‘ਸਰਬਤ ਖਾਲਸਾ’ ਤੋਂ ਬਾਅਦ ਐਲਾਨੇ ਜਾਣਗੇ ਉਮੀਦਵਾਰ
ਚੰਡੀਗੜ੍ਹ/ਬਿਊਰੋ ਨਿਊਜ਼ : ਯੂਨਾਈਟਿਡ ਅਕਾਲੀ ਦਲ ਦੀ ਕੋਰ ਕਮੇਟੀ ਨੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਲੜਨ ਦਾ ਫ਼ੈਸਲਾ ਕੀਤਾ ਹੈ। ਜਥੇਬੰਦੀ ਨੇ ਉਮੀਦਵਾਰ ‘ਸਰਬੱਤ ਖ਼ਾਲਸਾ’ ਤੋਂ ਬਾਅਦ ਐਲਾਨਣ ਦੀ ਰਣਨੀਤੀ ਬਣਾਈ ਹੈ। ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ, ਸਕੱਤਰ ਜਨਰਲ ਭਾਈ ਗੁਰਦੀਪ ਸਿੰਘ ਬਠਿੰਡਾ, ਡਾਕਟਰ ਭਗਵਾਨ ਸਿੰਘ ਆਦਿ ਨੇ ਕਿਹਾ ਕਿ ਉਹ ਹੋਰ ਪੰਥਕ ਜਥੇਬੰਦੀਆਂ, ਦਲਿਤ ਸੰਸਥਾਵਾਂ, ਘੱਟ ਗਿਣਤੀਆਂ, ਕਿਸਾਨ ਜਥੇਬੰਦੀਆਂ, ਵਪਾਰੀਆਂ ਅਤੇ ਮੁਲਾਜ਼ਮ ਆਦਿ ਵਰਗਾਂ ਨਾਲ ਤਾਲਮੇਲ ਕਰਕੇ ਚੋਣਾਂ ਵਿੱਚ ਉਮੀਦਵਾਰ ਉਤਾਰਨਗੇ।
ਉਨ੍ਹਾਂ ਐਲਾਨ ਕੀਤਾ ਕਿ 4 ਅਗਸਤ ਨੂੰ ਧਰਮ ਯੁੱਧ ਮੋਰਚੇ ਦੀ ਵਰ੍ਹੇਗੰਢ ਮੌਕੇ ਰਾਜਸਥਾਨ ਨਹਿਰ ਨੂੰ ਸੰਕੇਤਕ ਤੌਰ ‘ਤੇ ਪੂਰਨ ਲਈ ਲੀਡਰਸ਼ਿਪ ਦਾ ਜਥਾ ਇਕ-ਇਕ ਬੱਠਲ ਰੇਤਾ ਨਹਿਰ ਵਿੱਚ ਸੁੱਟ ਕੇ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਧਰਮ ਯੁੱਧ ਮੋਰਚੇ ਨੂੰ ਮੁੜ ਸ਼ੁਰੂ ਕਰੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਥ, ਪੰਜਾਬ ਅਤੇ ਦਲਿਤ ਮਸਲਿਆਂ ਉਪਰ ਖਾਮੋਸ਼ੀ ਧਾਰ ਕੇ ਅਤੇ ਇਕੱਲੇ ਆਪਣੇ ਪੱਧਰ ‘ਤੇ ਹੀ ਚੋਣ ਲੜ ਕੇ ਬਾਦਲਾਂ ਅਤੇ ਕਾਂਗਰਸ ਨੂੰ ਹਰਾਉਣ ਦੇ ਸੁਪਨੇ ਲੈ ਰਹੇ ਹਨ। ਉਨ੍ਹਾਂ ਖ਼ਦਸਾ ਜ਼ਾਹਿਰ ਕੀਤਾ ਕਿ ਕੇਜਰੀਵਾਲ ਜਿਹੜੇ ਰਾਹ ਪਏ ਹਨ, ਉਸ ਤੋਂ ਜਾਪਦਾ ਹੈ ਕਿ ਉਹ ਪਿਛਲੀਆਂ ਚੋਣਾਂ ਵਾਂਗ ਮਨਪ੍ਰੀਤ ਸਿੰਘ ਬਾਦਲ ਵਾਲੀ ਭੂਮਿਕਾ ਹੀ ਨਿਭਾਉਣਗੇ।ਉਨ੍ਹਾਂ ਨੇ ਪਰਵਾਸੀ ਸਿੱਖਾਂ ਨੂੰ ਵੀ ਘੱਟੋ-ਘੱਟ ਨਵੰਬਰ ਤੱਕ ਆਪਣੇ ਚੋਣ ਪੱਤੇ ਨਾ ਖੋਲ੍ਹਣ ਦੀ ਅਪੀਲ ਕੀਤੀ। ਭਾਈ ਗੁਰਦੀਪ ਸਿੰਘ ਨੇ ਦੱਸਿਆ ਕਿ ਕੋਰ ਕਮੇਟੀ ਦੀ ਮੀਟਿੰਗ ਵਿੱਚ ਹੋਈ ਵਿਚਾਰ ਦੌਰਾਨ ਇਹ ਗੱਲ ਉਭਰ ਕੇ ਸਾਹਮਣੇ ਆਈ ਹੈ ਕਿ ਬਾਦਲ ਸਰਕਾਰ ਇੰਦਰਾ ਗਾਂਧੀ ਅਤੇ ਬੇਅੰਤ ਸਿੰਘ ਦੀਆਂ ਸਰਕਾਰਾਂ ਤੋਂ ਵੀ ਜ਼ਾਲਮ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਸਰਕਾਰ ਵਿੱਚ ਐਮਰਜੈਂਸੀ ਨਾਲੋਂ ਵੀ ਮਾੜੇ ਹਾਲਤ ਹਨ। ਉਨ੍ਹਾਂ ਦੋਸ਼ ਲਾਇਆ ਕਿ ਬਾਦਲ ਐਸਵਾਈਐਲ ਦੇ ਮੁੱਦੇ ਉਪਰ ਪਹਿਲਾਂ ਵਾਂਗ ਕੁਰਬਾਨੀਆਂ ਦੇਣ ਦਾ ਸਿਆਸੀ ਡਰਾਮਾ ਕਰ ਰਹੇ ਹਨ।
Check Also
ਐਸਜੀਪੀਸੀ ਪ੍ਰਧਾਨ ਨੇ ਦਿੱਲੀ ਦੇ ਮੈਟਰੋ ਸਟੇਸ਼ਨ ’ਤੇ ਸਿੱਖ ਵਿਅਕਤੀ ਨੂੰ ਕਿਰਪਾਨ ਪਾ ਕੇ ਜਾਣ ਤੋਂ ਰੋਕਣ ਦੀ ਕੀਤੀ ਸਖਤ ਨਿੰਦਾ
ਕਿਹਾ : ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਹੋ ਰਹੀ ਖਿਲਵਾੜ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ …