Breaking News
Home / ਭਾਰਤ / ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਸੱਤ ਸਤੰਬਰ ਤੋਂ

ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਸੱਤ ਸਤੰਬਰ ਤੋਂ

ਹੋਰਾਂ ਪਾਰਟੀਆਂ ਤੇ ਸਿਵਲ ਸੁਸਾਇਟੀ ਨੂੰ ਯਾਤਰਾ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਨੇ ਆਪਣੀ ‘ਭਾਰਤ ਜੋੜੋ ਯਾਤਰਾ’ ਦਾ ਲੋਗੋ, ਨਾਅਰਾ, ਵੈੱਬਸਾਈਟ ਤੇ ਕਿਤਾਬਚਾ ਜਾਰੀ ਕਰ ਦਿੱਤਾ ਹੈ। ਇਹ ਯਾਤਰਾ 7 ਸਤੰਬਰ ਤੋਂ ਸ਼ੁਰੂ ਹੋਵੇਗੀ ਤੇ 12 ਸੂਬਿਆਂ ਅਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚੋਂ ਲੰਘੇਗੀ। ਕਾਂਗਰਸ ਦੇ ਜਨਰਲ ਸਕੱਤਰ (ਸੰਚਾਰ) ਜੈਰਾਮ ਰਮੇਸ਼ ਨੇ ਕਿਹਾ ਕਿ ‘ਭਾਰਤ ਜੋੜੋ’ ਯਾਤਰਾ ਸਮੇਂ ਦੀ ਅਹਿਮ ਲੋੜ ਹੈ ਕਿਉਂਕਿ ਮਹਿੰਗਾਈ, ਜੀਐੱਸਟੀ ਤੇ ਬੇਰੁਜ਼ਗਾਰੀ ਵਧਦੀ ਰਹੀ ਹੈ। ਸਮਾਜਿਕ ਧਰੁਵੀਕਰਨ ਭਾਰਤ ਦੇ ਏਕੇ ਨੂੰ ਢਾਹ ਲਗਾ ਰਿਹਾ ਹੈ। ਇਸ ਯਾਤਰਾ ਨੂੰ ਪਾਰਟੀ ਵੱਲੋਂ ਵੱਡੇ ਪੱਧਰ ‘ਤੇ ਵਿੱਢੇ ਲੋਕ ਸੰਪਰਕ ਪ੍ਰੋਗਰਾਮ ਵਜੋਂ ਦੇਖਿਆ ਜਾ ਰਿਹਾ ਹੈ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਜੈਰਾਮ ਰਮੇਸ਼ ਨੇ ਕਿਹਾ ਕਿ ਮੁੱਖ ਯਾਤਰਾ ਦੱਖਣ ਵਿਚ ਕੰਨਿਆਕੁਮਾਰੀ ਤੋਂ ਲੈ ਕੇ ਉੱਤਰ ਵਿਚ ਕਸ਼ਮੀਰ ਤੱਕ 3,570 ਕਿਲੋਮੀਟਰ ਦਾ ਫ਼ਾਸਲਾ ਤੈਅ ਕਰੇਗੀ। ਇਹ ਪੰਜ ਮਹੀਨੇ ਤੱਕ ਚੱਲੇਗੀ। ਇਸ ਤੋਂ ਇਲਾਵਾ ਵੱਖ-ਵੱਖ ਸੂਬਿਆਂ ਵਿਚ ਛੋਟੇ ਪੱਧਰ ਦੀਆਂ ਯਾਤਰਾਵਾਂ ਵੀ ਕੀਤੀਆਂ ਜਾਣਗੀਆਂ। ਪਾਰਟੀ ਦੀ ਯਾਤਰਾ ਪ੍ਰਬੰਧਨ ਕਮੇਟੀ ਦੇ ਮੁਖੀ ਦਿਗਵਿਜੈ ਸਿੰਘ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਚਾਹੁੰਦੇ ਹਨ ਕਿ ਹਰ ਖੇਤਰ, ਜਾਤੀ ਤੇ ਭਾਈਚਾਰੇ ਦੇ ਲੋਕ ਇਸ ਵਿਚ ਸ਼ਮੂਲੀਅਤ ਕਰਨ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕੰਨਿਆਕੁਮਾਰੀ ਤੋਂ ਇਸ ਯਾਤਰਾ ਵਿਚ ਸ਼ਿਰਕਤ ਕਰਨਗੇ। ਦਿਗਵਿਜੈ ਸਿੰਘ ਨੇ ਕਿਹਾ ਕਿ 100 ‘ਪਦਯਾਤਰੀ’ ਹੋਣਗੇ ਜੋ ਸ਼ੁਰੂ ਤੋਂ ਅਖ਼ੀਰ ਤੱਕ ਚੱਲਣਗੇ। ਇਨ੍ਹਾਂ ਤੋਂ ਇਲਾਵਾ ਕਰੀਬ 100 ਜਣੇ ਹੋਰ ਉਨ੍ਹਾਂ ਸੂਬਿਆਂ ਤੋਂ ਜੁੜਨਗੇ ਜਿੱਥੋਂ ਯਾਤਰਾ ਨਹੀਂ ਲੰਘ ਰਹੀ। ਇਸ ਤੋਂ ਇਲਾਵਾ 100 ਉੱਥੋਂ ਜੁੜਨਗੇ ਜਿੱਥੋਂ ਯਾਤਰਾ ਲੰਘੇਗੀ। ਇਸ ਤਰ੍ਹਾਂ 300 ਯਾਤਰੀ ਹੋਣਗੇ। ਇਕ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ, ‘ਰਾਹੁਲ ਗਾਂਧੀ ਵੱਡੇ ਨੇਤਾ ਹਨ ਤੇ ਉਹ ਇਸ ਯਾਤਰਾ ਵਿਚ ‘ਭਾਰਤ ਯਾਤਰੀ’ ਹੋਣਗੇ।’ ਉਨ੍ਹਾਂ ਕਿਹਾ ਕਿ ਦੇਸ਼ ਵਿਚ ਇਸ ਪੱਧਰ ਦਾ ਲੋਕ ਸੰਪਰਕ ਪ੍ਰੋਗਰਾਮ ਪਹਿਲਾਂ ਕਦੇ ਨਹੀਂ ਹੋਇਆ। ਦਿਗਵਿਜੈ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਜਨ ਅੰਦੋਲਨ ਰਾਹੀਂ ਦੇਸ਼ ਨੂੰ ਆਜ਼ਾਦੀ ਦਿਵਾਉਣ ਵਾਲੀ ਕਾਂਗਰਸ, ਹੁਣ ਸਮਾਜਿਕ ਸਦਭਾਵ ਨੂੰ ਵਾਪਸ ਲਿਆਉਣ ਲਈ ਸੰਘਰਸ਼ ਕਰੇਗੀ ਤੇ ਦੇਸ਼ ਨੂੰ ਇਸ ਦੇ ਕਿਰਦਾਰ ਤੋਂ ਦੂਰ ਹੋਣ ਤੋਂ ਬਚਾਏਗੀ। ਕਾਂਗਰਸ ਨੇ ਇਸ ਯਾਤਰਾ ਦਾ ਨਾਅਰਾ-‘ਮਿਲੇ ਕਦਮ, ਜੁੜੇ ਵਤਨ’ ਰੱਖਿਆ ਹੈ। ਪਾਰਟੀ ਨੇ ਵੈੱਬਸਾਈਟ ਲਾਂਚ ਕਰ ਕੇ ਲੋਕਾਂ ਨੂੰ ਇਸ ਨਾਲ ਜੁੜਨ ਲਈ ਕਿਹਾ ਹੈ। ਕਾਂਗਰਸ ਆਗੂ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ ਤੇ ਹੋਰਾਂ ਨੇ ਵੀ ਯਾਤਰਾ ਬਾਰੇ ਟਵੀਟ ਕੀਤੇ ਹਨ।
‘ਭਾਰਤ ਜੋੜੋ ਯਾਤਰਾ’ ਸਮੇਂ ਦੀ ਅਹਿਮ ਲੋੜ : ਜੈਰਾਮ ਰਮੇਸ਼
ਭਾਜਪਾ ‘ਤੇ ਨਿਸ਼ਾਨਾ ਸੇਧਦਿਆਂ ਜੈਰਾਮ ਰਮੇਸ਼ ਨੇ ਕਿਹਾ ਕਿ ‘ਇਹ ਇਕ ਦੇਸ਼, ਇਕ ਸਰਕਾਰ, ਇਕ ਪਾਰਟੀ, ਇਕ ਆਗੂ ਬਣ ਕੇ ਰਹਿ ਗਈ ਹੈ।’ ਉਨ੍ਹਾਂ ਕਿਹਾ ਕਿ ਉਦੈਪੁਰ ਵਿਚ ਫੈਸਲਾ ਲਿਆ ਗਿਆ ਸੀ ਕਿ ਭਾਰਤ ਜੋੜੋ ਯਾਤਰਾ ਕੱਢੀ ਜਾਵੇਗੀ ਤੇ ਇਹ ਸਮੇਂ ਦੀ ਅਹਿਮ ਲੋੜ ਬਣ ਗਈ ਹੈ। ਉਨ੍ਹਾਂ ਕਿਹਾ ਕਿ ਇਸ ਦਾ ਮੰਤਵ ਲੋਕਾਂ ਨੂੰ ਦੱਸਣਾ ਹੈ ਕਿ ਸਾਡਾ ਸੰਵਿਧਾਨ, ਲੋਕਤੰਤਰ ਤੇ ਸਾਡਾ ਦੇਸ਼ ਖ਼ਤਰੇ ਵਿਚ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸਾਰੀਆਂ ਪਾਰਟੀਆਂ ਨੂੰ ਇਸ ਵਿਚ ਹਿੱਸਾ ਲੈਣ ਦਾ ਸੱਦਾ ਦਿੱਤਾ ਹੈ। ਸਿਵਿਲ ਸੁਸਾਇਟੀ ਨੂੰ ਵੀ ਸੱਦਾ ਦਿੱਤਾ ਗਿਆ ਹੈ। ਜੈਰਾਮ ਰਮੇਸ਼ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਲਈ ਤਿੰਨ ਮੁੱਖ ਕਾਰਨਾਂ ਦੀ ਸ਼ਨਾਖ਼ਤ ਕੀਤੀ ਹੈ ਜੋ ਕਿ ਆਰਥਿਕ, ਸਮਾਜਿਕ ਤੇ ਸਿਆਸੀ ਹਨ। ਉਨ੍ਹਾਂ ਕਿਹਾ ਕਿਦੇਸ਼ ਅੱਗੇ ਮਹਿੰਗਾਈ, ਬੇਰੁਜ਼ਗਾਰੀ ਦੇ ਰੂਪ ਵਿਚ ਗੰਭੀਰ ਆਰਥਿਕ ਚੁਣੌਤੀਆਂ ਹਨ। ਆਰਥਿਕ ਪਾੜਾ ਤੇ ਖੇਤਰੀ ਵਖ਼ਰੇਵੇਂ ਡੂੰਘੇ ਹੁੰਦੇ ਜਾ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰੀ ਸੰਸਥਾਵਾਂ ਦੀ ਵਰਤੋਂ ਤੇ ਸੂਬਿਆਂ ਨੂੰ ਕਮਜ਼ੋਰ ਕਰਨ ਨਾਲ ਸਿਆਸੀ ਚੁਣੌਤੀਆਂ ਖੜ੍ਹੀਆਂ ਹੋਈਆਂ ਹਨ।

Check Also

ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ ਲਈ ਪਈਆਂ ਵੋਟਾਂ

ਹਿਸਾਰ ’ਚ ਕਾਂਗਰਸੀ ਅਤੇ ਭਾਜਪਾ ਵਰਕਰ ਆਪਸ ਵਿਚ ਭਿੜੇ ਚੰਡੀਗੜ੍ਹ/ਬਿਊਰੋ ਨਿਊਜ਼ : 90 ਸੀਟਾਂ ਵਾਲੀ …