ਓਨਟਾਰੀਓ ਦੀ ਐਨਡੀਪੀ ਆਗੂ ਐਂਡਰੀਆ ਹੌਰਵਥ ਦਾ ਕੋਵਿਡ-19 ਟੈਸਟ ਪਾਜ਼ੀਟਿਵ ਪਾਇਆ ਗਿਆ ਹੈ। ਵੀਰਵਾਰ ਸਵੇਰੇ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਹੌਰਵਥ ਨੇ ਆਖਿਆ ਕਿ ਹੁਣ ਜਦੋਂ ਚੋਣਾਂ ਵਿੱਚ ਦੋ ਹਫਤੇ ਹੀ ਰਹਿ ਗਏ ਹਨ ਤਾਂ ਅਜਿਹੇ ਵਿੱਚ ਉਹ ਆਈਸੋਲੇਸ਼ਨ ਵਿੱਚ ਕੰਮ ਕਰਨਾ ਤੇ ਕੈਂਪੇਨ ਚਲਾਉਣਾ ਜਾਰੀ ਰੱਖੇਗੀ।ਆਉਣ ਵਾਲੇ ਦਿਨਾਂ ਵਿੱਚ ਹੌਰਵਥ ਨੇ ਉੱਤਰੀ ਓਨਟਾਰੀਓ ਵਿੱਚ ਕਈ ਥਾਂਵਾਂ ਉੱਤੇ ਰੁਕਣਾ ਸੀ।
ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਥੋੜ੍ਹੀ ਬਹੁਤ ਐਡਜਸਟਮੈਂਟ ਕਰਨੀ ਹੋਵੇਗੀ ਪਰ ਉਹ ਵੱਧ ਤੋਂ ਵੱਧ ਲੋਕਾਂ ਨਾਲ ਰਾਬਤਾ ਕਾਇਮ ਕਰਨਾ ਜਾਰੀ ਰੱਖੇਗੀ। ਓਨਟਾਰੀਓ ਦੇ ਮੌਜੂਦਾ ਪਬਲਿਕ ਹੈਲਥ ਨਿਯਮਾਂ ਤਹਿਤ ਕੋਵਿਡ-19 ਦੇ ਲੱਛਣ ਸਾਹਮਣੇ ਆਉਣ ਜਾਂ ਪਾਜ਼ੀਟਿਵ ਟੈਸਟ ਰਿਜ਼ਲਟ ਆਉਣ ਤੋਂ ਬਾਅਦ ਲੋਕਾਂ ਨੂੰ ਪੰਜ ਦਿਨਾਂ ਤੱਕ ਖੁਦ ਨੂੰ ਅਲੱਗ ਥਲੱਗ ਕਰਨਾ ਹੁੰਦਾ ਹੈ।
ਇਸ ਦੌਰਾਨ ਗ੍ਰੀਨ ਪਾਰਟੀ ਆਗੂ ਮਾਈਕ ਸ਼ਰੇਨਰ ਵੀ ਕੋਵਿਡ ਪਾਜ਼ੀਟਿਵ ਪਾਏ ਗਏ ਹਨ। ਬੁੱਧਵਾਰ ਸ਼ਾਮ ਨੂੰ ਕਿਸੇ ਸਟਾਫ ਮੈਂਬਰ ਦੇ ਨੇੜਲੇ ਸੰਪਰਕ ਵਿੱਚ ਆਉਣ ਕਾਰਨ ਉਹ ਪਾਜ਼ੀਟਿਵ ਪਾਏ ਗਏ। ਸ਼ਰੇਨਰ ਨੇ ਆਖਿਆ ਕਿ ਉਹ ਠੀਕ ਮਹਿਸੂਸ ਕਰ ਰਹੇ ਹਨ ਤੇ ਉਨ੍ਹਾਂ ਦੀ ਪੂਰੀ ਵੈਕਸੀਨੇਸ਼ਨ ਵੀ ਹੋ ਚੁੱਕੀ ਹੈ। ਉਨ੍ਹਾਂ ਆਖਿਆ ਕਿ ਪਬਲਿਕ ਹੈਲਥ ਦੀ ਸਲਾਹ ਉੱਤੇ ਉਹ ਕੁੱਝ ਦਿਨਾਂ ਲਈ ਘਰ ਰਹਿ ਕੇ ਹੀ ਕੰਮ ਕਰਨਗੇ।