ਢੁਕਵੀਂ ਜ਼ਮੀਨ ਅਲਾਟ ਕਰਨ ਦੀ ਅਪੀਲ
ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਤੋਂ ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਸਰਕਾਰ ਨੂੰ ਡਾ. ਮਨਮੋਹਨ ਸਿੰਘ ਸਕੂਲ ਆਫ ਇਕਨੌਮਿਕਸ ਦੀ ਸਥਾਪਨਾ ਕਰਨ ਅਤੇ ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ ਦੇ ਨੇੜੇ ਦਵਾਰਕਾ ਵਿੱਚ ਨਵੇਂ ਡਿਪਲੋਮੈਟਿਕ ਖੇਤਰ ਵਿੱਚ ਇਸ ਲਈ ਢੁਕਵੀਂ ਜ਼ਮੀਨ ਅਲਾਟ ਕਰਨ ਦੀ ਅਪੀਲ ਕੀਤੀ ਹੈ।
ਡਾ. ਸਾਹਨੀ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਉੱਘੇ ਵਿਦਵਾਨ ਸਨ। ਉਨ੍ਹਾਂ ਨੇ ਕੈਂਬਰਿਜ ਅਤੇ ਆਕਸਫੋਰਡ ਤੋਂ ਪੀਐੱਚਡੀ ਦੀ ਡਿਗਰੀ ਹਾਸਲ ਕੀਤੀ ਸੀ। ਮਨਮੋਹਨ ਸਿੰਘ ਨੇ ਹੀ 1991 ਵਿੱਚ ਭਾਰਤ ਦੇ ਵਿੱਤ ਮੰਤਰੀ ਦੇ ਰੂਪ ਵਿੱਚ ਭਾਰਤ ਨੂੰ ਉਦਾਰੀਕਰਨ ਦੇ ਰਾਹ ‘ਤੇ ਤੋਰਿਆ ਸੀ। ਇੱਕ ਸਮੇਂ ਦੌਰਾਨ ਜਦੋਂ ਭਾਰਤੀ ਅਰਥਚਾਰੇ ਨੂੰ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਸੀ ਤਾਂ ਉਨ੍ਹਾਂ ਨੇ ਪ੍ਰਗਤੀਸ਼ੀਲ ਆਰਥਿਕ ਨੀਤੀਆਂ ਪੇਸ਼ ਕੀਤੀਆਂ ਜਿਨ੍ਹਾਂ ਨੇ ਦੇਸ਼ ਦੀ ਆਰਥਿਕ ਹਾਲਤ ਨੂੰ ਅਹਿਮ ਤਬਦੀਲੀ ਦਾ ਆਧਾਰ ਮੁਹੱਈਆ ਕਰਵਾਇਆ।
ਡਾ. ਸਾਹਨੀ ਨੇ ਆਖਿਆ ਕਿ ਅਜਿਹੀ ਸੰਸਥਾ ਦੀ ਸਥਾਪਨਾ ਡਾ. ਮਨਮੋਹਨ ਸਿੰਘ ਦੀ ਵਿਰਾਸਤ ਨੂੰ ਸ਼ਰਧਾ ਭੇਟ ਕਰਨ ਦੇ ਤੁਲ ਹੋਵੇਗੀ।
ਇਹ ਹਜ਼ਾਰਾਂ ਨੌਜਵਾਨਾਂ ਨੂੰ ਡਾ. ਮਨਮੋਹਨ ਸਿੰਘ ਸਕੂਲ ਆਫ ਇਕਨੌਮਿਕਸ ਵਿੱਚ ਮਾਸਟਰਜ਼ ਅਤੇ ਡਾਕਟਰੇਟ ਦੀ ਡਿਗਰੀ ਹਾਸਲ ਕਰਨ ਉਪਰੰਤ ਪੂੰਜੀਵਾਦ ਅਤੇ ਸਮਾਜਵਾਦ ਵਿਚਕਾਰ ਸੰਤੁਲਣ ਦਾ ਅਧਿਐਨ ਕਰਨ ਅਤੇ ਸਮਝਣ ਦਾ ਮੌਕਾ ਪ੍ਰਦਾਨ ਕਰੇਗਾ।
ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਅੱਗੇ ਕਿਹਾ ਕਿ ਤਰਲੋਚਨ ਸਿੰਘ ਸਣੇ ਕਈ ਭਾਈਚਾਰਕ ਆਗੂ, ਕੌਮੀ ਰਾਜਧਾਨੀ ਵਿੱਚ ਡਾ. ਮਨਮੋਹਨ ਸਿੰਘ ਦੇ ਨਾਮ ‘ਤੇ ਸਿੱਖਿਆ ਦਾ ਇੱਕ ਵੱਕਾਰੀ ਕੇਂਦਰ ਬਣਾਉਣ ਦੇ ਵਿਚਾਰ ਦੀ ਹਮਾਇਤ ਕਰਦੇ ਹਨ।
Check Also
ਦਿੱਲੀ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ 29 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ
ਪਰਵੇਸ਼ ਵਰਮਾ ਲੜਨਗੇ ਅਰਵਿੰਦ ਕੇਜਰੀਵਾਲ ਖਿਲਾਫ਼ ਚੋਣ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਜਨਤਾ ਪਾਰਟੀ ਨੇ …