ਰਿਸ਼ਵਤ ਦੇ 50 ਲੱਖ ਰੁਪਏ ਆਪਣੇ ਘਰੋਂ ਲੈ ਗਿਆ ਸੀ ਅਰੋੜਾ, ਰਸਤੇ ‘ਚ ਬਦਲੀ ਸੀ ਕਾਰ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਰਿਸ਼ਵਤ ਮਾਮਲੇ ਵਿਚ ਵਿਜੀਲੈਂਸ ਨੇ ਨਵਾਂ ਖੁਲਾਸਾ ਕੀਤਾ ਹੈ। ਜਿਸ ਵਿਚ ਉਨ੍ਹਾਂ ਕਿਹਾ ਕਿ ਅਰੋੜਾ ਨੇ ਰਿਸ਼ਵਤ ਦੀ ਰਕਮ ਆਪਣੇ ਕਿਸੇ ਪਾਟਨਰ ਜਾਂ ਜਾਣਕਾਰ ਤੋਂ ਨਹੀਂ ਸੀ ਲਈ ਬਲਕਿ ਉਹ ਆਪਣੇ ਘਰੋਂ ਤੋਂ ਹੀ 50 ਲੱਖ ਰੁਪਏ ਲੈ ਕੇ ਗਏ ਸਨ। ਵਿਜੀਲੈਂਸ ਵੱਲੋਂ ਕੀਤੀ ਗਈ ਜਾਂਚ ਦੌਰਾਨ ਪਤਾ ਲੱਗਿਆ ਕਿ ਰਿਸ਼ਵਤ ਦੀ ਰਕਮ ਲੈ ਕੇ ਅਰੋੜਾ ਹੁਸ਼ਿਆਰਪੁਰ ਤੋਂ ਕੀਆ ਕਾਰ ਵਿਚ ਸਵਾਰ ਹੋ ਕੇ ਪਹਿਲਾਂ ਮੋਹਾਲੀ ਏਅਰਪੋਰਟ ਰੋਡ ‘ਤੇ ਪਹੁੰਚੇ। ਇਸ ਤੋਂ ਬਾਅਦ ਅਰੋੜਾ ਨੇ ਆਪਣੀ ਗੱਡੀ ਬਦਲੀ ਅਤੇ ਮਾਰਬੇਲਾ ਗ੍ਰੈਂਡ ਦੇ ਪਾਟਨਰ ਦੀ ਇਨੋਵਾ ਕ੍ਰਿਸਟਾ ਕਾਰ ਲੈ ਲਈ ਅਤੇ ਫਿਰ ਉਹ ਇਨੋਵਾ ਕਾਰ ‘ਚ ਸਵਾਰ ਹੋ ਕੇ ਰਿਸ਼ਵਤ ਦੀ ਰਕਮ ਲੈ ਕੇ ਏਆਈਜੀ ਮਨਮੋਹਨ ਕੁਮਾਰ ਕੋਲ ਪਹੁੰਚੇ।
ਇਸ ਦੌਰਾਨ ਅਰੋੜਾ ਦੇ ਨਾਲ ਇਨੋਵਾ ਕਾਰ ਦੇ ਮਾਲਿਕ ਦਾ ਪੀਏ ਵੀ ਉਨ੍ਹਾਂ ਦੇ ਨਾਲ ਸੀ। ਸੁੰਦਰ ਸ਼ਾਮ ਅਰੋੜਾ ਜਿਸ ਸਮੇਂ 50 ਲੱਖ ਰੁਪਏ ਏਆਈਜੀ ਮਨਮੋਹਨ ਕੁਮਾਰ ਦੇਣ ਲੱਗੇ, ਉਸੇ ਦੌਰਾਨ ਪਹਿਲਾਂ ਤੋਂ ਹੀ ਟਰੈਪ ਲਗਾ ਤਿਆਰ ਬੈਠੀ ਵਿਜੀਲੈਂਸ ਦੀ ਟੀਮ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਰਿਸ਼ਵਤ ਮਾਮਲੇ ਵਿਚ ਘਿਰੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਇਸ ਸਮੇਂ ਨਿਆਂਇਕ ਹਿਰਾਸਤ ਵਿਚ ਹਨ।