Breaking News
Home / ਭਾਰਤ / ਕੰਗਣਾ ਰਣੌਤ ਦੀਆਂ ਵਧੀਆਂ ਮੁਸ਼ਕਿਲਾਂ

ਕੰਗਣਾ ਰਣੌਤ ਦੀਆਂ ਵਧੀਆਂ ਮੁਸ਼ਕਿਲਾਂ

ਬਠਿੰਡਾ ਦੀ ਅਦਾਲਤ ਨੇ ਮਾਣਹਾਨੀ ਕੇਸ ’ਚ 19 ਅਪ੍ਰੈਲ ਨੂੰ ਪੇਸ਼ ਹੋਣ ਲਈ ਕਿਹਾ
ਮੁੰਬਈ/ਬਿਊਰੋ ਨਿਊਜ਼
ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਮੁਸ਼ਕਿਲਾਂ ’ਚ ਘਿਰ ਗਈ ਹੈ ਅਤੇ ਉਨ੍ਹਾਂ ਨੂੰ ਆਉਂਦੀ 19 ਅਪ੍ਰੈਲ ਨੂੰ ਬਠਿੰਡਾ ਕੋਰਟ ’ਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਕਿਸਾਨ ਅੰਦੋਲਨ ਦੇ ਚਲਦਿਆਂ ਕੰਗਣਾ ਨੇ ਬਜ਼ੁਰਗ ਮਹਿਲਾ ਨੂੰ 100-100 ਰੁਪਏ ਲੈ ਕੇ ਧਰਨੇ ’ਚ ਸ਼ਾਮਲ ਹੋਣ ਵਾਲੀ ਔਰਤ ਕਿਹਾ ਸੀ, ਜਿਸ ਦੇ ਖਿਲਾਫ਼ ਮਹਿਲਾ ਨੇ ਕੋਰਟ ’ਚ ਕੇਸ ਦਾਇਰ ਕਰ ਦਿੱਤਾ ਸੀ। ਬਠਿੰਡਾ ਦੇ ਪਿੰਡ ਬਹਾਦਰਗੜ੍ਹ ਜੰਡੀਆ ਦੀ ਰਹਿਣ ਵਾਲੀ 87 ਸਾਲਾ ਮਹਿਲਾ ਕਿਸਾਨ ਮਹਿੰਦਰ ਕੌਰ ਨੂੰ ਲੈ ਕੇ ਕੰਗਣਾ ਨੇ ਟਵੀਟ ਕੀਤਾ ਸੀ, ਜਿਸ ਤੋਂ ਬਾਅਦ ਮਹਿੰਦਰ ਕੌਰ ਨੇ ਬਠਿੰਡਾ ਕੋਰਟ ’ਚ ਮਾਣਹਾਨੀ ਦਾ ਕੇਸ ਦਰਜ ਕਰ ਦਿੱਤਾ ਸੀ। ਕਿਸਾਨ ਮਹਿਲਾ ਮਹਿੰਦਰ ਕੌਰ ਦੇ ਵਕੀਲ ਨੇ ਦੱਸਿਆ ਕਿ ਇਸ ਮਾਮਲੇ ’ਚ 4 ਜਨਵਰੀ 2021 ਨੂੰ ਕੋਰਟ ’ਚ ਕੇਸ ਦਾਇਰ ਕੀਤਾ ਸੀ, ਜਿਸ ਦੀ ਲਗਭਗ 13 ਮਹੀਨੇ ਸੁਣਵਾਈ ਚੱਲ ਅਤੇ ਹੁਣ ਕੋਰਟ ਨੇ ਕੰਗਣਾ ਨੂੰ ਸੰਮਨ ਜਾਰੀ ਕਰਕੇ ਕੋਰਟ ’ਚ ਪੇਸ਼ ਹੋਣ ਲਈ ਕਿਹਾ ਹੈ। ਧਿਆਨ ਰਹੇ ਕਿ ਕਿਸਾਨ ਅੰਦੋਲਨ ’ਚ ਸ਼ਾਮਲ ਕਿਸਾਨ ਮਹਿੰਦਰ ਕੌਰ ਨੂੰ ਕੰਗਣਾ ਨੇ ਬਿਲਕਿਸ ਬਾਨੋ ਸਮਝ ਲਿਆ ਸੀ ਜੋ ਸ਼ਾਹੀਨ ਬਾਗ ’ਚ ਸੀਏਏ ਖਿਲਾਫ਼ ਚੱਲੇ ਅੰਦੋਲਨ ਦਾ ਚਿਹਰਾ ਸੀ। ਮਹਿੰਦਰ ਕੌਰ ਨੇ ਕਿਹਾ ਕਿ ਕੰਗਣਾ ਨੇ ਉਨ੍ਹਾਂ ਦੀ ਤੁਲਨਾ ਕਿਸੇ ਦੂਜੀ ਮਹਿਲਾ ਨਾਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕੰਗਣਾ ਵੱਲੋਂ ਕੀਤੇ ਟਵੀਟ ਨਾਲ ਉਨ੍ਹਾਂ ਨੂੰ ਮਾਨਸਿਕ ਪ੍ਰੇਸ਼ਾਨੀ ਹੋਈ, ਜਿਸ ਕਾਰਨ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਆਮ ਲੋਕਾਂ ਦੇ ਵਿਚਾਲੇ ਉਨ੍ਹਾਂ ਦੇ ਅਕਸ ਨੂੰ ਠੇਸ ਪਹੁੰਚੀ ਹੈ। ਇਸ ਤੋਂ ਪਹਿਲਾਂ ਕੰਗਣਾ ਨੂੰ ਕਿਸਾਨਾਂ ਨੇ ਕੀਰਤਪੁਰ ਸਾਹਿਬ ’ਚ ਵੀ ਘੇਰ ਲਿਆ ਸੀ, ਜਿੱਥੇ ਉਨ੍ਹਾਂ ਦੀ ਇਸ ਟਿੱਪਣੀ ਦਾ ਵਿਰੋਧ ਜਤਾਇਆ ਗਿਆ ਸੀ।

 

Check Also

ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ

ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …