ਨਵੀਂ ਕੈਬਨਿਟ ‘ਚ 11 ਸਾਬਕਾ ਮੰਤਰੀਆਂ ਨੂੰ ਵੀ ਮਿਲੀ ਥਾਂ
ਹਲਫਦਾਰੀ ਸਮਾਗਮ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਮੰਤਰੀ ਤੇ ਭਾਜਪਾ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ ਰਹੇ ਮੌਜੂਦ
ਗਾਂਧੀਨਗਰ/ਬਿਊਰੋ ਨਿਊਜ਼ : ਭਾਜਪਾ ਆਗੂ ਭੁਪੇਂਦਰ ਪਟੇਲ (60) ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿੱਚ ਲਗਾਤਾਰ ਦੂਜੇ ਕਾਰਜਕਾਲ ਲਈ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਇਸ ਦੌਰਾਨ 16 ਹੋਰ ਮੰਤਰੀਆਂ ਨੇ ਵੀ ਹਲਫ ਲਿਆ, ਜਿਨ੍ਹਾਂ ਵਿੱਚੋਂ 8 ਕੈਬਨਿਟ ਰੈਂਕ ਦੇ ਹਨ।
ਨਵੀਂ ਕੈਬਨਿਟ ਵਿੱਚ 11 ਸਾਬਕਾ ਮੰਤਰੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਕੈਬਨਿਟ ਮੰਤਰੀਆਂ ਵਿੱਚ ਕਾਨੂ ਦੇਸਾਈ, ਰਿਸ਼ੀਕੇਸ਼ ਪਟੇਲ, ਰਾਘਵਜੀ ਪਟੇਲ, ਬਲਵੰਤਸਿੰਹ ਰਾਜਪੂਤ, ਕੁੰਵਰਜੀ ਬਵਾਲੀਆ, ਮੁਲੂ ਬੇਰਾ, ਕੁਬੇਰ ਦਿਨਦੋਰ ਤੇ ਭਾਨੂਬੇਨ ਬਾਬਰੀਆ ਸ਼ਾਮਲ ਹਨ। ਹਰਸ਼ ਸਾਂਘਵੀ ਤੇ ਜਗਦੀਸ਼ ਵਿਸ਼ਵਕਰਮਾ ਨੇ ਰਾਜ ਮੰਤਰੀ ਵਜੋਂ ਹਲਫ਼ ਲਿਆ, ਜਿਨ੍ਹਾਂ ਕੋਲ ਅਜ਼ਾਦਾਨਾ ਚਾਰਜ ਰਹੇਗਾ। ਛੇ ਹੋਰਨਾਂ ਰਾਜ ਮੰਤਰੀਆਂ ਵਿੱਚ ਪਰਸ਼ੋਤਮ ਸੋਲੰਕੀ, ਬਚੂ ਖਾਬੜ, ਮੁਕੇਸ਼ ਪਟੇਲ, ਪ੍ਰਫੁਲ ਪਨਸ਼ੇਰੀਆ, ਕੁਵਰਜੀ ਹਾਲਪਤੀ ਤੇ ਭੀਖੂਸਿੰਹ ਪਰਮਾਰ ਸ਼ਾਮਲ ਹਨ।
ਰਾਜਪਾਲ ਅਚਾਰੀਆ ਦੇਵਵ੍ਰਤ ਨੇ ਨਵੇਂ ਸਕੱਤਰੇਤ ਕੋਲ ਹੈਲੀਪੈਡ ਮੈਦਾਨ ਵਿੱਚ ਰੱਖੇ ਸਮਾਗਮ ਦੌਰਾਨ ਪਟੇਲ ਨੂੰ ਗੁਜਰਾਤ ਦੇ 18ਵੇਂ ਮੁੱਖ ਮੰਤਰੀ ਵਜੋਂ ਹਲਫ ਦਿਵਾਇਆ। ਹਲਫਦਾਰੀ ਸਮਾਗਮ ਵਿੱਚ ਕੇਂਦਰੀ ਮੰਤਰੀਆਂ ਸਣੇ ਭਾਜਪਾ ਦੇ ਸਿਖਰਲੇ ਆਗੂ ਤੇ ਭਾਜਪਾ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ ਵੀ ਮੌਜੂਦ ਸਨ। ਇਨ੍ਹਾਂ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਯੂਪੀ ਦੇ ਮੁੱਖ ਮੰਤਰੀ ਆਦਿੱਤਿਆਨਾਥ, ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ, ਹਰਿਆਣਾ ਦੇ ਮਨੋਹਰ ਲਾਲ ਖੱਟਰ, ਅਸਾਮ ਤੋਂ ਹਿਮੰਤਾ ਬਿਸਵਾ ਸਰਮਾ, ਕਰਨਾਟਕ ਐੱਸ.ਆਰ.ਬੋਮਈ, ਗੋਆ ਪ੍ਰਮੋਦ ਸਾਵੰਤ, ਮੱਧ ਪ੍ਰਦੇਸ਼ ਸ਼ਿਵਰਾਜ ਸਿੰਘ ਚੌਹਾਨ, ਅਰੁਣਾਚਲ ਪ੍ਰਦੇਸ਼ ਤੋਂ ਪੇਮਾ ਖਾਂਡੂ ਤੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਸ਼ਾਮਲ ਹਨ। ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ, ਰਾਮਦਾਸ ਅਠਾਵਲੇ ਤੇ ਸਰਬਾਨੰਦ ਸੋਨੋਵਾਲ ਵੀ ਹਲਫਦਾਰੀ ਸਮਾਗਮ ‘ਚ ਸ਼ਾਮਲ ਹੋਏ। ਭਾਜਪਾ ਨੇ ਗੁਜਰਾਤ ਅਸੈਂਬਲੀ ਲਈ ਹੋਈਆਂ ਹਾਲੀਆ ਚੋਣਾਂ ਵਿੱਚ 182 ਮੈਂਬਰੀ ਸਦਨ ਵਿੱਚ 156 ਸੀਟਾਂ ਜਿੱਤ ਕੇ ਨਵਾਂ ਇਤਿਹਾਸ ਸਿਰਜਿਆ ਹੈ। ਕਾਂਗਰਸ ਨੂੰ 17 ਸੀਟਾਂ ਮਿਲੀਆਂ ਸਨ ਜਦੋਂਕਿ ‘ਆਪ’ ਪੰਜ ਸੀਟਾਂ ਨਾਲ ਸੂਬੇ ‘ਚ ਆਪਣਾ ਖਾਤਾ ਖੋਲ੍ਹਣ ਵਿੱਚ ਸਫ਼ਲ ਰਹੀ ਸੀ।