ਸਲਮਾਨ ਨੂੰ ਲਗਾਤਾਰ ਮਿਲ ਰਹੀਆਂ ਸਨ ਜਾਨੋਂ ਮਾਰਨ ਦੀਆਂ ਧਮਕੀਆਂ
ਮੁੰਬਈ/ਬਿਊਰੋ ਨਿਊਜ਼ : ਫ਼ਿਲਮ ਸਟਾਰ ਸਲਮਾਨ ਖਾਨ ਨੂੰ ਮਹਾਰਾਸ਼ਟਰ ਸਰਕਾਰ ਵੱਲੋਂ ਵਾਈ ਪਲੱਸ ਸੁਰੱਖਿਆ ਦਿੱਤੀ ਗਈ ਹੈ। ਧਿਆਨ ਰਹੇ ਕਿ ਸਲਮਾਨ ਖਾਨ ਨੂੰ ਲਗਾਤਾਰ ਗੈਂਗਸਟਰਾਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ, ਜਿਸ ਦੇ ਚਲਦਿਆਂ ਮਹਾਰਾਸ਼ਟਰ ਸਰਕਾਰ ਨੇ ਉਨ੍ਹਾਂ ਦੀ ਸੁਰੱਖਿਆ ਵਧਾਉਣ ਦਾ ਫੈਸਲਾ ਕੀਤਾ ਅਤੇ ਮੁੰਬਈ ਪੁਲਿਸ ਵੱਲੋਂ ਉਨ੍ਹਾਂ ਦੀ ਸੁਰੱਖਿਆ ਵਿਚ ਵਾਧਾ ਕਰ ਦਿੱਤਾ ਗਿਆ ਹੈ। ਵਾਈ ਸੁਰੱਖਿਆ ਦੀ ਸ਼ੇ੍ਰਣੀ ’ਚ ਕੁੱਲ 11 ਜਵਾਨ ਤਾਇਨਾਤ ਹੁੰਦੇ ਹਨ, ਜਿਨ੍ਹਾਂ ’ਚ 2 ਕਮਾਂਡੋ ਅਤੇ ਦੋ ਪੀਐਸਓ ਵੀ ਸ਼ਾਮਲ ਹੁੰਦੇ ਹਨ। ਯਾਨੀ ਕਿ ਹੁਣ ਸਲਮਾਨ ਖਾਨ ਦੇ ਨਾਲ 11 ਜਵਾਨ ਹਰ ਸਮੇਂ ਉਨ੍ਹਾਂ ਦੀ ਸੁਰੱਖਿਆ ਲਈ ਤਾਇਨਾਤ ਰਹਿਣਗੇ। ਸਲਮਾਨ ਖਾਨ ਤੋਂ ਇਲਾਵਾ ਮਹਾਰਾਸ਼ਟਰ ਸਰਕਾਰ ਨੇ ਉਪ ਮੁੱਖ ਮੰਤਰੀ, ਗ੍ਰਹਿ ਮੰਤਰੀ ਦੇਵੇਂਦਰ ਫੜਨਵੀਸ ਦੀ ਪਤਨੀ ਅੰਮਿ੍ਰਤਾ ਫੜਨਵੀਸ, ਅਕਸ਼ੇ ਕੁਮਾਰ, ਅਨੁਪਮ ਖੇਰ ਨੂੰ ਐਕਸ ਕੈਟਾਗਿਰੀ ਦੀ ਸੁਰੱਖਿਆ ਦਿੱਤੀ ਗਈ ਹੈ। ਧਿਆਨ ਰਹੇ ਕਿ ਗੈਂਗਸਟਰਾਂ ਵੱਲੋਂ ਸਲਮਾਨ ਖਾਨ, ਉਨ੍ਹਾਂ ਦੇ ਪਿਤਾ ਅਤੇ ਉਨ੍ਹਾਂ ਦੇ ਵਕੀਲ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਧਮਕੀ ਦਿੰਦੇ ਹੋਏ ਉਨ੍ਹਾਂ ਚਿੱਠੀ ’ਚ ਲਿਖਿਆ ਸੀ ਕਿ ‘ਦੁਸ਼ਮਣ ਦਾ ਦੋਸਤ ਦੁਸ਼ਮਣ’ ਹੀ ਹੁੰਦਾ ਹੈ। ਇਸ ਲਈ ਅਸੀਂ ਕਿਸੇ ਨੂੰ ਵੀ ਛੱਡਾਂਗੇ ਨਹੀਂ ਅਤੇ ਜਲਦੀ ਹੀ ਤੁਹਾਡਾ ਵੀ ਉਹੀ ਹਾਲ ਕੀਤਾ ਜਾਵੇਗਾ ਜੋ ਸਿੱਧੂ ਮੂਸੇਵਾਲਾ ਦਾ ਕੀਤਾ ਗਿਆ ਸੀ।