-19.3 C
Toronto
Friday, January 30, 2026
spot_img
Homeਪੰਜਾਬਭਾਰਤ 'ਚ ਲੋਕਤੰਤਰ ਨੂੰ ਬਚਾਉਣ ਲਈ ਲੋਕ ਲਹਿਰਾਂ ਦੀ ਲੋੜ : ਭਾਸ਼ਾ...

ਭਾਰਤ ‘ਚ ਲੋਕਤੰਤਰ ਨੂੰ ਬਚਾਉਣ ਲਈ ਲੋਕ ਲਹਿਰਾਂ ਦੀ ਲੋੜ : ਭਾਸ਼ਾ ਸਿੰਘ

ਪਦਮਸ੍ਰੀ ਡਾ. ਸੁਰਜੀਤ ਪਾਤਰ ਨੇ ਕਿਹਾ : ਤਾਨਾਸ਼ਾਹੀ ਰੁਝਾਨਾਂ ਖ਼ਿਲਾਫ਼ ਲੜਨਾ ਹੀ ਸਾਡੇ ਜਿਉਂਦੇ ਹੋਣ ਦਾ ਸਬੂਤ
ਬਠਿੰਡਾ/ਬਿਊਰੋ ਨਿਊਜ਼ : ਸੀਨੀਅਰ ਪੱਤਰਕਾਰ ਭਾਸ਼ਾ ਸਿੰਘ ਨੇ ਕਿਹਾ ਕਿ ਜੇਕਰ ਭਾਰਤ ਦੇ ਲੋਕਾਂ ਨੇ ਲੋਕ ਅੰਦੋਲਨ ਨਾ ਕੀਤੇ ਤਾਂ ਲੋਕਤੰਤਰ ਦੀ ਹੋਂਦ ਨੂੰ ਗੰਭੀਰ ਖ਼ਤਰਾ ਪੈਦਾ ਹੋ ਸਕਦਾ ਹੈ ਅਤੇ ਕੋਈ ਵੀ ਸਿਆਸੀ ਪਾਰਟੀ ਆਪਣੇ ਤੌਰ ‘ਤੇ ਇਨ੍ਹਾਂ ਖ਼ਤਰਿਆਂ ਦਾ ਮੁਕਾਬਲਾ ਕਰਨ ਦੇ ਸਮਰੱਥ ਨਹੀਂ ਹੈ। ਉਹ ਬਠਿੰਡਾ ‘ਚ ਟੀਚਰਜ਼ ਹੋਮ ਵਿੱਚ ‘ਪੀਪਲਜ਼ ਲਿਟਰੇਰੀ ਫੈਸਟੀਵਲ’ ਦੌਰਾਨ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਬਾਕੀ ਉੱਤਰ ਭਾਰਤ ਨਾਲੋਂ ਵੱਖਰੀ ਹੈ। ਇੱਥੇ ਪ੍ਰਤੀਰੋਧ ਅਤੇ ਟਾਕਰੇ ਦੀ ਧੁਨੀ ਲਗਾਤਾਰ ਇਤਿਹਾਸ ਤੋਂ ਚੱਲਦੀ ਆ ਰਹੀ ਹੈ।
ਉਨ੍ਹਾਂ ਸ਼ਾਹੀਨ ਬਾਗ ਅਤੇ ਕਿਸਾਨ ਅੰਦੋਲਨ ਬਾਰੇ ਕਿਹਾ ਕਿ ਜਦੋਂ ਰਵਾਇਤੀ ਸਿਆਸੀ ਪਾਰਟੀਆਂ ਕੁਝ ਕਰਨ ਤੋਂ ਅਸਮਰੱਥ ਹੋ ਰਹੀਆਂ ਸਨ, ਉਸ ਸਮੇਂ ਆਮ ਲੋਕਾਂ ਨੇ ਨਵੇਂ ਢੰਗਾਂ ਨਾਲ ਅੰਦੋਲਨ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਦੋਹਾਂ ਅੰਦੋਲਨਾਂ ਨੇ ਆਪਣੀਆਂ ਮੰਗਾਂ ਤੋਂ ਅੱਗੇ ਜਾ ਕੇ ਕਾਰਪੋਰੇਟ ਲੁੱਟ ਅਤੇ ਮੀਡੀਆ ‘ਤੇ ਸਵਾਲ ਉਠਾਏ। ਭਾਰਤ ਵਿੱਚ ਲੋਕਤੰਤਰ ਨੂੰ ਖ਼ਤਰੇ ਦੀ ਤਾਜ਼ਾ ਉਦਾਹਰਨ ਦਿੰਦਿਆਂ ਉਨ੍ਹਾਂ ਕਿਹਾ ਕਿ ਜਿਸ ਦਿਨ ਵਿਰੋਧੀ ਧਿਰ ਸੰਸਦ ਵਿੱਚੋਂ ਵਿਉਂਤਬੱਧ ਢੰਗ ਨਾਲ ਗਾਇਬ ਕੀਤੀ ਗਈ, ਉਸੇ ਤਰ੍ਹਾਂ ਇਸ ਨਾਲ ਸਬੰਧਤ ਖ਼ਬਰਾਂ ਵੀ ਮੀਡੀਆ ‘ਚੋਂ ਗਾਇਬ ਕਰ ਦਿੱਤੀਆਂ ਗਈਆਂ। ਫੈਸਟੀਵਲ ਦੇ ਪਹਿਲੇ ਦਿਨ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਜਸ ਮੰਡ ਨੇ ਕਿਹਾ ਕਿ ਜਿਸ ਤਰ੍ਹਾਂ ਸਰਕਾਰ ਵੱਲੋਂ ਯੋਜਨਾਬੱਧ ਤਰੀਕੇ ਨਾਲ ਆਪਣੇ ਫ਼ਿਰਕੂ ਏਜੰਡੇ ਨੂੰ ਅੱਗੇ ਵਧਾਇਆ ਜਾ ਰਿਹਾ ਹੈ, ਉਸ ਪ੍ਰਤੀ ਇਸ ਤਰ੍ਹਾਂ ਮਿਲ-ਬੈਠ ਕੇ ਲੋਕਾਂ ਨੂੰ ਚੇਤਨ ਕਰ ਕੇ ਤੇ ਸਰਗਰਮ ਵਿਰੋਧ ਜੱਥੇਬੰਦ ਕਰਕੇ ਹੀ ਠੱਲ੍ਹ ਪਾਈ ਜਾ ਸਕਦੀ ਹੈ। ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਪਦਮਸ੍ਰੀ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਚੰਗਾ ਸਮਾਜ ਸਿਰਜਣ ਲਈ ਅਜਿਹੇ ਲਿਟਰੇਰੀ ਫੈਸਟੀਵਲ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਉਨ੍ਹਾਂ ਕਿਹਾ ਕਿ ਤਾਨਾਸ਼ਾਹੀ ਰੁਝਾਨਾਂ ਖਿਲਾਫ਼ ਲੜਨਾ ਹੀ ਸਾਡੇ ਜਿਉਂਦੇ ਹੋਣ ਦਾ ਸਬੂਤ ਹੈ। ਇਸ ਤੋਂ ਪਹਿਲਾਂ ਫੈਸਟੀਵਲ ਦੀ ਸ਼ੁਰੂਆਤ ‘ਚ ਸੁਰ ਆਂਗਣ ਪੰਜਾਬ ਫਰੀਦਕੋਟ ਵੱਲੋਂ ਪ੍ਰੋ. ਰਾਜੇਸ਼ ਮੋਹਨ ਦੀ ਅਗਵਾਈ ਵਿੱਚ ਸਾਹਿਤਕ ਗਾਇਨ ਕੀਤਾ ਗਿਆ। ਇਸ ਮੌਕੇ ਕਰਨਲ ਬਲਬੀਰ ਸਿੰਘ ਸਰਾਂ ਦੀ ਪੁਸਤਕ ‘ਭਾਰਤੀ ਫੌਜ ਦੀਆਂ ਜੰਗਾਂ’, ਗੁਰਪ੍ਰੀਤ ਸਿੰਘ ਤੂਰ ਦੀ ਪੁਸਤਕ ‘ਪੰਜਾਬੀਆਂ ਦੇ ਅਥਾਹ ਤੇ ਫਾਲਤੂ ਖਰਚੇ’, ਚਰਨਜੀਤ ਭੁੱਲਰ ਦੀ ਪੁਸਤਕ ‘ਨਿੱਕੇ ਨਿੱਕੇ ਅਬਦਾਲੀ’, ਮਹਿੰਦਰ ਸਿੰਘ ਰਾਹੀ ਦੀ ਪੁਸਤਕ ‘ਸਿੱਖ ਪੰਥ ਵਿੱਚ ਬ੍ਰਾਹਮਣ ਭਾਈਚਾਰੇ ਦਾ ਯੋਗਦਾਨ’ ਰਿਲੀਜ਼ ਕੀਤੀਆਂ ਗਈਆਂ। ਸੰਸਥਾ ਪੀਪਲਜ਼ ਫੋਰਮ ਦੇ ਪ੍ਰਧਾਨ ਖੁਸ਼ਵੰਤ ਬਰਗਾੜੀ ਵੱਲੋਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਪ੍ਰੋਗਰਾਮ ਦਾ ਸੰਚਾਲਨ ਸਟਾਲਿਨਜੀਤ ਬਰਾੜ ਵੱਲੋਂ ਕੀਤਾ ਗਿਆ।
ਦੂਜੇ ਸੈਸ਼ਨ ਵਿੱਚ ਸਰਕਾਰੀ ਹਾਈ ਸਕੂਲ ਚੱਕ ਰਾਮ ਸਿੰਘ ਵਾਲਾ ਦੇ ਵਿਦਿਆਰਥੀਆਂ ਵੱਲੋਂ ਕੋਰੀਓਗ੍ਰਾਫ਼ੀ ਪੇਸ਼ ਕੀਤੀ ਗਈ। ਮਗਰੋਂ ‘ਸਿਰਜਣਾ ਆਰਟ ਗਰੁੱਪ ਰਾਏਕੋਟ’ ਵੱਲੋਂ ਕੰਵਲ ਢਿੱਲੋਂ ਦੀ ਨਿਰਦੇਸ਼ਨਾ ਹੇਠ ਸੋਮਪਾਲ ਹੀਰਾ ਵੱਲੋਂ ਨਾਟਕ ‘ਭਾਸ਼ਾ ਵਹਿੰਦਾ ਦਰਿਆ’ ਖੇਡਿਆ ਗਿਆ। ਇਸ ਸੈਸ਼ਨ ਵਿੱਚ ਬੂਟਾ ਸਿੰਘ ਚੌਹਾਨ ਤੇ ਰਾਜਿੰਦਰ ਮਾਜ਼ੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਪਾਠਕਾਂ ਨੇ ਪੁਸਤਕਾਂ ਖ਼ਰੀਦਣ ਕਾਫੀ ਦਿਲਚਸਪੀ ਦਿਖਾਈ।

 

RELATED ARTICLES
POPULAR POSTS