Breaking News
Home / ਮੁੱਖ ਲੇਖ / ਉਚਿਤ ਨਹੀਂ ਹੈ ਪ੍ਰਕਾਸ਼ ਪੁਰਬ ‘ਤੇ ਸੁਆਰਥੀ ਰਾਜਨੀਤੀ

ਉਚਿਤ ਨਹੀਂ ਹੈ ਪ੍ਰਕਾਸ਼ ਪੁਰਬ ‘ਤੇ ਸੁਆਰਥੀ ਰਾਜਨੀਤੀ

ਸਤਨਾਮ ਸਿੰਘ ਮਾਣਕ
ਦੱਖਣੀ ਏਸ਼ੀਆ ਦੇ ਖਿੱਤੇ ਵਿਚ ਅਮਨ ਅਤੇ ਸਦਭਾਵਨਾ ਦਾ ਵਾਤਾਵਰਨ ਪੈਦਾ ਕਰਨ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਇਕ ਬਹੁਤ ਹੀ ਵੱਡਾ ਅਵਸਰ ਹੈ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਪੂਰੀ ਹਯਾਤੀ ਵਿਚ ਉਪਰੋਕਤ ਕਦਰਾਂ-ਕੀਮਤਾਂ ਦਾ ਪ੍ਰਚਾਰ-ਪ੍ਰਸਾਰ ਕੀਤਾ ਹੈ। ਜ਼ੁਲਮ ਤੇ ਜਬਰ ਦਾ ਵਿਰੋਧ ਕਰਦਿਆਂ ਮਨੁੱਖੀ ਅਧਿਕਾਰਾਂ ਲਈ ਆਵਾਜ਼ ਉਠਾਈ ਹੈ। ਇਸਤਰੀ ਜਾਤੀ ਨੂੰ ਉੱਚਾ ਤੇ ਸੁੱਚਾ ਸਨਮਾਨ ਦਿਵਾਉਣ ਲਈ ਬੇਬਾਕੀ ਨਾਲ ਲਿਖਿਆ ਅਤੇ ਬੋਲਿਆ ਹੈ। ਆਪਣਾ ਇਹ ਪੈਗ਼ਾਮ ਦੇਣ ਲਈ ਉਨ੍ਹਾਂ ਨੇ ਚਾਰ ਉਦਾਸੀਆਂ ਦੇ ਰੂਪ ਵਿਚ ਲੰਮੀਆਂ ਯਾਤਰਾਵਾਂ ਕੀਤੀਆਂ ਹਨ। ਉਹ ਅਣਵੰਡੇ ਭਾਰਤ ਦੇ ਕੋਨੇ-ਕੋਨੇ ਵਿਚ ਗਏ। ਇਸ ਤੋਂ ਇਲਾਵਾ ਉਨ੍ਹਾਂ ਨੇ ਮੱਧ ਪੂਰਬ ਦੇ ਵੱਡੇ ਇਲਾਕੇ ਦਾ ਦੌਰਾ ਕੀਤਾ। ਆਪਣੀਆਂ ਇਨ੍ਹਾਂ ਯਾਤਰਾਵਾਂ ਦੌਰਾਨ ਉਹ ਉਸ ਸਮੇਂ ਦੇ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਸਾਧੂ, ਸੰਤਾਂ, ਫ਼ਕੀਰਾਂ ਤੇ ਦਰਵੇਸ਼ਾਂ ਨੂੰ ਵੀ ਮਿਲੇ ਅਤੇ ਉਨ੍ਹਾਂ ਧਰਤੀਆਂ ਦੇ ਹੁਕਮਰਾਨਾਂ ਨਾਲ ਵੀ ਉਨ੍ਹਾਂ ਨੇ ਸੰਵਾਦ ਰਚਾਇਆ। ਇਹ ਸਭ ਕੁਝ ਉਨ੍ਹਾਂ ਨੇ ਅੱਜ ਤੋਂ ਸੈਂਕੜੇ ਸਾਲ ਪਹਿਲਾਂ ਉਸ ਸਮੇਂ ਕੀਤਾ ਜਦੋਂ ਆਵਾਜਾਈ ਦੇ ਸਾਧਨ ਬਹੁਤ ਹੀ ਘੱਟ ਸਨ ਅਤੇ ਲੰਮੀਆਂ ਯਾਤਰਾਵਾਂ ਕਾਫੀ ਜੋਖ਼ਮ ਭਰੀਆਂ ਸਨ।
