Breaking News
Home / ਮੁੱਖ ਲੇਖ / ਬਦਲ ਰਿਹੈ ਪੰਜਾਬ ਦਾ ਸਿਆਸੀ ਬਿਰਤਾਂਤ!

ਬਦਲ ਰਿਹੈ ਪੰਜਾਬ ਦਾ ਸਿਆਸੀ ਬਿਰਤਾਂਤ!

ਤਲਵਿੰਦਰ ਸਿੰਘ ਬੁੱਟਰ
‘ਜਿਨ ਕੀ ਜਾਤ ਬਰਨ ਕੁਲ ਮਾਹੀਂ।
ਸਰਦਾਰੀ ਨਾ ਭਈ ਕਦਾਹੀਂ।
ਤਿਨ ਹੀ ਕੋ ਸਰਦਾਰ ਬਨਾਊਂ॥
ਤਬੈ ਗੋਬਿੰਦ ਸਿੰਘ ਨਾਮ ਕਹਾਊਂ।
ਇਹ ਸੋਚ ਖ਼ਾਲਸਾ ਪੰਥ ਦੀ ਸੋਚ ਹੈ, ਇਹ ਗੁਰੂ ਨਾਨਕ ਦੀ ਸੋਚ ਹੈ, ਇਹ ਸੋਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਹੈ। ਇਸੇ ਸੋਚ ਨੇ ਹੀ ਅੱਜ ਮੈਨੂੰ ਇਕ ਗਰੀਬ ਦੇ ਪੁੱਤ ਨੂੰ ਏਨਾ ਵੱਡਾ ਰੁਤਬਾ ਦਿੱਤਾ ਹੈ।’
ਇਹ ਵਖਿਆਨ ਕਿਸੇ ਧਾਰਮਿਕ ਪ੍ਰਚਾਰਕ ਜਾਂ ਵਿਦਵਾਨ ਦੇ ਨਹੀਂ ਹਨ, ਇਹ ਬੋਲ ਹਨ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ। ਸ਼ਾਇਦ ਅਜਿਹਾ ਮੁੱਦਤਾਂ ਪਿੱਛੋਂ ਹੋਇਆ ਹੈ ਜਦੋਂ ਕਿਸੇ ਮੁੱਖ ਮੰਤਰੀ ਨੇ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹੀ ਸਿਆਸੀ ਦੂਸ਼ਣਬਾਜ਼ੀਆਂ ਦੀ ਬਜਾਇ ਸਮਾਜਿਕ ਨਿਆਂ ਤੇ ਉਥਾਨ ਦੇ ਪ੍ਰਵਚਨ ਨੂੰ ਆਪਣੇ ਸੰਬੋਧਨ ਦਾ ਵਿਸ਼ਾ ਬਣਾਇਆ ਹੋਵੇ।
ਜਦੋਂ ਪਲੇਠੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਜ਼ਬਾਤੀ ਹੁੰਦਿਆਂ ਕਹਿੰਦੇ ਹਨ ਕਿ, ‘ਮੇਰੇ ਵਰਗਾ ਆਦਮੀ, ਜਿਸ ਦੇ ਪੱਲੇ ਕੁਝ ਨਹੀਂ ਸੀ, ਘਰ ‘ਤੇ ਛੱਤ ਨਹੀਂ ਸੀ। ਮੇਰੀ ਮਾਂ ਟੋਭੇ ‘ਚੋਂ ਗਾਰਾ ਲੈ ਕੇ ਆਉਂਦੀ ਸੀ ਅਤੇ ਤੂੜੀ ਵਿਚ ਮਿਲਾ ਕੇ ਸਾਡੇ ਘਰ ਦੀਆਂ ਕੰਧਾਂ ਨੂੰ ਲਿੱਪਦੀ ਸੀ, ਅੱਜ ਪੰਜਾਬ ਦਾ ਮੁੱਖ ਮੰਤਰੀ ਬਣਿਆ ਹੈ। ਮੈਂ ਹਰੇਕ ਗਰੀਬ ਆਦਮੀ; ਭਾਵੇਂ ਉਹ ਮਜ਼ਦੂਰ ਹੋਵੇ, ਭਾਵੇਂ ਕਿਸਾਨ, ਭਾਵੇਂ ਦੁਕਾਨਦਾਰ ਤੇ ਭਾਵੇਂ ਰਿਕਸ਼ੇ ਵਾਲਾ, ਮੈਂ ਉਨ੍ਹਾਂ ਦਾ ਨੁਮਾਇੰਦਾ ਹਾਂ’ ਤਾਂ ਇਨ੍ਹਾਂ ਬੋਲਾਂ ਵਿਚੋਂ ਹਰੇਕ ਆਮ ਆਦਮੀ ਨੂੰ ਸਮਾਜਿਕ ਨਿਆਂ ਦਾ ਨਵਾਂ ਸਿਆਸੀ ਬਿਰਤਾਂਤ ਸਿਰਜਦਾ ਪ੍ਰਤੀਤ ਹੁੰਦਾ ਹੈ। ਅਮਲੀ ਰੂਪ ‘ਚ ਸਰਕਾਰ ਭਾਵੇਂ ਕੁਝ ਕਰੇ ਜਾਂ ਨਾ ਕਰੇ ਪਰ ਜਦੋਂ ਸੰਵਾਦ ਰਾਹੀਂ ਸਰਕਾਰ ਜਨਤਾ ਦੇ ਨੇੜੇ ਹੋਣ ਦੀ ਕੋਸ਼ਿਸ਼ ਕਰਦੀ ਹੈ ਤਾਂ ਇਹ ਰਾਜਨੀਤਕ ਪ੍ਰਬੰਧਾਂ ਦੀ ਕਲਾਕਾਰੀ ਹੁੰਦੀ ਹੈ। ਭਾਵੇਂਕਿ ਨਵੇਂ ਮੁੱਖ ਮੰਤਰੀ ਦੇ ਬੋਲਾਂ ਵਿਚੋਂ ਅਮਲਾਂ ਦਾ ਦੌਰ ਅਜੇ ਸ਼ੁਰੂ ਹੋਣਾ ਹੈ, ਪਰ ਉਨ੍ਹਾਂ ਵਲੋਂ ਹੁਣ ਤੱਕ ਕੀਤੀਆਂ ਤਕਰੀਰਾਂ ਪੰਜਾਬ ਦੇ ਲੋਕਾਂ ਨੂੰ ਇਕ ਨਵਾਂ ਉਤਸ਼ਾਹ, ਪ੍ਰੇਰਨਾ ਅਤੇ ਆਸ ਜ਼ਰੂਰ ਦੇ ਰਹੀਆਂ ਹਨ। ਸ਼ਾਇਦ ਅਜਿਹੀ ਆਸ ਦਹਾਕਿਆਂ ਪਹਿਲਾਂ ਪੰਜਾਬ ਦੇ ਸਿਆਸੀ ਬਿਰਤਾਂਤ ਵਿਚੋਂ ਮਰ-ਮੁੱਕ ਹੀ ਚੁੱਕੀ ਸੀ।
ਦਹਾਕਿਆਂ ਤੋਂ ਸਾਡੀ ਸਿਆਸਤ ਮਹਿਜ਼ ਰਸਮ ਬਣ ਕੇ ਤੁਰੀ ਆਉਂਦੀ ਹੈ। ਬਦਲਾਖ਼ੋਰੀ, ਫ਼ਿਰਕੂ ਨਫ਼ਰਤ, ਕੁੜੱਤਣ ਅਤੇ ਧਰੁਵੀਕਰਨ ਹੀ ਸਿਆਸਤ ਦਾ ਮੰਨਿਆ-ਦੰਨਿਆ ਫ਼ਾਰਮੂਲਾ ਬਣ ਕੇ ਰਹਿ ਗਿਆ ਹੈ। ਅਜਿਹੇ ਮਾਹੌਲ ਅੰਦਰ ਦਿਨੋਂ-ਦਿਨ ਨਿੱਘਰ ਰਹੇ ਸਮੁੱਚੇ ਢਾਂਚੇ ਵਿਚ ਜੇਕਰ ਕੋਈ ਸਿਆਸਤਦਾਨ ਸਮਾਜਿਕ ਨਿਆਂ ਦੀ ਗੱਲ ਕਰਦਾ ਹੈ ਅਤੇ ਜੇਕਰ ਕੋਈ ਪ੍ਰਸ਼ਾਸਨਿਕ ਸੁਧਾਰਾਂ ਦੀ ਇੱਛਾ ਜਤਾਉਂਦਾ ਹੈ, ਤਾਂ ਲਿਹਾਜ਼ਾ ਉਹ ਸਿਆਸਤ ਨੂੰ ਨਵਾਂ ਮੁਹਾਣ ਦੇਣ ਦਾ ਜੋਖ਼ਮ ਉਠਾ ਰਿਹਾ ਹੈ।
