤੀ ਹੈ। ਜਿੱਥੇ ਕਿਤੇ ਵੀ ਪਾਣੀ ਵਾਲੀ ਟੂਟੀ ਸਬੰਧੀ ਲੀਕੇਜ਼ ਦੀ ਸਮੱਸਿਆ ਮਿਲਦੀ ਹੈ ਤਾਂ ਧਰਮਿੰਦਰ ਰਾਣਾ ਇਸ ਸਮੱਸਿਆ ਦਾ ਹੱਲ ਕਰਨ ਲਈ ਪਹੁੰਚ ਜਾਂਦਾ ਹੈ ਅਤੇ ਉਹ ਇਸ ਕੰਮ ਸਬੰਧੀ ਕੋਈ ਮਿਹਨਤਾਨਾ ਵੀ ਨਹੀਂ ਲੈਂਦਾ। ਪਾਣੀ ਬਚਾਉਣ ਦੀ ਇਸ ਚੰਗੀ ਪਹਿਲ ਨੂੰ ਦੇਖਦੇ ਹੋਏ ਕਈ ਸੰਗਠਨ ਇਸ ਪਲੰਬਰ ਨੂੰ ਸਨਮਾਨਿਤ ਕਰ ਚੁੱਕੇ ਹਨ। ਪੁਰਾਣਾ ਬਡੂੰਗਰ ਨਿਵਾਸੀ ਧਰਮਿੰਦਰ ਰਾਣਾ ਕ੍ਰਿਕਟਰ ਸਚਿਨ ਤੇਂਦੂਲਕਰ ਦੇ ਬਹੁਤ ਵੱਡੇ ਫੈਨ ਹਨ। ਕਿਉਂਕਿ ਸਚਿਨ ਪਾਣੀ ਬਚਾਉਣ ਨੂੰ ਲੈ ਕੇ ਆਏ ਦਿਨ ਟੀਵੀ ‘ਤੇ ਲੋਕਾਂ ਨੂੰ ਅਪੀਲ ਕਰਦੇ ਰਹਿੰਦੇ ਹਨ।
ਇਨ੍ਹਾਂ ਗੱਲਾਂ ਤੋਂ ਪ੍ਰੇਰਿਤ ਹੋ ਕੇ ਕਿੱਤੇ ਵਜੋਂ ਪਲੰਬਰ ਧਰਮਿੰਦਰ ਨੇ ਨਿਸ਼ਚਾ ਕੀਤਾ ਕਿ ਹੁਣ ਜਿੱਥੇ ਕਿਤੇ ਵੀ ਪਾਣੀ ਲੀਕੇਜ਼ ਹੁੰਦਾ ਹੋਇਆ ਮਿਲੇਗਾ, ਇਸ ਨੂੰ ਠੀਕ ਕਰਨਗੇ ਅਤੇ ਕੋਈ ਵੀ ਵਿਅਕਤੀ ਪਾਣੀ ਵਾਲੀ ਟੂਟੀ ਦੀ ਲੀਕੇਜ਼ ਸਬੰਧੀ ਸੂਚਨਾ ਦੇਵੇਗਾ ਤਾਂ ਉਹ ਮੁਫਤ ਵਿਚ ਹੀ ਇਸ ਲੀਕੇਜ਼ ਨੂੰ ਠੀਕ ਕਰਨਗੇ। ਦਿਹਾੜੀ ਕਰਕੇ ਆਪਣਾ ਗੁਜ਼ਾਰਾ ਚਲਾਉਣ ਵਾਲੇ ਪਲੰਬਰ ਦੀ ਚੰਗੀ ਸੋਚ ਨੂੰ ਦੇਖਦੇ ਹੋਏ ਪਟਿਆਲਾ ਸ਼ਹਿਰ ਦੀਆਂ ਕਈ ਸੰਸਥਾਵਾਂ ਉਨ੍ਹਾਂ ਨੂੰ ਸਨਮਾਨਿਤ ਵੀ ਕਰ ਚੁੱਕੀਆਂ ਹਨ। ਹਾਲ ਹੀ ਵਿਚ ਸੰਸਦ ਮੈਂਬਰ ਪਰਨੀਤ ਕੌਰ ਨੇ ਵੀ ਧਰਮਿੰਦਰ ਰਾਣਾ ਨੂੰ ਸਨਮਾਨਿਤ ਕੀਤਾ ਸੀ।
ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕਰਦਾ ਹੈ ਦਿਹਾੜੀ, ਫਿਰ ਪਾਣੀ
ਦੀ ਬਰਬਾਦੀ ਰੋਕਣ ਲਈ ਸਾਈਕਲ ‘ਤੇ ਜਾਂਦਾ ਹੈ ਬਾਹਰ
ਧਰਮਿੰਦਰ ਨੇ ਦੱਸਿਆ ਕਿ ਉਹ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਦਿਹਾੜੀ ਕਰਦੇ ਹਨ ਤੇ ਡਿਊਟੀ ਖਤਮ ਹੋਣ ਤੋਂ ਬਾਅਦ ਪਾਣੀ ਦੀ ਬਰਬਾਦੀ ਰੋਕਣ ਲਈ ਆਪਣੀ ਸਾਈਕਲ ‘ਤੇ ਸਵਾਰ ਹੋ ਕੇ ਪਾਣੀ ਦੀ ਲੀਕੇਜ਼ ਠੀਕ ਕਰਨ ਲਈ ਚਲੇ ਜਾਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਆਮ ਦੇਖਣ ਨੂੰ ਮਿਲਦਾ ਹੈ ਕਿ ਜਨਤਕ ਥਾਵਾਂ ‘ਤੇ ਗਲ ਚੁੱਕੀਆਂ ਸਰਕਾਰੀ ਨਾਲਾਂ ਵਿਚੋਂ ਰੋਜ਼ਾਨਾ ਹਜ਼ਾਰਾਂ ਲੀਟਰ ਪਾਣੀ ਲੀਕੇਜ਼ ਹੋ ਕੇ ਬਰਬਾਦ ਹੋ ਜਾਂਦਾ ਹੈ, ਜੋ ਆਉਣ ਵਾਲੀ ਪੀੜ੍ਹੀਆਂ ਦੇ ਲਈ ਖਤਰੇ ਦੀ ਘੰਟੀ ਹੈ। ਧਰਮਿੰਦਰ ਨੇ ਕਿਹਾ ਕਿ ਸਮਾਜ ਦੇ ਪ੍ਰਤੀ ਜ਼ਿੰਮੇਵਾਰੀ ਸਮਝਦੇ ਹੋਏ ਅਜਿਹੀਆਂ ਨਾਲਾਂ ਦੀ ਰਿਪੇਅਰ ਕਰਕੇ ਪਾਣੀ ਦੀ ਬਰਬਾਦੀ ਨੂੰ ਕੁਝ ਹੱਦ ਤੱਕ ਰੋਕਣ ਦੀ ਕੋਸ਼ਿਸ਼ ਕਰਦਾ ਹਾਂ।
ਪਾਣੀ ਬਚਾਉਣ ਲਈ ਸਾਰੇ ਅੱਗੇ ਆਉਣ : ਰਿਟਾ. ਐਸਡੀਓ
ਧਰਮਿੰਦਰ ਰਾਣਾ ਨੇ ਦੱਸਿਆ ਕਿ ਪਬਲਿਕ ਹੈਲਥ ਡਿਪਾਰਟਮੈਂਟ ‘ਚੋਂ ਐਸਡੀਓ ਰਿਟਾਇਰਡ ਹੋਏ ਸੋਹਨ ਲਾਲ ਜਿੰਦਲ, ਜਿਨ੍ਹਾਂ ਨੇ ਡਿਊਟੀ ‘ਤੇ ਰਹਿੰਦਿਆਂ ਪਾਣੀ ਬਚਾਉਣ ਲਈ ਬਹੁਤ ਕੰਮ ਕੀਤਾ ਤੇ ਅੱਜ ਵੀ ਕਰ ਰਹੇ ਹਨ। ਉਨ੍ਹਾਂ ਦੇ ਸਹਿਯੋਗ ਨਾਲ ਉਹ ਸਮਾਜ ਸੇਵੀ ਕਾਰਜ ਕਰ ਰਹੇ ਹਨ। ਇਸੇ ਦੌਰਾਨ ਸੋਹਨ ਲਾਲ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਪਾਣੀ ਬਚਾਉਣ ਲਈ ਅੱਗੇ ਆਉਣਾ ਚਾਹੀਦਾ ਹੈ।

 

Check Also

ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਲਈ ਗੰਭੀਰ : ਟਰੰਪ

ਅਮਰੀਕੀ ਰਾਸ਼ਟਰਪਤੀ ਨੇ ਕੈਨੇਡਾ ਨੂੰ ਸਾਲਾਨਾ 200 ਅਰਬ ਡਾਲਰ ਦੇ ਭੁਗਤਾਨ ‘ਤੇ ਚੁੱਕੇ ਸਵਾਲ ਵਾਸ਼ਿੰਗਟਨ/ਬਿਊਰੋ …