20 C
Toronto
Sunday, September 28, 2025
spot_img
Homeਭਾਰਤਭਾਰਤੀ ਫੌਜ ਨੇ ਚੀਨ ਨੂੰ ਦਿੱਤਾ ਮੂੰਹ ਤੋੜਵਾਂ ਜਵਾਬ

ਭਾਰਤੀ ਫੌਜ ਨੇ ਚੀਨ ਨੂੰ ਦਿੱਤਾ ਮੂੰਹ ਤੋੜਵਾਂ ਜਵਾਬ

ਚੀਨ ਨਾਲ ਝੜਪ ਬਾਰੇ ਰਾਜਨਾਥ ਸਿੰਘ ਨੇ ਸੰਸਦ ‘ਚ ਦਿੱਤਾ ਬਿਆਨ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੰਸਦ ‘ਚ ਦੱਸਿਆ ਕਿ ਚੀਨ ਦੇ ਫੌਜੀਆਂ ਨੇ ਤਵਾਂਗ ਸੈਕਟਰ ਦੇ ਯੈਂਗਸੇ ਖੇਤਰ ਵਿੱਚ ਮੌਜੂਦਾ ਸਥਿਤੀ ਨੂੰ ਬਦਲਣ ਦੀ ਇੱਕਪਾਸੜ ਕੋਸ਼ਿਸ਼ ਕੀਤੀ, ਜਿਸਦਾ ਭਾਰਤ ਦੇ ਜਵਾਨਾਂ ਨੇ ਕਰਾਰਾ ਜਵਾਬ ਦਿੱਤਾ ਅਤੇ ਉਨ੍ਹਾਂ ਨੂੰ ਵਾਪਸ ਜਾਣ ਲਈ ਮਜਬੂਰ ਕਰ ਦਿੱਤਾ।
ਉਨ੍ਹਾਂ ਦੱਸਿਆ ਕਿ ਇਸ ਝੜਪ ‘ਚ ਕਿਸੇ ਵੀ ਫੌਜੀ ਜਵਾਨ ਦਾ ਕੋਈ ਵੀ ਨੁਕਸਾਨ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇਹ ਮੁੱਦਾ ਚੀਨੀ ਹਮਰੁਤਬਾ ਨਾਲ ਕੂਟਨੀਤਕ ਪੱਧਰ ‘ਤੇ ਵੀ ਚੁੱਕਿਆ ਗਿਆ ਹੈ ਅਤੇ ਇਸ ਤਰ੍ਹਾਂ ਦੀ ਕਾਰਵਾਈ ਲਈ ਵਰਜਿਆ ਗਿਆ ਹੈ। ਲੋਕ ਸਭਾ ‘ਚ ਰਾਜਨਾਥ ਨੇ ਇਹ ਵੀ ਕਿਹਾ ਕਿ ਭਾਰਤੀ ਫੌਜੀਆਂ ਨੇ ਬਹਾਦਰੀ ਨਾਲ ਸਥਿਤੀ ਦਾ ਸਾਹਮਣਾ ਕੀਤਾ ਅਤੇ ਭਾਰਤੀ ਕਮਾਂਡਰਾਂ ਵੱਲੋਂ ਸਮੇਂ ‘ਤੇ ਦਿੱਤੇ ਦਖਲ ਕਾਰਨ ਚੀਨੀ ਫੌਜੀ ਆਪਣੇ ਟਿਕਾਣਿਆਂ ‘ਤੇ ਵਾਪਸ ਚਲੇ ਗਏ। ਉਨ੍ਹਾਂ ਇਸ ਤੋਂ ਪਹਿਲਾਂ ਰਾਜ ਸਭਾ ‘ਚ ਵੀ ਇਹੀ ਬਿਆਨ ਦਿੱਤਾ ਸੀ।
ਉਨ੍ਹਾਂ ਕਿਹਾ, ‘9 ਦਸੰਬਰ 2022 ਨੂੰ ਚੀਨ ਦੇ ਫੌਜੀਆਂ ਨੇ ਤਵਾਂਗ ਸੈਕਟਰ ਦੇ ਯੈਂਗਸੇ ਖੇਤਰ ‘ਚ ਅਸਲ ਕੰਟਰੋਲ ਰੇਖਾ ‘ਤੇ ਮੌਜੂਦਾ ਸਥਿਤੀ ਨੂੰ ਇੱਕਪਾਸੜ ਢੰਗ ਨਾਲ ਬਦਲਣ ਦੀ ਕੋਸ਼ਿਸ਼ ਕੀਤੀ। ਚੀਨ ਦੀ ਇਸ ਕੋਸ਼ਿਸ਼ ਦਾ ਸਾਡੀ ਫੌਜ ਨੇ ਬਹਾਦਰੀ ਨਾਲ ਸਾਹਮਣਾ ਕੀਤਾ।’ ਉਨ੍ਹਾਂ ਕਿਹਾ, ‘ਇਸ ਝੜਪ ‘ਚ ਹੱਥੋਪਾਈ ਹੋਈ। ਭਾਰਤੀ ਸੈਨਾ ਨੇ ਬਹਾਦਰੀ ਨਾਲ ਚੀਨੀ ਫੌਜੀਆਂ ਨੂੰ ਸਾਡੇ ਇਲਾਕੇ ‘ਚ ਦਾਖਲ ਹੋਣ ਤੋਂ ਰੋਕਿਆ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਚੌਕੀ ‘ਤੇ ਵਾਪਸ ਜਾਣ ਲਈ ਮਜਬੂਰ ਕਰ ਦਿੱਤਾ।’ ਉਨ੍ਹਾਂ ਕਿਹਾ ਕਿ ਇਸ ਝੜਪ ‘ਚ ਦੋਵਾਂ ਧਿਰਾਂ ਦੇ ਕੁਝ ਫੌਜੀਆਂ ਨੂੰ ਸੱਟਾਂ ਵੱਜੀਆਂ ਹਨ। ਉਨ੍ਹਾਂ ਕਿਹਾ, ‘ਮੈਂ ਇਸ ਸਦਨ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕਿਸੇ ਵੀ ਸੈਨਿਕ ਦੀ ਮੌਤ ਨਹੀਂ ਹੋਈ ਅਤੇ ਨਾ ਹੀ ਕੋਈ ਗੰਭੀਰ ਜ਼ਖ਼ਮੀ ਹੋਇਆ ਹੈ।’ ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਸਥਾਨਕ ਕਮਾਂਡਰ ਨੇ 11 ਦਸੰਬਰ ਨੂੰ ਆਪਣੇ ਚੀਨੀ ਹਮਰੁਤਬਾ ਨਾਲ ਫਲੈਗ ਮੀਟਿੰਗ ਕਰਕੇ ਘਟਨਾ ‘ਤੇ ਚਰਚਾ ਕੀਤੀ।
ਉਨ੍ਹਾਂ ਕਿਹਾ ਕਿ ਚੀਨੀ ਧਿਰ ਨੂੰ ਅਜਿਹੀ ਕਾਰਵਾਈ ਲਈ ਵਰਜਿਆ ਗਿਆ ਹੈ ਅਤੇ ਸਰਹੱਦ ‘ਤੇ ਸ਼ਾਂਤੀ ਬਣਾਏ ਰੱਖਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਮੁੱਦਾ ਚੀਨ ਨਾਲ ਕੂਟਨੀਤਕ ਪੱਧਰ ‘ਤੇ ਵੀ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਫੌਜ ਸਾਡੀਆਂ ਸਰਹੱਦਾਂ ਨੂੰ ਸੁਰੱਖਿਅਤ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਇਸ ਖਿਲਾਫ ਕੋਈ ਵੀ ਕੋਸ਼ਿਸ਼ ਰੋਕਣ ਲਈ ਹਮੇਸ਼ਾ ਤਿਆਰ ਹੈ।

 

RELATED ARTICLES
POPULAR POSTS