ਕਿਹਾ : ਕਾਨੂੰਨ ਆਪਣਾ ਕੰਮ ਕਰ ਰਿਹਾ ਹੈ, ਅਸੀਂ ਨਹੀਂ ਕਰਦੇ ਬਦਲਾਖੋਰੀ ਦੀ ਰਾਜਨੀਤੀ
ਚੰਡੀਗੜ੍ਹ/ਬਿਊਰੋ ਨਿਊਜ਼ : ਭਾਰਤ ਭੂਸ਼ਣ ਆਸ਼ੂ ਦੀ ਗਿ੍ਰਫ਼ਤਾਰੀ ਤੋਂ ਬਾਅਦ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਾਨੂੰਨ ਆਪਣੇ ਹਿਸਾਬ ਨਾਲ ਕੰਮ ਕਰ ਰਿਹਾ ਹੈ। ਜਿਸ ਦੇ ਚਲਦਿਆਂ ਸਾਬਕਾ ਕਾਂਗਰਸੀ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਅਸੀਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਪੰਜਾਬ ਨੂੰ ਲੁੱਟਣ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕਰਾਂਗਾ ਅਤੇ ਅਸੀਂ ਇਹ ਕਰ ਵੀ ਰਹੇ ਹਾਂ। ਭਾਰਤ ਭੂਸ਼ਣ ਆਸ਼ੂ ਖਿਲਾਫ਼ ਵਿਜੀਲੈਂਸ ਵੱਲੋਂ ਸਬੂਤਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਗਈ, ਇਸ ਪਿੱਛੇ ਕੋਈ ਸਿਆਸੀ ਬਦਲਾਖੋਰੀ ਨਹੀਂ। ਧਿਆਨ ਰਹੇ ਕਿ ਲੰਘੇ ਕੱਲ੍ਹ ਭਾਰਤ ਭੂਸ਼ਣ ਆਸ਼ੂ ਨੂੰ ਅਨਾਜ ਮੰਡੀਆਂ ’ਚ ਟਰਾਂਸਪੋਰਟੇਸ਼ਨ ਟੈਂਡਰ ਘੋਟਾਲੇ ਦੇ ਆਰੋਪ ਵਿਚ ਗਿ੍ਰਫਤਾਰ ਕੀਤਾ ਗਿਆ ਸੀ, ਜਿਸ ’ਚ ਸਕੂਟਰ ਅਤੇ ਬਾਈਕਸ ’ਤੇ ਅਨਾਜ ਢੋਣ ਦਾ ਆਰੋਪ ਹੈ। ਇਹ ਘੋਟਾਲਾ ਲਗਭਗ 2 ਹਜ਼ਾਰ ਕਰੋੜ ਰੁਪਏ ਹੈ। ਇਸ ਤੋਂ ਪਹਿਲਾਂ ਮਾਨ ਨੇ ਸਰਕਾਰ ਦਰਖਤਾਂ ਦੀ ਕਟਾਈ ’ਚ ਕਮਿਸ਼ਨ ਲੈਣ ਦੇ ਮਾਮਲੇ ਵਿਚ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਗਿ੍ਰਫ਼ਤਾਰ ਕੀਤਾ ਸੀ ਅਤੇ ਇਸ ਸਮੇਂ ਉਹ ਜੇਲ੍ਹ ਵਿਚ ਬੰਦ ਹਨ।