ਅੱਜ ਜਦੋਂ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਮੁੱਚੀ ਦੇਣ ਨੂੰ ਦੇਖਦੇ ਹਾਂ ਤਾਂ ਮਨ ਸ਼ਰਧਾ ਨਾਲ ਝੁੱਕ ਜਾਂਦਾ ਹੈ। ਇਸ ਦੇ ਨਾਲ ਹੀ ਜਦੋਂ ਅਸੀਂ ਪਿੱਛੇ ਪਰਤ ਕੇ ਇਤਿਹਾਸ ਵਿਚ ਉਨ੍ਹਾਂ ਦੇ ਸਮਿਆਂ ਨੂੰ ਵੇਖਦੇ ਹਾਂ ਤਾਂ ਉਨ੍ਹਾਂ ਦੀ ਵਿਚਾਰਧਾਰਾ ਅਤੇ ਸਿਧਾਂਤਾਂ ਦੀ ਅਹਿਮੀਅਤ ਹੋਰ ਵੀ ਵਧੇਰੇ ਵਧ ਜਾਂਦੀ ਹੈ। ਅੱਜ ਤੋਂ 550 ਸਾਲ ਪਹਿਲਾਂ ਵੀ ਇਸ ਖਿੱਤੇ ਵਿਚ ਬੇਹੱਦ ਧਾਰਮਿਕ ਕੱਟੜਤਾ ਸੀ ਅਤੇ ਜਾਤੀ-ਪਾਤੀ ਪ੍ਰਬੰਧ ਅਧੀਨ ਹੇਠਲੀਆਂ ਜਾਤੀਆਂ ਦੇ ਲੋਕਾਂ ਨਾਲ ਅਣਮਨੁੱਖੀ ਵਿਹਾਰ ਹੁੰਦਾ ਸੀ ਅਤੇ ਇਸਤਰੀ ਦੀ ਸਮਾਜ ਵਿਚ ਹਾਲਤ ਬੇਹੱਦ ਤਰਸਯੋਗ ਸੀ। ਲੋਕਾਈ ਦਾ ਵੱਡਾ ਹਿੱਸਾ ਅੰਧ-ਵਿਸ਼ਵਾਸਾਂ ਦੀ ਜਕੜ ਵਿਚ ਫਸਿਆ ਹੋਇਆ ਸੀ ਅਤੇ ਬਹੁਤੇ ਹੁਕਮਰਾਨਾਂ ਦਾ ਲੋਕਾਂ ਪ੍ਰਤੀ ਵਤੀਰਾ ਅਣਮਨੁੱਖੀ ਅਤੇ ਸ਼ੋਸ਼ਣਕਾਰੀ ਸੀ। ਵਿਸ਼ੇਸ਼ ਤੌਰ ‘ਤੇ ਇਸਲਾਮਿਕ ਸੱਭਿਅਤਾ ਅਤੇ ਹਿੰਦੂ ਸੱਭਿਅਤਾ ਦੇ ਵਿਚਕਾਰ ਤਿੱਖਾ ਟਕਰਾਅ ਦੇਖਣ ਨੂੰ ਮਿਲ ਰਿਹਾ ਸੀ। ਅਜਿਹੀਆਂ ਸਥਿਤੀਆਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੁਲਤਾਨਪੁਰ ਲੋਧੀ ਤੋਂ ਉਦਾਸੀਆਂ ਦੇ ਰੂਪ ਵਿਚ ਆਪਣੀਆਂ ਯਾਤਰਾਵਾਂ ਦੀ ਸ਼ੁਰੂਆਤ ਕੀਤੀ। ਪਹਿਲੀ ਉਦਾਸੀ ਲਈ ਰਵਾਨਾ ਹੋਣ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਕਈ ਦਿਨਾਂ ਤੱਕ ਅਲੋਪ ਰਹੇ ਅਤੇ ਜਦੋਂ ਉਹ ਸੁਲਤਾਨਪੁਰ ਲੋਧੀ ਵਿਚ ਗੁਰਦੁਆਰਾ ਸੰਤ ਘਾਟ ਨੇੜੇ ਮੁੜ ਪ੍ਰਗਟ ਹੋ ਕੇ ਲੋਕਾਂ ਦੇ ਸਾਹਮਣੇ ਆਏ ਤਾਂ ਉਨ੍ਹਾਂ ਦੀ ਜ਼ਬਾਨ ‘ਤੇ ‘ਨਾ ਕੋਈ ਹਿੰਦੂ ਨਾ ਮੁਸਲਮਾਨ’ ਦਾ ਸ਼ਬਦ ਸੀ। ਕਹਿਣ ਤੋਂ ਭਾਵ ਇਹ ਸੀ ਕਿ ਉਹ ਦੁਨੀਆ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਸਨ ਕਿ ਮਨੁੱਖ ਨੂੰ ਧਰਮਾਂ ਦੇ ਆਧਾਰ ‘ਤੇ ਚੰਗਾ ਜਾਂ ਬੁਰਾ ਮੰਨਣ ਦੀ ਥਾਂ ‘ਤੇ ਉਸ ਦੇ ਗੁਣਾਂ ਦੇ ਆਧਾਰ ‘ਤੇ ਅਤੇ ਉਸ ਦੀਆਂ ਇਨਸਾਨੀਅਤ ਪੱਖੀ ਕਦਰਾਂ-ਕੀਮਤਾਂ ਦੇ ਆਧਾਰ ‘ਤੇ ਪਛਾਣ ਨਿਰਧਾਰਤ ਹੋਣੀ ਚਾਹੀਦੀ ਹੈ। ਧਰਮਾਂ ਤੇ ਜਾਤਾਂ ਦੀਆਂ ਵਲਗਣਾਂ ਤੋਂ ਉੱਪਰ ‘ਜੀਓ ਤੇ ਜਿਊਣ ਦਿਓ’ ਦੇ ਆਧਾਰ ‘ਤੇ ਲੋਕਾਈ ਦਰਮਿਆਨ ਸਾਂਝ ਹੋਣੀ ਚਾਹੀਦੀ ਹੈ। ਇਨ੍ਹਾਂ ਕਦਰਾਂ-ਕੀਮਤਾਂ ਦੇ ਪ੍ਰਚਾਰ-ਪ੍ਰਸਾਰ ਲਈ ਹੀ ਉਨ੍ਹਾਂ ਨੇ ਦੁਨੀਆ ਦੇ ਇਕ ਵੱਡੇ ਹਿੱਸੇ ਦਾ ਭਰਮਣ ਕੀਤਾ ਸੀ।
ਅਜੋਕੇ ਦੱਖਣੀ ਏਸ਼ੀਆ ਅਤੇ ਮੱਧ ਪੂਰਬ ਦੇ ਸਮਾਜਾਂ ‘ਤੇ ਜਦੋਂ ਅਸੀਂ ਝਾਤੀ ਮਾਰਦੇ ਹਾਂ ਤਾਂ ਇਹ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਇਸ ਖਿੱਤੇ ਵਿਚ ਅੱਜ ਵੀ ਧਾਰਮਿਕ ਅਸਹਿਣਸ਼ੀਲਤਾ ਪਾਈ ਜਾ ਰਹੀ ਹੈ। ਲੋਕ ਧਰਮ ਦੇ ਆਧਾਰ ‘ਤੇ ਇਕ-ਦੂਜੇ ‘ਤੇ ਜਬਰ ਤੇ ਜ਼ੁਲਮ ਕਰਦੇ ਹਨ। ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੁੰਦੀ ਹੈ। ਕਮਜ਼ੋਰ ਅਤੇ ਘੱਟ-ਗਿਣਤੀਆਂ ਦਾ ਜੀਵਨ ਅਸੁਰੱਖਿਅਤ ਹੈ। ਜ਼ਿੰਦਗੀ ਦੇ ਹਰ ਖੇਤਰ ਵਿਚ ਅੱਗੇ ਵਧਣ ਲਈ ਉਨ੍ਹਾਂ ਨੂੰ ਬਰਾਬਰ ਦੇ ਮੌਕੇ ਨਹੀਂ ਮਿਲਦੇ। ਵੱਡੀ ਪੱਧਰ ‘ਤੇ ਇਸ ਗਿਆਨ-ਵਿਗਿਆਨ ਦੀ ਸਦੀ ਵਿਚ ਵੀ ਲੋਕ ਅੰਧ-ਵਿਸ਼ਵਾਸਾਂ ਦਾ ਸ਼ਿਕਾਰ ਹਨ। ਔਰਤਾਂ ਦੀ ਸਥਿਤੀ ਵਿਚ ਭਾਵੇਂ ਪਹਿਲਾਂ ਨਾਲੋਂ ਚੋਖਾ ਸੁਧਾਰ ਹੋਇਆ ਹੈ ਪਰ ਅਜੇ ਵੀ ਉਹ ਵੱਡੀ ਗਿਣਤੀ ਵਿਚ ਅਸੁਰੱਖਿਅਤ ਅਤੇ ਸ਼ੋਸ਼ਣ ਦਾ ਸ਼ਿਕਾਰ ਹੁੰਦੀਆਂ ਹਨ। ਇਸ ਖਿੱਤੇ ਵਿਚ ਇਸਲਾਮਿਕ ਤੇ ਹਿੰਦੂ ਸੱਭਿਅਤਾ ਦਰਮਿਆਨ ਟਕਰਾਅ ਅੱਜ ਵੀ ਬੇਹੱਦ ਤਿੱਖਾ ਹੁੰਦਾ ਜਾ ਰਿਹਾ ਹੈ। ਭਾਰਤ ਅਤੇ ਪਾਕਿਸਤਾਨ ਦਰਮਿਆਨ ਵਧ ਰਹੇ ਟਕਰਾਅ ਨੂੰ ਇਸੇ ਸੰਦਰਭ ਵਿਚ ਵੇਖਿਆ ਤੇ ਸਮਝਿਆ ਜਾ ਸਕਦਾ ਹੈ। ਦੋਵੇਂ ਦੇਸ਼ ਇਕ-ਦੂਜੇ ਨੂੰ ਪ੍ਰਮਾਣੂ ਜੰਗ ਦੀਆਂ ਧਮਕੀਆਂ ਦੇ ਰਹੇ ਹਨ ਅਤੇ ਦੋਵਾਂ ਦੇਸ਼ਾਂ ਦੀ ਲੋਕਾਈ ਕਾਫੀ ਹੱਦ ਤੱਕ ਡਰੀ ਅਤੇ ਸਹਿਮੀ ਹੋਈ ਨਜ਼ਰ ਆਉਂਦੀ ਹੈ। ਖਿੱਤੇ ਦੀਆਂ ਇਹ ਰਾਜਨੀਤਕ ਅਤੇ ਸਮਾਜਿਕ ਸਥਿਤੀਆਂ ਮੰਗ ਕਰਦੀਆਂ ਹਨ ਕਿ ਗੁਰੂ ਨਾਨਕ ਸਾਹਿਬ ਦਾ ਪੁਰਅਮਨ ਸਹਿਹੋਂਦ ਅਤੇ ਸਾਂਝੀਵਾਲਤਾ ਦਾ ਪੈਗ਼ਾਮ ਮੁੜ ਤੋਂ ਇਸ ਪੂਰੇ ਖਿੱਤੇ ਵਿਚ ਫੈਲਾਇਆ ਜਾਵੇ। ਇਸ ਮਕਸਦ ਲਈ ਦੱਖਣੀ ਏਸ਼ੀਆ ਦੀਆਂ ਸਰਕਾਰਾਂ ਨੂੰ ਮਿਲ ਕੇ ਵੱਡੀ ਪੱਧਰ ‘ਤੇ ਯਤਨ ਕਰਨ ਦੀ ਜ਼ਰੂਰਤ ਸੀ।
ਭਾਰਤ ਵਰਗੇ ਵਿਸ਼ਾਲ ਦੇਸ਼ ਅੰਦਰ ਵੀ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਨੂੰ ਮਿਲ ਕੇ ਇਸ ਲਈ ਵੱਡੇ ਕਦਮ ਉਠਾਉਣੇ ਚਾਹੀਦੇ ਸਨ ਪਰ ਇਹ ਦੇਖ ਕੇ ਬੜਾ ਦੁੱਖ ਹੋ ਰਿਹਾ ਹੈ ਕਿ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਦਰਮਿਆਨ ਵਧ ਰਹੇ ਟਕਰਾਅ ਅਤੇ ਤਣਾਅ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਮਾਰੋਹਾਂ ਅਤੇ ਆਯੋਜਨਾਂ ਸਬੰਧੀ ਆਮ ਲੋਕਾਂ ਦੇ ਚਾਅ ਅਤੇ ਉਤਸ਼ਾਹ ਨੂੰ ਕਾਫੀ ਹੱਦ ਤੱਕ ਧੀਮਾ ਕੀਤਾ ਹੈ। ਭਾਵੇਂ 550 ਸਾਲਾ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਦੋਵਾਂ ਦੇਸ਼ਾਂ ਨੇ ਕਰਤਾਰਪੁਰ ਦੇ ਲਾਂਘੇ ਦੀ ਉਸਾਰੀ ਕਰਨ ਲਈ ਢੁਕਵੇਂ ਫ਼ੈਸਲੇ ਲਏ ਹਨ ਤੇ ਇਸ ਸਬੰਧੀ ਦੋਵਾਂ ਪਾਸੇ ਜ਼ੋਰ-ਸ਼ੋਰ ਨਾਲ ਤਿਆਰੀਆਂ ਵੀ ਹੋ ਰਹੀਆਂ ਹਨ ਤਾਂ ਕਿ ਮਿੱਥੇ ਸਮੇਂ ‘ਤੇ ਕਰਤਾਰਪੁਰ ਦੇ ਲਾਂਘੇ ਨੂੰ ਖੋਲ੍ਹਿਆ ਜਾ ਸਕੇ। ਪਰ ਇਸ ਦੇ ਨਾਲ ਹੀ ਦੋਵਾਂ ਦੇਸ਼ਾਂ ਵਿਚਕਾਰ ਟਕਰਾਅ ਅਤੇ ਤਣਾਅ ਵਧਣ ਦੇ ਸ਼ੰਕੇ ਵੀ ਲਗਾਤਾਰ ਵਧ ਰਹੇ ਹਨ, ਖ਼ਾਸ ਕਰਕੇ ਭਾਰਤ ਸਰਕਾਰ ਵਲੋਂ ਕਸ਼ਮੀਰ ਨੂੰ ਲੈ ਕੇ ਜੋ ਫ਼ੈਸਲੇ ਲਏ ਗਏ ਹਨ, ਉਸ ਨਾਲ ਟਕਰਾਅ ਅਤੇ ਤਣਾਅ ਵਿਚ ਚੋਖਾ ਵਾਧਾ ਹੋਇਆ ਹੈ। ਭਾਵੇਂ ਕਿ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਲੰਮੇ ਸਮੇਂ ਤੋਂ ਪਾਕਿਸਤਾਨ ਦੀ ਫ਼ੌਜੀ ਸਥਾਪਤੀ ਨੇ ਭਾਰਤ ਵਿਰੁੱਧ ਅਣਐਲਾਨੀ ਜੰਗ ਛੇੜ ਰੱਖੀ ਹੈ ਅਤੇ ਜੰਮੂ-ਕਸ਼ਮੀਰ ਸਮੇਤ ਭਾਰਤ ਦੇ ਹੋਰ ਹਿੱਸਿਆਂ ਵਿਚ ਵੀ ਸਮੇਂ-ਸਮੇਂ ਅੱਤਵਾਦੀ ਹਮਲੇ ਕਰਵਾਏ ਜਾਂਦੇ ਰਹੇ ਹਨ। ਫਿਰ ਵੀ ਦੋਵਾਂ ਦੇਸ਼ਾਂ ਦੇ ਵੱਡੇ ਹਿਤ ਅਤੇ ਖ਼ਾਸ ਕਰਕੇ ਦੋਵੇਂ ਦੇਸ਼ਾਂ ਦੇ ਆਮ ਲੋਕਾਂ ਦੇ ਹਿਤ ਇਹ ਮੰਗ ਕਰਦੇ ਹਨ ਕਿ ਅਜੇ ਵੀ ਦੋਵੇਂ ਦੇਸ਼ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀ ਭਾਵਨਾ ਨੂੰ ਮੁੱਖ ਰੱਖਦਿਆਂ ਆਪਣਾ ਟਕਰਾਅ ਅਤੇ ਤਣਾਅ ਘਟਾਉਣ ਲਈ ਨਵੇਂ ਸਿਰੇ ਤੋਂ ਪਹਿਲਕਦਮੀ ਕਰਨ ਅਤੇ ਅਜਿਹਾ ਮਾਹੌਲ ਸਿਰਜਣ ਜਿਸ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਵਿਚ ਯਕੀਨ ਰੱਖਣ ਵਾਲੇ ਲੋਕ ਨਿਰਭੈ ਹੋ ਕੇ ਭਾਰਤ ਅਤੇ ਪਾਕਿਸਤਾਨ ਦੋਵਾਂ ਦੇਸ਼ਾਂ ਦੀ ਯਾਤਰਾ ਕਰ ਸਕਣ। ਉਹ ਨਾ ਕੇਵਲ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰ ਸਕਣ ਸਗੋਂ ਗੁਰੂ ਜੀ ਦੀ ਵਿਚਾਰਧਾਰਾ ਅਤੇ ਸਿਧਾਂਤਾਂ ਨੂੰ ਵੀ ਆਪਣੀ ਜ਼ਿੰਦਗੀ ਵਿਚ ਗ੍ਰਹਿਣ ਕਰ ਸਕਣ। ਇਸ ਦੇ ਨਾਲ ਹੀ ਭਾਰਤ ਦੇ ਵੱਖ-ਵੱਖ ਸਿਆਸੀ ਆਗੂਆਂ ਲਈ ਵੀ ਇਹ ਬੇਹੱਦ ਜ਼ਰੂਰੀ ਹੈ ਕਿ ਉਹ ਪ੍ਰਕਾਸ਼ ਪੁਰਬ ਦੀ ਭਾਵਨਾ ਅਤੇ ਇਸ ਅਵਸਰ ਦੀ ਅਹਿਮੀਅਤ ਨੂੰ ਪਛਾਣਦਿਆਂ ਕਰਤਾਰਪੁਰ ਲਾਂਘੇ ਦਾ ਸਿਹਰਾ ਆਪਣੇ-ਆਪਣੇ ਸਿਰ ਬੰਨ੍ਹਣ ਅਤੇ ਗੁਰਪੁਰਬ ਸਬੰਧੀ ਹੋਣ ਵਾਲੇ ਸਮਾਗਮਾਂ ਰਾਹੀਂ ਆਪੋ-ਆਪਣੇ ਸਿਆਸੀ ਹਿਤਾਂ ਨੂੰ ਅੱਗੇ ਵਧਾਉਣ ਲਈ ਸੌੜੀ ਸਿਆਸੀ ਖੇਡ ਖੇਡਣ ਤੋਂ ਗੁਰੇਜ਼ ਕਰਨ। ਜਿਥੋਂ ਤੱਕ ਸੰਭਵ ਹੋਵੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਨੂੰ ਸਾਂਝੇ ਤੌਰ ‘ਤੇ ਸਮਾਗਮ ਕਰਾਉਣ ਲਈ ਯਤਨ ਕਰਨੇ ਚਾਹੀਦੇ ਹਨ। ਪਰ ਜੇਕਰ ਸਾਰੇ ਯਤਨਾਂ ਦੇ ਬਾਵਜੂਦ ਅਜਿਹਾ ਨਹੀਂ ਹੁੰਦਾ ਤਾਂ ਸਬੰਧਿਤ ਸਾਰੀਆਂ ਧਿਰਾਂ ਨੂੰ ਆਪੋ-ਆਪਣੇ ਪੱਧਰ ‘ਤੇ ਇਸ ਤਰ੍ਹਾਂ ਸਮਾਗਮ ਕਰਵਾਉਣੇ ਚਾਹੀਦੇ ਹਨ ਕਿ ਗੁਰੂ ਸਾਹਿਬ ਦੀ ਅਮਨ, ਸਦਭਾਵਨਾ ਅਤੇ ਭਾਈਚਾਰੇ ਦੀ ਵਿਚਾਰਧਾਰਾ ਨੂੰ ਕਿਸੇ ਵੀ ਪੱਧਰ ‘ਤੇ ਠੇਸ ਨਾ ਲੱਗੇ। ਇਸ ਦੇ ਨਾਲ ਹੀ ਸਾਰੀਆਂ ਉਕਤ ਧਿਰਾਂ ਨੂੰ ਸਮਾਗਮਾਂ ਦੇ ਨਾਲ-ਨਾਲ ਲੋਕਾਈ ਦੇ ਕਲਿਆਣ ਲਈ ਕੁਝ ਅਜਿਹੀਆਂ ਯੋਜਨਾਵਾਂ ਵੀ ਬਣਾਉਣੀਆਂ ਚਾਹੀਦੀਆਂ ਹਨ ਜਿਨ੍ਹਾਂ ਦਾ ਲੰਮੇ ਸਮੇਂ ਤੱਕ ਲੋਕਾਂ ਨੂੰ ਲਾਭ ਮਿਲ ਸਕੇ। ਉਨ੍ਹਾਂ ਦੇ ਜੀਵਨ ਵਿਚ ਉੱਚੀਆਂ ਤੇ ਸੁੱਚੀਆਂ ਕਦਰਾਂ-ਕੀਮਤਾਂ ਦਾ ਸੰਚਾਰ ਵੀ ਹੋ ਸਕੇ।
ਇਨ੍ਹਾਂ ਸਾਰੀਆਂ ਧਿਰਾਂ ਨੂੰ ਪਾਕਿਸਤਾਨ ਨਾਲ ਸਾਰੇ ਮੱਤਭੇਦਾਂ ਦੇ ਬਾਵਜੂਦ ਇਸ ਗੱਲ ਦੀ ਪ੍ਰਸੰਸਾ ਕਰਨੀ ਚਾਹੀਦੀ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦਾ ਫ਼ੈਸਲਾ ਲੈ ਕੇ ਅਤੇ ਪਾਕਿਸਤਾਨ ਦੀ ਮਾੜੀ ਆਰਥਿਕ ਸਥਿਤੀ ਦੇ ਬਾਵਜੂਦ ਲਾਂਘੇ ਨਾਲ ਸਬੰਧਿਤ ਵੱਖ-ਵੱਖ ਉਸਾਰੀਆਂ ‘ਤੇ ਚੋਖੇ ਵਿੱਤੀ ਸਾਧਨ ਲਗਾ ਕੇ ਇਕ ਬਹੁਤ ਵੱਡੀ ਪਹਿਲਕਦਮੀ ਕੀਤੀ ਹੈ। ਆਉਣ ਵਾਲੇ ਸਮੇਂ ਵਿਚ ਜਿਸ ਤਰ੍ਹਾਂ ਦੋਵਾਂ ਦੇਸ਼ਾਂ ਦਰਮਿਆਨ ਸਹਿਮਤੀ ਬਣੀ ਹੈ, ਜੇਕਰ ਰੋਜ਼ਾਨਾ 5000 ਯਾਤਰੀ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਲਈ ਪਾਕਿਸਤਾਨ ਜਾਂਦੇ ਹਨ ਤਾਂ ਉਨ੍ਹਾਂ ਦੀ ਯਾਤਰਾ ਨੂੰ ਸੁਰੱਖਿਅਤ ਬਣਾਉਣ ਲਈ ਅਤੇ ਉਨ੍ਹਾਂ ਨੂੰ ਹੋਰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਨ ਲਈ ਉਸ ਨੂੰ ਹੋਰ ਵੀ ਚੋਖੇ ਵਿੱਤੀ ਅਤੇ ਮਨੁੱਖੀ ਸਾਧਨ ਜੁਟਾਉਣੇ ਪੈਣਗੇ। ਇਨ੍ਹਾਂ ਹਕੀਕਤਾਂ ਨੂੰ ਮੁੱਖ ਰੱਖਦਿਆਂ ਜੇਕਰ ਪਾਕਿਸਤਾਨ ਦੀ ਸਰਕਾਰ ਕਰਤਾਰਪੁਰ ਜਾਣ ਵਾਲੇ ਯਾਤਰੂਆਂ ਤੋਂ ਕੁਝ ਰਾਸ਼ੀ ਵਸੂਲਦੀ ਹੈ ਤਾਂ ਇਸ ਦਾ ਕਿਸੇ ਵੀ ਧਿਰ ਵਲੋਂ ਵਿਰੋਧ ਕੀਤਾ ਜਾਣਾ ਕਿਸੇ ਵੀ ਤਰ੍ਹਾਂ ਉਚਿਤ ਨਹੀਂ ਹੈ। ਕੋਈ ਵੀ ਦੇਸ਼ ਇਸ ਤਰ੍ਹਾਂ ਦੇ ਪ੍ਰਬੰਧ ਨਿਰੰਤਰ ਮੁਫ਼ਤ ਨਹੀਂ ਕਰ ਸਕਦਾ। ਕਾਂਗਰਸੀ ਤੇ ਅਕਾਲੀ ਨੇਤਾਵਾਂ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਫੇਰਦਿਆਂ ਇਹ ਵੀ ਦੇਖਣਾ ਚਾਹੀਦਾ ਹੈ ਕਿ ਮੁੱਢੀ ਭਰ ਪੰਜਾਬ ਵਿਚ ਉਨ੍ਹਾਂ ਨੇ 26 ਥਾਵਾਂ ‘ਤੇ ਟੋਲ ਨਾਕੇ ਲਗਵਾ ਰੱਖੇ ਹਨ ਜੋ ਪੰਜਾਬ ਦੇ ਲੋਕਾਂ ਤੋਂ ਦਿਨ-ਰਾਤ ਲੱਖਾਂ ਰੁਪਏ ਉਗਰਾਹੀ ਕਰ ਰਹੇ ਹਨ। ਇਸ ਦੇ ਬਾਵਜੂਦ ਸੜਕਾਂ ‘ਤੇ ਆਵਾਜਾਈ ਦੀਆਂ ਸਹੂਲਤਾਂ ਦੀ ਜੋ ਹਾਲਤ ਹੈ, ਉਹ ਸਭ ਦੇ ਸਾਹਮਣੇ ਹੈ। ਸੋ, ਇਸ ਸੰਦਰਭ ਵਿਚ ਪਾਕਿਸਤਾਨ ਦੀ ਸਥਿਤੀ ਨੂੰ ਵੀ ਠੀਕ ਤਰ੍ਹਾਂ ਨਾਲ ਸਮਝਿਆ ਜਾਣਾ ਚਾਹੀਦਾ ਹੈ।
ਆਖਿਰ ਵਿਚ ਅਸੀਂ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਅਤੇ ਖਾਸ ਕਰਕੇ ਪੰਜਾਬ ਦੇ ਸਿਆਸੀ ਨੇਤਾਵਾਂ ਤੋਂ ਇਹ ਅਜੇ ਵੀ ਇਹ ਆਸ ਕਰਦੇ ਹਾਂ ਕਿ ਉਹ 550 ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਾਂਝੀਵਾਲਤਾ ਦੀ ਵਿਚਾਰਧਾਰਾ ਨੂੰ ਮੁੱਖ ਰੱਖਦਿਆਂ ਸੁਚੱਜੇ ਢੰਗ ਨਾਲ ਮਨਾਉਣ ਲਈ ਆਪਣੀ ਸੁਆਰਥੀ ਰਾਜਨੀਤੀ ਤੋਂ ਉੱਪਰ ਉਠਣਗੇ।
(‘ਅਜੀਤ’ ਵਿਚੋਂ ਧੰਨਵਾਦ ਸਹਿਤ)

Check Also

ਭਾਈ ਮੇਵਾ ਸਿੰਘ ਲੋਪੋਕੇ ਦੀ ਸ਼ਹਾਦਤ ਤੇ ਹਾਪਕਿਨਸਨ ਦਾ ਕਤਲ

ਡਾ. ਗੁਰਵਿੰਦਰ ਸਿੰਘ ਕੈਨੇਡਾ ਦੀ ਧਰਤੀ ‘ਤੇ ਮਹਾਨ ਯੋਧੇ ਭਾਈ ਮੇਵਾ ਸਿੰਘ ਲੋਪੋਕੇ ਨੇ ਐਂਗਲੋ …