Breaking News
Home / ਭਾਰਤ / ਦਰੋਪਦੀ ਮੁਰਮੂ ਨੇ 15ਵੇਂ ਰਾਸ਼ਟਰਪਤੀ ਵਜੋਂ ਹਲਫ਼ ਲਿਆ

ਦਰੋਪਦੀ ਮੁਰਮੂ ਨੇ 15ਵੇਂ ਰਾਸ਼ਟਰਪਤੀ ਵਜੋਂ ਹਲਫ਼ ਲਿਆ

ਆਦਿਵਾਸੀ ਸਮਾਜ ਦੀ ਪਹਿਲੀ ਅਤੇ ਦੇਸ਼ ਦੀ ਦੂਜੀ ਮਹਿਲਾ ਰਾਸ਼ਟਰਪਤੀ ਹੋਣ ਦਾ ਮਾਣ ਮਿਲਿਆ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਰਪੋਦੀ ਮੁਰਮੂ (64) ਨੇ ਲੰਘੇ ਸੋਮਵਾਰ ਨੂੰ ਦੇਸ਼ ਦੇ 15ਵੇਂ ਰਾਸ਼ਟਰਪਤੀ ਵਜੋਂ ਹਲਫ਼ ਲੈਣ ਮਗਰੋਂ ਆਪਣੇ ਪਲੇਠੇ ਭਾਸ਼ਣ ‘ਚ ਕਿਹਾ ਕਿ ਉਨਾਂ ਦੀ ਚੋਣ ਇਸ ਗੱਲ ਦਾ ਸਬੂਤ ਹੈ ਕਿ ਕਿਸੇ ਵੀ ਗਰੀਬ ਦੇ ਸੁਫ਼ਨੇ ਹੁਣ ਪੂਰੇ ਹੋ ਸਕਦੇ ਹਨ। ਸ੍ਰੀਮਤੀ ਮੁਰਮੂ ਦੇਸ਼ ਦੇ ਸਿਖਰਲੇ ਅਹੁਦੇ ‘ਤੇ ਬੈਠਣ ਵਾਲੀ ਆਦਿਵਾਸੀ ਸਮਾਜ ਦੀ ਪਹਿਲੀ ਅਤੇ ਦੂਜੀ ਮਹਿਲਾ ਰਾਸ਼ਟਰਪਤੀ ਹਨ। ਉਹ ਸਭ ਤੋਂ ਛੋਟੀ ਉਮਰ ਦੀ ਰਾਸ਼ਟਰਪਤੀ ਹੋਣ ਦੇ ਨਾਲ ਨਾਲ ਅਹੁਦੇ ‘ਤੇ ਬਿਰਾਜਮਾਨ ਹੋਣ ਵਾਲੀ ਆਜ਼ਾਦ ਭਾਰਤ ਦੀ ਪਹਿਲੀ ਆਗੂ ਹਨ। ਦੇਸ਼ ਦੇ ਚੀਫ਼ ਜਸਟਿਸ ਐੱਨ ਵੀ ਰਾਮੰਨਾ ਨੇ ਉਨਾਂ ਨੂੰ ਸੰਸਦ ਦੇ ਕੇਂਦਰੀ ਹਾਲ ਵਿੱਚ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਉਪ ਰਾਸ਼ਟਰਪਤੀ ਤੇ ਰਾਜ ਸਭਾ ਚੇਅਰਮੈਨ ਐੱਮ ਵੈਂਕੱਈਆ ਨਾਇਡੂ, ਲੋਕ ਸਭਾ ਸਪੀਕਰ ਓਮ ਬਿਰਲਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ, ਦੋਵਾਂ ਸਦਨਾਂ ਦੇ ਮੈਂਬਰਾਂ ਅਤੇ ਹੋਰ ਮਹਿਮਾਨਾਂ ਦੀ ਹਾਜ਼ਰੀ ਵਿੱਚ ਅਹੁਦੇ ਦਾ ਹਲਫ਼ ਦਿਵਾਇਆ। ਹਲਫ਼ ਲੈਣ ਮਗਰੋਂ ਹਾਜ਼ਰੀਨ ਤੇ ਦੇਸ਼ ਵਾਸੀਆਂ ਨੂੰ ਆਪਣੇ ਪਲੇਠੇ ਸੰਬੋਧਨ ਵਿੱਚ ਰਾਸ਼ਟਰਪਤੀ ਮੁਰਮੂ ਨੇ ‘ਸਬਕਾ ਸਾਥ, ਸਬਕਾ ਕਰਤੱਵਯ’ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਦੇਸ਼ ਦੇ ਸਿਖਰਲੇ ਸੰਵਿਧਾਨਕ ਅਹੁਦੇ ‘ਤੇ ਉਨਾਂ ਦੀ ਚੋਣ ਕੋਈ ਨਿੱਜੀ ਉਪਲੱਬਧੀ ਨਹੀਂ ਸਗੋਂ ਇਹ ਭਾਰਤ ਦੇ ਹਰੇਕ ਗ਼ਰੀਬ ਵਿਅਕਤੀ ਦੀ ਹੈ ਜੋ ਇਹ ਸਾਬਤ ਕਰਦੀ ਹੈ ਕਿ ਉਹ ਨਾ ਸਿਰਫ਼ ਸੁਫ਼ਨਾ ਵੇਖ ਸਕਦਾ ਹੈ ਬਲਕਿ ਇਸ ਨੂੰ ਪੂਰਾ ਵੀ ਕਰ ਸਕਦਾ ਹੈ। ਉਨਾਂ ਕਿਹਾ ਕਿ ਦੇਸ਼ ਦਾ ਦੱਬਿਆ-ਕੁਚਲਿਆ, ਗਰੀਬ, ਦਲਿਤ ਤੇ ਕਬਾਇਲੀ ਵਰਗ, ਉਨਾਂ ਵਿਚ ਆਪਣਾ ਪਰਛਾਵਾਂ ਵੇਖ ਸਕਦਾ ਹੈ। ਉਨਾਂ ਭਾਰਤ ਦੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ। ਮੁਰਮੂ ਨੇ ਕਿਹਾ ਕਿ ਉਹ ਆਜ਼ਾਦ ਭਾਰਤ ਵਿੱਚ ਪੈਦਾ ਹੋਣ ਵਾਲੀ ਪਹਿਲੀ ਰਾਸ਼ਟਰਪਤੀ ਹੈ ਤੇ ਇਹ ਉਨਾਂ ਦੇ ਚੰਗੇ ਭਾਗ ਹਨ ਕਿ ਉਨਾਂ ਅਜਿਹੇ ਮੌਕੇ ਇਹ ਅਹੁਦਾ ਸੰਭਾਲਿਆ ਹੈ ਜਦੋਂ ਦੇਸ਼ ਆਪਣੀ ਆਜ਼ਾਦੀ ਦੀ 75ਵੀਂ ਵਰੇਗੰਢ ਮਨਾਉਣ ਜਾ ਰਿਹਾ ਹੈ। ‘ਇਹ ਭਾਰਤੀ ਜਮਹੂਰੀਅਤ ਦੀ ਤਾਕਤ ਹੈ ਕਿ ਗਰੀਬ ਆਦਿਵਾਸੀ ਪਰਿਵਾਰ ‘ਚ ਜਨਮੀ ਲੜਕੀ ਸਿਖਰਲੇ ਸੰਵਿਧਾਨਕ ਅਹੁਦੇ ‘ਤੇ ਪਹੁੰਚ ਸਕਦੀ ਹੈ।’ ਉਨਾਂ ਵਾਰਡ ਕੌਂਸਲਰ ਤੋਂ ਰਾਸ਼ਟਰਪਤੀ ਬਣਨ ਤੱਕ ਦੇ ਸਫ਼ਰ ਦਾ ਵੀ ਜ਼ਿਕਰ ਕੀਤਾ।
ਮੁਰਮੂ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਹਿੰਦੀ ‘ਚ ਕਰਦਿਆਂ ਆਦਿਵਾਸੀ ਰਵਾਇਤ ਮੁਤਾਬਕ ਸਾਰਿਆਂ ਨੂੰ ‘ਜੋਹਾਰ’ ਆਖਿਆ। ਕਰੀਬ 18 ਮਿੰਟ ਦੇ ਭਾਸ਼ਣ ‘ਚ ਉਨਾਂ ਗਰੀਬਾਂ, ਆਦਿਵਾਸੀ ਭਾਈਚਾਰਿਆਂ, ਸਥਾਈ ਵਿਕਾਸ, ਡਿਜੀਟਲ ਇੰਡੀਆ, ਵੋਕਲ ਫਾਰ ਲੋਕਲ ਮੁਹਿੰਮ ਅਤੇ ਕੋਵਿਡ ਮਹਾਮਾਰੀ ਨਾਲ ਸਿੱਝਣ ਜਿਹੇ ਵਿਸ਼ਿਆਂ ਨੂੰ ਵੀ ਛੋਹਿਆ। ਸੰਥਾਲ ਪਰਿਵਾਰ ‘ਚ ਜਨਮੀ ਨਵੀਂ ਰਾਸ਼ਟਰਪਤੀ ਨੇ ਕਿਹਾ,”ਮੈਂ ਛੋਟੇ ਜਿਹੇ ਆਦਿਵਾਸੀ ਪਿੰਡ ‘ਚ ਪਲੀ ਜਿਥੇ ਪ੍ਰਾਇਮਰੀ ਸਿੱਖਿਆ ਹਾਸਲ ਕਰਨਾ ਇਕ ਸੁਫ਼ਨੇ ਵਾਂਗ ਸੀ ਪਰ ਮੈਂ ਪਿੰਡ ਦੀ ਪਹਿਲੀ ਲੜਕੀ ਸੀ ਜਿਸ ਨੇ ਕਾਲਜ ‘ਚ ਦਾਖ਼ਲਾ ਲਿਆ ਸੀ। ਸੰਥਾਲ, ਪਾਇਕਾ, ਕੋਲ ਅਤੇ ਭੀਲ ਇਨਕਲਾਬਾਂ ਨੇ ਆਜ਼ਾਦੀ ਸੰਘਰਸ਼ ‘ਚ ਆਦਿਵਾਸੀਆਂ ਦੇ ਯੋਗਦਾਨ ਨੂੰ ਮਜ਼ਬੂਤ ਕੀਤਾ।”
ਮੁਰਮੂ ਨੂੰ ਹੋਰਨਾਂ ਦੇਸ਼ਾਂ ਦੇ ਰਾਸ਼ਟਰਪਤੀਆਂ ਨੇ ਵੀ ਦਿੱਤੀ ਵਧਾਈ
ਪੇਈਚਿੰਗ : ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਆਪਣੇ ਭਾਰਤੀ ਹਮਰੁਤਬਾ ਦਰੋਪਦੀ ਮੁਰਮੂ ਵੱਲੋਂ ਅਹੁਦਾ ਸੰਭਾਲੇ ਜਾਣ ‘ਤੇ ਉਨਾਂ ਨੂੰ ਵਧਾਈ ਦਿੱਤੀ ਹੈ। ਜਿਨਪਿੰਗ ਨੇ ਕਿਹਾ ਕਿ ਉਹ ਦੋਵੇਂ ਮੁਲਕਾਂ ਵਿਚਕਾਰ ਆਪਸੀ ਸਿਆਸੀ ਵਿਸ਼ਵਾਸ ਵਧਾਉਣ ਅਤੇ ਮੱਤਭੇਦਾਂ ਨੂੰ ਦੂਰ ਕਰਨ ਲਈ ਉਨਾਂ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹਨ। ਉਨਾਂ ਆਪਣੇ ਵਧਾਈ ਸੁਨੇਹੇ ‘ਚ ਕਿਹਾ ਕਿ ਚੀਨ ਅਤੇ ਭਾਰਤ ਇਕ-ਦੂਜੇ ਦੇ ਅਹਿਮ ਗੁਆਂਢੀ ਹਨ ਅਤੇ ਚੀਨ-ਭਾਰਤ ਵਿਚਾਲੇ ਮਜ਼ਬੂਤ ਸਬੰਧ ਦੋਵੇਂ ਮੁਲਕਾਂ ਦੇ ਬੁਨਿਆਦੀ ਹਿੱਤਾਂ ਦੇ ਨਾਲ ਨਾਲ ਖਿੱਤੇ ਅਤੇ ਪੂਰੀ ਦੁਨੀਆ ‘ਚ ਸ਼ਾਂਤੀ, ਸਥਿਰਤਾ ਅਤੇ ਵਿਕਾਸ ਲਈ ਜ਼ਰੂਰੀ ਹਨ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਵੀ ਮੁਰਮੂ ਨੂੰ ਵਧਾਈ ਦਿੰਦਿਆਂ ਆਸ ਜਤਾਈ ਹੈ ਕਿ ਉਹ ਦੋਵੇਂ ਮੁਲਕਾਂ ਵਿਚਕਾਰ ਦੁਵੱਲੇ ਸਹਿਯੋਗ ਨੂੰ ਹੋਰ ਉਤਸ਼ਾਹਿਤ ਕਰਨਗੇ। ਸ੍ਰੀਲੰਕਾ ਦੇ ਨਵੇਂ ਬਣੇ ਰਾਸ਼ਟਰਪਤੀ ਰਨਿਲ ਵਿਕਰਮਸਿੰਘੇ ਨੇ ਕਿਹਾ ਕਿ ਸਭ ਤੋਂ ਵੱਡੀ ਜਮਹੂਰੀਅਤ ਵੱਲੋਂ ਸਿਖਰਲੇ ਅਹੁਦੇ ‘ਤੇ ਤੁਹਾਡੀ ਤਾਇਨਾਤੀ ਇਸ ਗੱਲ ਦੀ ਗਵਾਹੀ ਹੈ ਕਿ ਲੋਕਾਂ ਅਤੇ ਸਿਆਸੀ ਆਗੂਆਂ ਨੇ ਤੁਹਾਡੇ ‘ਤੇ ਭਰੋਸਾ ਜਤਾਇਆ ਹੈ। ਮਾਲਦੀਵ ਦੇ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸੋਲਿਹ ਨੇ ਵੀ ਮੁਰਮੂ ਨੂੰ ਇਤਿਹਾਸਕ ਜਿੱਤ ‘ਤੇ ਵਧਾਈ ਦਿੱਤੀ ਹੈ। ਨੇਪਾਲ ਦੀ ਰਾਸ਼ਟਰਪਤੀ ਬਿਦਿਆ ਦੇਵੀ ਭੰਡਾਰੀ ਅਤੇ ਪ੍ਰਧਾਨ ਮੰਤਰੀ ਸ਼ੇਰ ਬਹਾਦਰ ਦਿਓਬਾ ਨੇ ਵੀ ਦਰੋਪਦੀ ਮੁਰਮੂ ਨੂੰ ਰਾਸ਼ਟਰਪਤੀ ਬਣਨ ‘ਤੇ ਵਧਾਈ ਦਿੱਤੀ ਹੈ।
ਮੋਦੀ ਸਮੇਤ ਹੋਰ ਆਗੂਆਂ ਨੇ ਦਰੋਪਦੀ ਮੁਰਮੂ ਨੂੰ ਦਿੱਤੀਆਂ ਸ਼ੁਭਕਾਮਨਾਵਾਂ
ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਪਾਰਟੀ ਲਾਈਨ ਤੋਂ ਹਟ ਕੇ ਦਰੋਪਦੀ ਮੁਰਮੂ ਨੂੰ ਰਾਸ਼ਟਰਪਤੀ ਵਜੋਂ ਹਲਫ਼ ਲੈਣ ‘ਤੇ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਭਾਰਤ ਲਈ ਖਾਸ ਕਰਕੇ ਗਰੀਬਾਂ, ਹਾਸ਼ੀਏ ‘ਤੇ ਧੱਕੇ ਲੋਕਾਂ ਅਤੇ ਦਲਿਤਾਂ ਲਈ ਇਕ ‘ਇਤਿਹਾਸਕ ਪਲ’ ਦੱਸਿਆ ਹੈ। ਮੁਰਮੂ ਨੂੰ ਵਧਾਈ ਦਿੰਦਿਆਂ ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਨੇ ਕਿਹਾ ਕਿ ਸਿਖਰਲੇ ਅਹੁਦੇ ‘ਤੇ ਉਨਾਂ ਦੀ ਚੋਣ ਭਾਰਤੀ ਲੋਕਤੰਤਰ ਦੀ ਤਾਕਤ ਦੀ ਗਵਾਹੀ ਹੈ। ਨਾਇਡੂ ਨੇ ਕਿਹਾ,”ਭਾਰਤ ਦੇ ਪਹਿਲੇ ਨਾਗਰਿਕ ਵਜੋਂ ਉਨਾਂ ਦੇ ਸਫ਼ਲ ਕਾਰਜਕਾਲ ਲਈ ਮੇਰੀਆਂ ਸ਼ੁਭ ਕਾਮਨਾਵਾਂ।” ਮੁਰਮੂ ਦੇ ਸਫ਼ਲ ਕਾਰਜਕਾਲ ਲਈ ਸ਼ੁਭ ਕਾਮਨਾਵਾਂ ਦਿੰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਦੋਂ ਉਹ ਹਲਫ਼ ਲੈ ਰਹੇ ਸਨ ਤਾਂ ਪੂਰਾ ਮੁਲਕ ਮਾਣ ਨਾਲ ਦੇਖ ਰਿਹਾ ਸੀ। ਉਨਾਂ ਕਿਹਾ ਕਿ ਹਲਫ਼ ਲੈਣ ਤੋਂ ਬਾਅਦ ਆਪਣੇ ਸੰਬੋਧਨ ‘ਚ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਆਸ ਤੇ ਦਿਆਲਤਾ ਦਾ ਸੁਨੇਹਾ ਦਿੱਤਾ ਹੈ। ਉਨਾਂ ਭਾਰਤ ਦੀਆਂ ਉਪਲੱਬਧੀਆਂ ‘ਤੇ ਜ਼ੋਰ ਦਿੱਤਾ ਤੇ ਅਜਿਹੇ ਸਮੇਂ ‘ਚ ਅੱਗੇ ਦੇ ਰਾਹ ਦਾ ਨਜ਼ਰੀਆ ਪੇਸ਼ ਕੀਤਾ ਜਦੋਂ ਭਾਰਤ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਮਨਾ ਰਿਹਾ ਹੈ। ਭਾਜਪਾ ਪ੍ਰਧਾਨ ਜੇ ਪੀ ਨੱਢਾ ਨੇ ਕਿਹਾ ਕਿ ‘ਜਨਤਾ ਦੇ ਰਾਸ਼ਟਰਪਤੀ’ ਵਜੋਂ ਮੁਰਮੂ ਨੇ ਨਵੇਂ ਭਾਰਤ ਦੀ ਭਾਵਨਾ ਨੂੰ ਵੀ ਸਮਝਾਇਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਮੀਦ ਜਤਾਈ ਕਿ ਉਨਾਂ ਦੇ ਕਾਰਜਕਾਲ ਦੌਰਾਨ ਭਾਰਤ ਨਵੀਆਂ ਬੁਲੰਦੀਆਂ ਤੈਅ ਕਰੇਗਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਹ ਭਾਰਤੀ ਗਣਰਾਜ ਦੇ ਇਤਿਹਾਸ ਦਾ ਖਾਸ ਦਿਨ ਹੈ। ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ ਕੇ ਸਟਾਲਿਨ ਨੇ ਮੁਰਮੂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨਾਂ ਦੀਆਂ ਸੇਵਾਵਾਂ ਨਾਲ ਦੇਸ਼ ਨੂੰ ਲਾਭ ਹੋਵੇਗਾ। ਕਾਂਗਰਸ ਆਗੂ ਪੀ ਚਿਦੰਬਰਮ ਨੇ ਕਿਹਾ ਕਿ ਉੜੀਸਾ ਦੇ ਇਕ ਆਦਿਵਾਸੀ ਪਰਿਵਾਰ ‘ਚ ਜਨਮੀ ਮਹਿਲਾ ਨੂੰ ਰਾਸ਼ਟਰਪਤੀ ਦੇ ਅਹੁਦੇ ‘ਤੇ ਪਹੁੰਚਦੇ ਦੇਖਣਾ ਦੇਸ਼ ਦੇ ਇਤਿਹਾਸ ‘ਚ ਮਾਣ ਦਾ ਪਲ ਹੈ। ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਆਸ ਜਤਾਈ ਕਿ ਮੁਰਮੂ ਲੋਕਤੰਤਰ, ਸੰਵਿਧਾਨ ਤੇ ਕਾਨੂੰਨ ਦੀ ਰੱਖਿਆ ਲਈ ਵਚਨਬੱਧ ਰਹਿਣਗੇ। ਸਾਬਕਾ ਪ੍ਰਧਾਨ ਮੰਤਰੀ ਐੱਚ ਡੀ ਦੇਵਗੌੜਾ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਹੋਰ ਆਗੂਆਂ ਨੇ ਵੀ ਮੁਰਮੂ ਨੂੰ ਰਾਸ਼ਟਰਪਤੀ ਬਣਨ ‘ਤੇ ਵਧਾਈ ਦਿੱਤੀ ਹੈ।

 

 

Check Also

ਹੁਣ ਮਰਦ ਦਰਜੀ ਔਰਤਾਂ ਦਾ ਮਾਪ ਨਹੀਂ ਲੈ ਸਕਣਗੇ

ਯੂਪੀ ਮਹਿਲਾ ਕਮਿਸ਼ਨ ਨੇ ਲਿਆਂਦਾ ਮਤਾ ਲਖਨਊ/ਬਿਊਰੋ ਨਿਊਜ਼ ਉਤਰ ਪ੍ਰਦੇਸ਼ ਦੇ ਮਹਿਲਾ ਕਮਿਸ਼ਨ ਵੱਲੋਂ ਇਕ …