Breaking News
Home / ਪੰਜਾਬ / ਲੇਖਕ ਹਰਭਜਨ ਹੁੰਦਲ ਦਾ ਦਿਹਾਂਤ

ਲੇਖਕ ਹਰਭਜਨ ਹੁੰਦਲ ਦਾ ਦਿਹਾਂਤ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬੀ ਤੇ ਪ੍ਰਗਤੀਸ਼ੀਲ ਕਵੀ, ਵਾਰਤਾਕਾਰ, ਸਵੈ-ਜੀਵਨੀ ਤੇ ਸਫਰਨਾਮਾ ਲੇਖਕ, ਅਨੁਵਾਦਕ, ਸੰਪਾਦਕ ਅਤੇ ਸਮੀਖਿਆਕਾਰ ਹਰਭਜਨ ਸਿੰਘ ਹੁੰਦਲ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦਾ ਜਨਮ ਲਾਇਲਪੁਰ ਦੇ ਇਕ ਸੁਤੰਤਰਤਾ ਸੈਨਾਨੀ ਪਰਿਵਾਰ ਵਿੱਚ ਹੋਇਆ ਸੀ। ਉਹ ਤਾਉਮਰ ਅਧਿਆਪਕ ਲਹਿਰ, ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਸੰਘਰਸ਼ਾਂ ਵਿੱਚ ਝੰਡਾਬਰਦਾਰ ਵਾਲੀ ਭੂਮਿਕਾ ਨਿਭਾਉਂਦੇ ਰਹੇ। ਉਹ ਲੋਕ ਹਿੱਤਾਂ ਨੂੰ ਸਮਰਪਿਤ ਕਵੀ ਅਤੇ ਖੱਬੇ ਪੱਖੀ ਚਿੰਤਕ ਸਨ। ਉਨ੍ਹਾਂ ਨੇ ਕਲਮ ਤੇ ਅਮਲ ਦੋਹਾਂ ਪੱਧਰਾਂ ‘ਤੇ ਆਮ ਆਦਮੀ ਦੇ ਸੰਘਰਸ਼ਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ। ਅਧਿਆਪਕ ਜਥੇਬੰਦੀਆਂ ਦੇ ਸੰਘਰਸ਼ ਅਤੇ ਐਮਰਜੈਂਸੀ ਦੌਰਾਨ ਉਹ ਜੇਲ੍ਹ ਵਿੱਚ ਰਹੇ। ਉਨ੍ਹਾਂ ਰਚਨਾਤਮਕ ਸਾਹਿਤ ਕਵਿਤਾ, ਜੀਵਨੀ, ਸਵੈ-ਜੀਵਨੀ, ਸਫ਼ਰਨਾਮਾ, ਯਾਦਾਂ ਲਿਖਣ ਦੇ ਨਾਲ-ਨਾਲ ਸੰਸਾਰ ਦੇ ਨਾਮਵਰ ਕਵੀਆਂ ਮਾਇਕੋਵਾਸਕੀ, ਪਾਬਲੋ ਨੈਰੂਦਾ, ਨਾਜ਼ਿਮ ਹਿਕਮਤ, ਮਹਿਮੂਦ ਦਰਵੇਸ਼, ਫੈਜ਼ ਅਹਿਮ ਫੈਜ਼, ਹਬੀਬ ਜਾਲਿਬ ਅਤੇ ਸਾਈਂ ਅਖ਼ਤਰ ਆਦਿ ਦੀ ਕਵਿਤਾ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ। ਉਨ੍ਹਾਂ ਦੀਆਂ ਲਿਖਤਾਂ ਦੀ ਗਿਣਤੀ 100 ਦੇ ਕਰੀਬ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਸੀਨੀਅਰ ਮੀਤ ਪ੍ਰਧਾਨ ਜੋਗਾ ਸਿੰਘ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਨੇ ਉਨ੍ਹਾਂ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਤੇ ਅਫਸੋਸ ਦਾ ਇਜ਼ਹਾਰ ਕੀਤਾ ਹੈ।

Check Also

ਅਮਰੀਕਾ ਤੇ ਬਿ੍ਟੇਨ ਦੇ ਸੀਨੀਅਰ ਕਾਂਗਰਸੀ ਆਗੂਆਂ ਨੇ ਨਰਿੰਦਰ ਮੋਦੀ ਦੀ ਗਾਰੰਟੀ ਨੂੰ ਦੱਸਿਆ ਝੂਠ ਦਾ ਪੁਲੰਦਾ 

ਚੰਡੀਗੜ੍ਹ/ਬਿਊਰੋ ਨਿਊਜ਼ ਇੰਡੀਅਨ ਓਵਰਸੀਜ਼ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਵੀਰਵਾਰ ਨੂੰ ਪ੍ਰੈੱਸ ਕਲੱਬ ਚੰਡੀਗੜ੍ਹ ਵਿਖੇ …