ਪੰਜਾਬ ਦੀ ਸਿਆਸਤ ਦੇ ਇਤਿਹਾਸ ਵਿਚ ਚਰਨਜੀਤ ਸਿੰਘ ਚੰਨੀ ਇਕ ਕ੍ਰਿਸ਼ਮੇ ਵਾਂਗ ਮੁੱਖ ਮੰਤਰੀ ਦੇ ਅਹੁਦੇ ਤੱਕ ਪਹੁੰਚੇ ਹਨ। ਉਨ੍ਹਾਂ ਪੱਲੇ ਨਾ ਤਾਂ ਰਜਵਾੜਾਸ਼ਾਹੀ ਵਿਰਾਸਤ ਹੈ, ਨਾ ਸਰਮਾਏਦਾਰੀ ਪਿਛੋਕੜ ਅਤੇ ਨਾ ਹੀ ਆਪਣੀ ਸਿਆਸੀ ਪਾਰਟੀ ਅੰਦਰ ਉਨ੍ਹਾਂ ਦੀ ਕੋਈ ਬਹੁਤ ਵੱਡੀ ਥਾਂ ਸੀ। ਪੰਜਾਬ ਦੇ ਇਤਿਹਾਸ ਵਿਚ ਉਹ ਅਨੁਸੂਚਿਤ ਜਾਤੀਆਂ ਵਿਚੋਂ ਪਹਿਲੇ ਅਤੇ ਪੰਜਾਬੀ ਸੂਬਾ ਬਣਨ ਤੋਂ ਬਾਅਦ (ਗਿਆਨੀ ਜ਼ੈਲ ਸਿੰਘ ਤੋਂ ਬਾਅਦ) ਦੂਜੇ ਗ਼ੈਰ-ਜੱਟ ਮੁੱਖ ਮੰਤਰੀ ਹਨ। ਪੰਜਾਬ ਦੇ ਅਣਗੌਲੇ ਤੇ ਪੱਛੜੇ ਪੁਆਧ ਖੇਤਰ ਵਿਚੋਂ ਉਹ ਪਹਿਲੇ ਮੁੱਖ ਮੰਤਰੀ ਹਨ। ਉਨ੍ਹਾਂ ਦੇ ਮੁੱਖ ਮੰਤਰੀ ਬਣਨ ਨਾਲ ਪੰਜਾਬ ਦੀ ਸਿਆਸੀ ਫ਼ਿਜ਼ਾ ‘ਚ ‘ਸਮਾਜਿਕ ਨਿਆਂ’ ਦਾ ਸੰਵਾਦ ਤਾਂ ਉੱਭਰਿਆ ਹੀ ਹੈ ਪਰ ਬਲਕਿ ਜਦੋਂ ਉਨ੍ਹਾਂ ਦੇ ਮੁੱਖ ਮੰਤਰੀ ਬਣਨ ‘ਤੇ ਪੰਜਾਬ ਤੋਂ ਬਾਹਰ ਦੇ ਲੋਕ ਹੈਰਾਨ ਹੁੰਦਿਆਂ ਸੋਸ਼ਲ ਮੀਡੀਆ ‘ਤੇ ਇਹ ਟਿੱਪਣੀਆਂ ਕਰਦੇ ਹਨ ਕਿ, ‘ਪਹਿਲੀ ਵਾਰ ਪਗੜੀ ਵਾਲਾ ਦਲਿਤ ਵੇਖਿਆ ਹੈ’, ਤਾਂ ਇਸ ਵਿਚੋਂ ਦਸ ਗੁਰੂ ਸਾਹਿਬਾਨ ਦੁਆਰਾ ਹਿੰਦੁਸਤਾਨ ਨੂੰ ਸਮਾਜਿਕ ਉਥਾਨ ਲਈ ਦਿੱਤੀ ਅਦੁੱਤੀ ਦੇਣ ਦੀਆਂ ਨਵੀਆਂ ਅੰਤਰ-ਦ੍ਰਿਸ਼ਟੀਆਂ ਦਾ ਸਹਿਜ ਪ੍ਰਗਟਾਵਾ ਵੀ ਹੁੰਦਾ ਹੈ।
ਹਾਲਾਂਕਿ ਸਿਆਸਤ ਖੇਡ ਹੀ ਲੋਕਾਂ ਨੂੰ ਸੁਪਨੇ ਦਿਖਾਉਣ ਅਤੇ ਵਾਅਦੇ ਕਰਨ ਦੀ ਬਣ ਚੁੱਕੀ ਹੈ, ਪਰ ਜਿਸ ਕਦਰ ਪਿਛਲੇ ਦਹਾਕਿਆਂ ਤੋਂ ਪੰਜਾਬ ‘ਚ ਮਹਿਜ਼ ਵੋਟਾਂ ਲੈਣ ਦੀ ਸਿਆਸਤ ਨੇ ਲੋਕਾਂ ਨੂੰ ‘ਖ਼ੈਰਾਤਾਂ’ ਅਤੇ ‘ਸਬਸਿਡੀਆਂ’ ਦੇ ਮੁਥਾਜ ਬਣਾ ਕੇ ਰੱਖ ਦਿੱਤਾ ਹੈ, ਉਸ ਤੋਂ ਸਮਾਜ ਦਾ ਜਾਗਰੂਕ ਵਰਗ ਅੱਕ ਵੀ ਚੁੱਕਾ ਹੈ। ਪਿਛਲੇ ਦਿਨੀਂ ਕਪੂਰਥਲਾ ਵਿਖੇ ਮੁੱਖ ਮੰਤਰੀ ਵਲੋਂ ਇਹ ਕਹਿਣਾ ਕਿ, ‘ਮੁਫ਼ਤ ਦੀ ਆਟਾ-ਦਾਲ ਨੇ ਗ਼ਰੀਬਾਂ ਨੂੰ ਉੱਪਰ ਨਹੀਂ ਚੁੱਕਣਾ, ਗ਼ਰੀਬਾਂ ਦੇ ਬੱਚਿਆਂ ਨੂੰ ਵਿਦਿਆ ਦੇਣ ਦੀ ਲੋੜ ਹੈ, ਜਿਸ ਦੇ ਨਾਲ ਉਹ ਆਪਣੀ ਅਤੇ ਆਪਣੇ ਮਾਪਿਆਂ ਦੀ ਗ਼ਰੀਬੀ ਦੂਰ ਕਰ ਸਕਣਗੇ’ ਤਾਂ ਇਹ ਪੰਜਾਬ ‘ਚ ਮੁੱਦਿਆਂ ‘ਤੇ ਆਧਾਰਤ ਰਾਜਨੀਤੀ ਦੇ ਸੰਵਾਦ ਦਾ ਆਗਾਜ਼ ਹੀ ਆਖਿਆ ਜਾ ਸਕਦਾ ਹੈ। ਵਿਦਿਆ ਅਤੇ ਸਿਹਤ ਸਹੂਲਤਾਂ ਦੇ ਨਾਲ ਹੀ ਲੋਕ ਸਵੈ-ਨਿਰਭਰ ਬਣ ਸਕਦੇ ਹਨ।
ਪਿਛਲੇ ਸਮੇਂ ਤੋਂ ਵਿਸ਼ਵੀਕਰਨ ਦੇ ਵਰਤਾਰੇ ਨੇ ਬਹੁਤ ਸਾਰੀਆਂ ਸਰਕਾਰੀ ਨੌਕਰੀਆਂ ਖ਼ਤਮ ਕਰ ਦਿੱਤੀਆਂ ਹਨ। ਸਾਡੇ ਦੇਸ਼ ਅੰਦਰ ਲਾਲਫ਼ੀਤਾਸ਼ਾਹਾਂ ਵਲੋਂ ਨੌਕਰੀਆਂ ਦੇ ਨਿੱਜੀਕਰਨ ਦੌਰਾਨ ਆਪਣੀ ਜਮਾਤ ਨੂੰ ਸੁਰੱਖਿਅਤ ਰੱਖ ਕੇ ਹੇਠਲੇ ਪੱਧਰ ਦੀਆਂ ਬਹੁਤ ਸਾਰੀਆਂ ਸਰਕਾਰੀ ਨੌਕਰੀਆਂ ਨੂੰ ਨਿੱਜੀਕਰਨ ਦੀ ਭੇਟ ਚੜ੍ਹਾਅ ਦਿੱਤਾ ਗਿਆ। ਨਵੇਂ ਮੁੱਖ ਮੰਤਰੀ ਵਲੋਂ ਲੋਕਾਂ ਦੀ ਨਬਜ਼ ਫੜਦਿਆਂ ਦਰਜਾ ਤਿੰਨ ਅਤੇ ਦਰਜਾ ਚਾਰ ਨੌਕਰੀਆਂ ਨੂੰ ਨਿੱਜੀਕਰਨ ਦੀ ਭੇਟ ਤੋਂ ਬਚਾਉਣ ਲਈ ਦਿੱਤਾ ਬਿਆਨ ਅਤੇ ਆਪਣੀ ਸੁਰੱਖਿਆ ਘਟਾਉਣ ਸਬੰਧੀ ਕੀਤੇ ਗਏ ਐਲਾਨ ਨੇ ਪੰਜਾਬ ਦੀ ਸਿਆਸਤ ਨੂੰ ਇਕ ਨਵਾਂ ਰੰਗ ਦੇਣ ਦੀ ਕੋਸ਼ਿਸ਼ ਕੀਤੀ ਹੈ। ਲੋਕਾਂ ਦੀਆਂ ਵੋਟਾਂ ਨਾਲ ਚੁਣੇ ਗਏ ਲੋਕ ਨੁਮਾਇੰਦੇ ਸੰਵਿਧਾਨਿਕ ਰੁਤਬਿਆਂ ‘ਤੇ ਬਿਰਾਜਮਾਨ ਹੋਣ ਤੋਂ ਬਾਅਦ ਆਲੇ-ਦੁਆਲੇ ਤੋਂ ਚਾਪਲੂਸਾਂ ਅਤੇ ਸੁਰੱਖਿਆ ਘੇਰਿਆਂ ਵਿਚ ਘਿਰ ਜਾਣ ਕਾਰਨ ਆਮ ਲੋਕਾਂ ਤੋਂ ਬਹੁਤ ਦੂਰ ਚਲੇ ਜਾਂਦੇ ਹਨ। ਜੇਕਰ ਪੱਛਮੀ ਦੇਸ਼ਾਂ ਵਿਚ ਲੋਕ ਨੁਮਾਇੰਦੇ ਬਿਨਾਂ ਸੁਰੱਖਿਆ ਤੋਂ ਵਿਚਰ ਸਕਦੇ ਹਨ ਤਾਂ ਸਾਡੇ ਦੇਸ਼ ਵਿਚ ਕੀ ਸਮੱਸਿਆ ਹੈ? ਪਰ ਘਾਟ ਸਿਰਫ਼ ਸਿਆਸਤਦਾਨਾਂ ਅੰਦਰ ਇੱਛਾ-ਸ਼ਕਤੀ ਦੀ ਅਤੇ ਛੂਤ ਵਾਂਗ ਫੈਲੀ ਹੋਈ ਦਿਖਾਵਾ ਕਰਨ ਦੀ ਬਿਮਾਰੀ ਕਾਰਨ ਸੀ। ਇਕ ਮੁੱਖ ਮੰਤਰੀ ਵਲੋਂ ਇਹ ਕਹਿਣਾ ਕਿ, ‘ਮੈਨੂੰ ਕਿਸੇ ਨੇ ਮਾਰ ਕੇ ਕੀ ਲੈਣਾ? ਮੈਨੂੰ ਇੰਨੀ ਸੁਰੱਖਿਆ ਦੀ ਲੋੜ ਨਹੀਂ ਹੈ। ਮੇਰੀ ਸੁਰੱਖਿਆ ਘਟਾਈ ਜਾਵੇ’ ਇਹ ਕੋਈ ਸਹਿਜ ਸੁਭਾਅ ਮੂੰਹੋਂ ਕੱਢੀ ਗੱਲ ਨਹੀਂ, ਬਲਕਿ ਜਨਤਾ ਨਾਲ ਲੋਕ ਨੁਮਾਇੰਦਿਆਂ ਦੇ ਘਟਦੇ ਰਾਬਤੇ ਨੂੰ ਮੁੜ ਸੁਰਜੀਤ ਕਰਨ ਦੀ ਦਿਸ਼ਾ ਵਿਚ ਸੋਚ-ਸਮਝ ਕੇ ਇੱਛਾ-ਸ਼ਕਤੀ ਸਹਿਤ ਦਿੱਤਾ ਹੋਇਆ ਬਿਆਨ ਸੀ।
