10.2 C
Toronto
Thursday, October 23, 2025
spot_img
Homeਹਫ਼ਤਾਵਾਰੀ ਫੇਰੀਚੰਡੀਗੜ੍ਹ ਯੂਨੀਵਰਸਿਟੀ ਦੇ ਵਿਵਾਦ ਕਰਕੇ ਵਿਦਿਆਰਥੀਆਂ ਦੇ ਮਾਪੇ ਵੀ ਪ੍ਰੇਸ਼ਾਨ

ਚੰਡੀਗੜ੍ਹ ਯੂਨੀਵਰਸਿਟੀ ਦੇ ਵਿਵਾਦ ਕਰਕੇ ਵਿਦਿਆਰਥੀਆਂ ਦੇ ਮਾਪੇ ਵੀ ਪ੍ਰੇਸ਼ਾਨ

ਵਿਦਿਆਰਥਣਾਂ ਦੇ ਨਹਾਉਣ ਦਾ ਵੀਡੀਓ ਹੋਇਆ ਸੀ ਵਾਇਰਲ
ਚੰਡੀਗੜ੍ਹ/ਬਿਊਰੋ ਨਿਊਜ਼ : ਮੁਹਾਲੀ ਨੇੜੇ ਚੰਡੀਗੜ੍ਹ ਯੂਨੀਵਰਸਿਟੀ ਵਿਚ ਪੜ੍ਹਨ ਵਾਲੀਆਂ ਵਿਦਿਆਰਥਣਾਂ ਦੇ ਨਹਾਉਣ ਦਾ ਵੀਡੀਓ ਵਾਇਰਲ ਹੋਇਆ ਸੀ। ਜਿਸ ਨੂੰ ਲੈ ਕੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਵਿਚ ਜੰਮ ਦੇ ਰੋਸ ਪ੍ਰਦਰਸ਼ਨ ਕੀਤਾ ਅਤੇ ਇਸ ਰੋਸ ਪ੍ਰਦਰਸ਼ਨ ਵਿਚ ਵਿਦਿਆਰਥੀਆਂ ਦੇ ਮਾਪੇ ਵੀ ਸ਼ਾਮਲ ਹੋਏ। ਇਸ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ ਨੇ 24 ਸਤੰਬਰ ਤੱਕ ਯੂਨੀਵਰਸਿਟੀ ਵਿਚ ਛੁੱਟੀ ਦਾ ਐਲਾਨ ਕਰ ਦਿੱਤਾ ਸੀ। ਵੀਡੀਓ ਵਾਇਰਲ ਮਾਮਲੇ ਵਿਚ ਪੁਲਿਸ ਨੇ ਆਰੋਪੀ ਲੜਕੀ ਅਤੇ ਹਿਮਾਚਲ ਪ੍ਰਦੇਸ਼ ਦੇ ਦੋ ਨੌਜਵਾਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਸੀ। ਵਿਦਿਆਰਥੀਆਂ ਨੇ ਆਰੋਪ ਲਗਾਇਆ ਕਿ ਚੰਡੀਗੜ੍ਹ ਯੂਨੀਵਰਸਿਟੀ ਅਤੇ ਪੰਜਾਬ ਪੁਲਿਸ ਦੇ ਅਧਿਕਾਰੀ ਮਾਮਲੇ ਨੂੰ ਦਬਾ ਰਹੇ ਹਨ।
ਵਿਦਿਆਰਥੀਆਂ ਨੇ ਇਹ ਆਰੋਪ ਵੀ ਲਗਾਇਆ ਕਿ ਇਨਕੁਆਰੀ ਪੂਰੀ ਹੋਣ ਤੋਂ ਪਹਿਲਾਂ ਹੀ ਵਿਦਿਆਰਥਣਾਂ ਦੇ ਵੀਡੀਓ ਵਾਇਰਲ ਹੋਣ ਦੀ ਗੱਲ ਖਾਰਜ ਕਰ ਦਿੱਤੀ ਗਈ ਸੀ। ਵਿਦਿਆਰਥੀਆਂ ਦੇ ਰੋਸ ਪ੍ਰਦਰਸ਼ਨ ਨੂੰ ਦੇਖਦਿਆਂ ਯੂਨੀਵਰਸਿਟੀ ਕੈਂਪਸ ਵਿਚ ਪੁਲਿਸ ਫੋਰਸ ਵੀ ਤਾਇਨਾਤ ਕਰ ਦਿੱਤੀ ਗਈ ਸੀ। ਚੰਡੀਗੜ੍ਹ ਯੂਨੀਵਰਸਿਟੀ ਵਿਚ ਵਾਪਰੀ ਅਜਿਹੀ ਘਟਨਾ ਨੂੰ ਦੇਖਦਿਆਂ ਵਿਦਿਆਰਥਣਾਂ ਅਤੇ ਵਿਦਿਆਰਥੀਆਂ ਦੇ ਮਾਪੇ ਬੇਹੱਦ ਪ੍ਰੇਸ਼ਾਨ ਹਨ। ਕਿਉਂਕਿ ਇਸ ਯੂਨੀਵਰਸਿਟੀ ਦੇ ਹੋਸਟਲ ਵਿਚ ਵਿਦਿਆਰਥੀ ਦੂਰ ਦੁਰੇਡੇ ਇਲਾਕਿਆਂ ਵਿਚੋਂ ਆ ਕੇ ਰਹਿ ਰਹੇ ਹਨ।
ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਦੀ ਮੰਦਭਾਗੀ ਘਟਨਾ ਬਾਰੇ ਸੁਣ ਕੇ ਉਨ੍ਹਾਂ ਨੂੰ ਕਾਫੀ ਦੁੱਖ ਹੋਇਆ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਇਕ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਜੋ ਕੋਈ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਉਨ੍ਹਾਂ ਸਾਰਿਆਂ ਨੂੰ ਅਫ਼ਵਾਹਾਂ ਤੋਂ ਸਾਵਧਾਨ ਰਹਿਣ ਦੀ ਬੇਨਤੀ ਕੀਤੀ। ਭਗਵੰਤ ਮਾਨ ਨੇ ਕਿਹਾ ਕਿ ਮੈਂ ਪ੍ਰਸ਼ਾਸਨ ਨਾਲ ਰਾਬਤੇ ਵਿੱਚ ਹਾਂ ਅਤੇ ਮੈਂ ਸਾਰਿਆਂ ਨੂੰ ਅਪੀਲ ਕਰਦਾਂ ਹਾਂ ਕਿ ਅਫ਼ਵਾਹਾਂ ਤੋਂ ਬਚੋ।
ਡੀਜੀਪੀ ਗੌਰਵ ਯਾਦਵ ਨੇ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਵਾਪਰੀ ਘਟਨਾ ਨੂੰ ਮੰਦਭਾਗਾ ਕਰਾਰ ਦਿੰਦੇ ਹੋਏ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਪੂਰੀ ਸਰਗਰਮੀ ਨਾਲ ਜਾਂਚ ਚੱਲ ਰਹੀ ਹੈ।
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ‘ਚ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ
ਜਲੰਧਰ : ਚੰਡੀਗੜ੍ਹ ਯੂਨੀਵਰਸਿਟੀ ਦਾ ਵੀਡੀਓ ਵਿਵਾਦ ਹਾਲੇ ਠੰਡਾ ਨਹੀਂ ਹੋਇਆ ਸੀ ਤੇ ਹੁਣ ਜਲੰਧਰ ਦੀ ਲਵਲੀ ਪ੍ਰੋਫੈਸਨਲ ‘ਵਰਸਿਟੀ ‘ਚ ਇਕ ਵਿਦਿਆਰਥੀ ਨੇ ਆਤਮ ਹੱਤਿਆ ਕਰ ਲਈ। ਇਹ ਵਿਦਿਆਰਥੀ ਕੇਰਲ ਦਾ ਰਹਿਣ ਵਾਲਾ ਸੀ ਜਿਸ ਦਾ ਨਾਂ ਈਜਨ ਐਸ ਦਿਲੀਪ ਕੁਮਾਰ ਦੱਸਿਆ ਜਾ ਰਿਹਾ ਹੈ ਅਤੇ ਇਸ ਦੇ ਕਮਰੇ ਵਿਚੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ। ਇਸ ਤੋਂ ਬਾਅਦ ਯੂਨੀਵਰਸਿਟੀ ਦੇ ਹੋਰ ਵਿਦਿਆਰਥੀਆਂ ਵੱਲੋਂ ਜਮ ਹੰਗਾਮਾ ਕੀਤਾ ਗਿਆ।
ਪੰਜਾਬੀ ਯੂਨੀਵਰਸਿਟੀ ਦੇ ਕਰਮਚਾਰੀ ਵੱਲੋਂ ਵੀ ਖੁਦਕੁਸ਼ੀ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇਕ ਕਰਮਚਾਰੀ ਵਲੋਂ ਵਾਰਿਸ ਭਵਨ ‘ਚ ਛੱਤ ਦੇ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਰੋਹਤਾਜ (25) ਵਾਸੀ ਹਰਿਆਣਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਕਿ ਰੋਹਤਾਜ ਰੋਜ਼ਾਨਾ ਦਿਹਾੜੀ ਦੇ ਆਧਾਰ ‘ਤੇ ਯੂਨੀਵਰਸਿਟੀ ‘ਚ ਕੰਮ ਕਰਦਾ ਸੀ ਅਤੇ ਪਿਛਲੇ ਕਈ ਦਿਨਾਂ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿ ਰਿਹਾ ਸੀ। ਫਿਲਹਾਲ ਮੌਤ ਦੇ ਅਸਲ ਕਾਰਨਾਂ ਦਾ ਅਸਲ ਪਤਾ ਨਹੀਂ ਲੱਗ ਸਕਿਆ।

 

RELATED ARTICLES
POPULAR POSTS