Breaking News
Home / ਭਾਰਤ / ਬੰਗਾਲ ‘ਚ ਰੋਸ ਮਾਰਚ ਦੌਰਾਨ ਭਾਜਪਾ ਕਾਰਕੁਨਾਂ ਤੇ ਪੁਲਿਸ ਵਿਚਾਲੇ ਝੜਪਾਂ

ਬੰਗਾਲ ‘ਚ ਰੋਸ ਮਾਰਚ ਦੌਰਾਨ ਭਾਜਪਾ ਕਾਰਕੁਨਾਂ ਤੇ ਪੁਲਿਸ ਵਿਚਾਲੇ ਝੜਪਾਂ

ਭਾਜਪਾ ਆਗੂਆਂ ਸਮੇਤ ਕਈ ਪੁਲਿਸ ਅਧਿਕਾਰੀ ਜ਼ਖ਼ਮੀ; ਭਾਜਪਾ ਦੇ ਕਈ ਆਗੂ ਗ੍ਰਿਫਤਾਰ
ਕੋਲਕਾਤਾ : ਭਾਜਪਾ ਕਾਰਕੁਨਾਂ ਵੱਲੋਂ ਮੰਗਲਵਾਰ ਨੂੰ ਤ੍ਰਿਣਮੂਲ ਕਾਂਗਰਸ ਸਰਕਾਰ ਖਿਲਾਫ ਕੋਲਕਾਤਾ ਸਕੱਤਰੇਤ ਵੱਲ ਕੀਤੇ ਜਾ ਰਹੇ ਰੋਸ ਮਾਰਚ ਦੌਰਾਨ ਪਾਰਟੀ ਵਰਕਰਾਂ ਅਤੇ ਪੁਲਿਸ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਭਾਜਪਾ ਆਗੂ ਮੀਨਾ ਦੇਵੀ ਪੁਰੋਹਿਤ ਅਤੇ ਸਵਪਨ ਦਾਸਗੁਪਤਾ ਤੋਂ ਇਲਾਵਾ ਕਈ ਪੁਲਿਸ ਅਧਿਕਾਰੀ ਜ਼ਖ਼ਮੀ ਹੋ ਗਏ। ਮਾਰਚ ਦੌਰਾਨ ਪੁਲਿਸ ਨੇ ਵਿਰੋਧੀ ਧਿਰ ਦੇ ਨੇਤਾ ਸੁਵੇਂਦੂ ਅਧਿਕਾਰੀ, ਹੁਗਲੀ ਤੋਂ ਸੰਸਦ ਮੈਂਬਰ ਲਾਕੇਟ ਚੈਟਰਜੀ ਅਤੇ ਸੀਨੀਅਰ ਆਗੂ ਰਾਹੁਲ ਸਿਨਹਾ ਨੂੰ ਹਿਰਾਸਤ ਵਿੱਚ ਲਿਆ। ਇਸ ਦੌਰਾਨ ਭਾਜਪਾ ਕਾਰਕੁਨਾਂ ਨੇ ਜਦੋਂ ਪੁਲਿਸ ਵੱਲੋਂ ਲਾਈਆਂ ਗਈਆਂ ਰੋਕਾਂ ਪਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਉਨ੍ਹਾਂ ‘ਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਅਤੇ ਪਾਣੀ ਦੀਆਂ ਬੁਛਾੜਾਂ ਕੀਤੀਆਂ। ਹਿਰਾਸਤ ਵਿੱਚ ਲਏ ਜਾਣ ਤੋਂ ਪਹਿਲਾਂ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, ”ਸਭ ਨੇ ਦੇਖਿਆ ਕਿ ਕਿਸ ਤਰ੍ਹਾਂ ਪੱਖਪਾਤੀ ਪੁਲਿਸ ਨੇ ਸਕੱਤਰੇਤ ਦੇ ਬਾਹਰ ਪ੍ਰਦਰਸ਼ਨ ਕਰਨ ਦੇ ਜਮਹੂਰੀ ਹੱਕ ਨੂੰ ਖੋਰਾ ਲਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਇੱਕ ਮਹਿਲਾ ਕਾਂਸਟੇਬਲ ਵੱਲੋਂ ਮੇਰੇ ਨਾਲ ਹੱਥੋਪਾਈ ਵੀ ਕੀਤੀ ਗਈ।” ਜਾਣਕਾਰੀ ਅਨੁਸਾਰ ਸੰਤਰਾਗਾਛੀ ਵਿੱਚ ਪ੍ਰਦਰਸ਼ਨਕਾਰੀਆਂ ਦਾ ਪਿੱਛਾ ਕਰਦੀ ਪੁਲਿਸ ‘ਤੇ ਪਥਰਾਅ ਕੀਤਾ ਗਿਆ। ਅਜਿਹਾ ਹੀ ਦ੍ਰਿਸ਼ ਹਾਵੜਾ, ਕੋਲਕਾਤਾ ਦੇ ਲਾਲ ਬਾਜ਼ਾਰ ਅਤੇ ਐੱਮਜੀ ਰੋਡ ਖੇਤਰਾਂ ਵਿੱਚ ਦੇਖਣ ਨੂੰ ਮਿਲਿਆ, ਜਿੱਥੇ ਹਿੰਸਕ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਾਲੇ ਝੜਪ ਹੋਈ। ਲਾਲ ਬਾਜ਼ਾਰ ਵਿੱਚ ਪੁਲਿਸ ਦੀ ਗੱਡੀ ਨੂੰ ਅੱਗ ਲਾ ਦਿੱਤੀ ਗਈ। ਕੋਲਕਾਤਾ ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕਿਸੇ ਵੀ ਪ੍ਰਦਰਸ਼ਨਕਾਰੀ ਦੇ ਗੰਭੀਰ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ ਪਰ ਕੁੱਝ ਪੁਲਿਸ ਮੁਲਾਜ਼ਮ ਜ਼ਰੂਰ ਜ਼ਖ਼ਮੀ ਹੋਏ ਹਨ। ਪ੍ਰਦਰਸ਼ਨਕਾਰੀਆਂ ਨੂੰ ਅੱਗੇ ਜਾਣ ਤੋਂ ਰੋਕੇ ਜਾਣ ‘ਤੇ ਭਾਜਪਾ ਦੇ ਸੂਬਾ ਪ੍ਰਧਾਨ ਸੁਕਾਂਤਾ ਮਜੂਮਦਾਰ ਨੇ ਹਾਵੜਾ ‘ਚ ਧਰਨਾ ਦਿੱਤਾ।
ਭਾਜਪਾ ਵਰਕਰਾਂ ਨੇ ਪੂਰੇ ਦੇਸ਼ ਨੂੰ ਸ਼ਰਮਿੰਦਾ ਕੀਤਾ: ਟੀਐੱਮਸੀ
ਟੀਐੱਮਸੀ ਨੇ ਇੱਕ ਟਵੀਟ ਕਰਦਿਆਂ ਕਿਹਾ, ”ਭਾਜਪਾ ਦੇ ਵਰਕਰ ਜਾਂ ਗੁੰਡੇ? ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ, ਪੁਲਿਸ ਮੁਲਾਜ਼ਮਾਂ ‘ਤੇ ਹਮਲਾ ਕਰਨ, ਸੂਬੇ ਵਿੱਚ ਅਰਾਜਕਤਾ ਪੈਦਾ ਕਰਨ ਅਤੇ ਸ਼ਾਂਤੀ ਭੰਗ ਕਰਨ ਵਰਗੀਆਂ ਭਾਜਪਾ ਦੀਆਂ ਗਤੀਵਿਧੀਆਂ ਨੇ ਪੂਰੇ ਦੇਸ਼ ਨੂੰ ਸ਼ਰਮਸਾਰ ਕੀਤਾ ਹੈ। ਅਸੀਂ ਇਸ ਦੀ ਸਖ਼ਤ ਨਿਖੇਧੀ ਕਰਦੇ ਹਾਂ।”

 

Check Also

ਟੀਵੀ ਸੀਰੀਅਲ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਵਿਚ ਸੋਢੀ ਦਾ ਰੋਲ ਨਿਭਾਉਣ ਵਾਲਾ ਗੁਰਚਰਨ ਸਿੰਘ ਲਾਪਤਾ

ਸੋਢੀ ਦੇ ਪਿਤਾ ਨੇ ਦਿੱਲੀ ਪੁਲਿਸ ਕੋਲ ਸ਼ਿਕਾਇਤ ਕਰਵਾਈ ਦਰਜ ਨਵੀਂ ਦਿੱਲੀ/ਬਿਊਰੋ ਨਿਊਜ਼ : ਟੀਵੀ …