ਚਰਨਜੀਤ ਸਿੰਘ ਚੰਨੀ ਸ਼ਾਇਦ ਲੰਬੇ ਸਮੇਂ ਬਾਅਦ ਅਜਿਹੇ ਮੁੱਖ ਮੰਤਰੀ ਹਨ, ਜਿਨ੍ਹਾਂ ਨੇ ਰਵਾਇਤੀ ਸਿਆਸਤ ਦੇ ਰੁਝਾਨ ਤੋਂ ਉਲਟ ਜਾ ਕੇ ਲੋਕਾਂ ਨੂੰ ਮੁਖ਼ਾਤਬ ਹੋਣ ਦੀ ਕੋਸ਼ਿਸ਼ ਕੀਤੀ ਹੈ। ਇਸੇ ਕਾਰਨ ਪਿਛਲੇ ਦਿਨਾਂ ਦੌਰਾਨ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਭਾਸ਼ਨਾਂ ਦੀਆਂ ਵੀਡੀਓਜ਼ ਨੂੰ ਵੇਖਣ ਵਾਲਿਆਂ ਦੀ ਗਿਣਤੀ ਲੱਖਾਂ ਤੋਂ ਟੱਪ ਗਈ ਹੈ। ਉਨ੍ਹਾਂ ਤੋਂ ਪਹਿਲਾਂ ਤੇਜਾ ਸਿੰਘ ਸੁਤੰਤਰ, ਪ੍ਰਤਾਪ ਸਿੰਘ ਕੈਰੋਂ ਅਤੇ ਪ੍ਰਕਾਸ਼ ਸਿੰਘ ਬਾਦਲ ਅਜਿਹੇ ਸਿਆਸਤਦਾਨ ਹੋਏ ਹਨ, ਜਿਨ੍ਹਾਂ ਨੇ ਲੋਕਾਂ ਦੀ ਨਬਜ਼ ਪਛਾਣ ਕੇ ਆਪਣੀ ਰਾਜਨੀਤੀ ਦਾ ਅੰਦਾਜ਼ ਤੈਅ ਕੀਤਾ। ਨਿਰਸੰਦੇਹ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲ ਕੰਮ ਕਰਨ ਲਈ ਮਹਿਜ਼ ਤਿੰਨ ਮਹੀਨੇ ਤੋਂ ਵੀ ਘੱਟ ਸਮਾਂ ਬਚਦਾ ਹੈ ਅਤੇ ਉਨ੍ਹਾਂ ਦੀ ਕਹਿਣੀ ਅਤੇ ਕਰਨੀ ਵਿਚ ਇਕਸੁਰਤਾ ਦੇ ਅਮਲੀ ਪ੍ਰਗਟਾਵੇ ਦੇ ਨਾਲ ਹੀ ਉਨ੍ਹਾਂ ਦਾ ਨਿੱਜੀ ਅਤੇ ਕਾਂਗਰਸ ਪਾਰਟੀ ਦਾ ਸਿਆਸੀ ਭਵਿੱਖ ਤੈਅ ਹੋਣਾ ਹੈ ਪਰ ਉਨ੍ਹਾਂ ਵਲੋਂ ਪੰਜਾਬ ਦੀ ਸਿਆਸਤ ‘ਚ ‘ਡਾਂਗ ਫੇਰਦੂੰ’, ‘ਅੰਦਰ ਕਰਦੂੰ’ ਅਤੇ ‘ਪਟੇ ਫਿਰਾਦੂੰ’ ਵਾਲੀ ਬਦਲਾਖ਼ੋਰੀ ਦੀ ਉਕਤਾਊ ਸਿਆਸਤ ਦੇ ਯੁੱਗ ਨੂੰ ਪਲਟਾਉਂਦਿਆਂ ਨਵੇਂ ਤੇ ਸੁਹਜਮਈ ਸਿਆਸੀ ਸੰਵਾਦ ਦਾ ਕੀਤਾ ਆਗਾਜ਼ ਪੰਜਾਬ ਨੂੰ ਨਵੀਂ ਤੇ ਸਿਰਜਣਾਤਮਿਕ ਦਿਸ਼ਾ ਵੱਲ ਲਿਜਾ ਸਕਦਾ ਹੈ।

Check Also

”ਝੁੱਲ ਓ ਤਿਰੰਗਿਆ, ਤੂੰ ਝੁੱਲ ਸਾਡੀ ਖ਼ੈਰ ਏ”

ਡਾ. ਗੁਰਵਿੰਦਰ ਸਿੰਘ ਭਾਰਤ ਦੀ ਬੀਜੇਪੀ ਸਰਕਾਰ ਵੱਲੋਂ ‘ਆਜ਼ਾਦੀ ਦੇ 75ਵੇਂ ਅੰਮ੍ਰਿਤ ਮਹਾਂਉਤਸਵ’ ਮਨਾਏ ਜਾ …