4.7 C
Toronto
Tuesday, November 25, 2025
spot_img
Homeਭਾਰਤਗਣਤੰਤਰ ਦਿਵਸ ਮੌਕੇ ਰਾਸ਼ਟਰਪਤੀ ਵਲੋਂ ਕੌਮ ਦੇ ਨਾਮ ਸੰਦੇਸ਼

ਗਣਤੰਤਰ ਦਿਵਸ ਮੌਕੇ ਰਾਸ਼ਟਰਪਤੀ ਵਲੋਂ ਕੌਮ ਦੇ ਨਾਮ ਸੰਦੇਸ਼

ਭਾਰਤ ਨੂੰ ਹਮੇਸ਼ਾ ਅਮਨ ਪ੍ਰਤੀ ਵਚਨਬੱਧ ਦੱਸਿਆ
ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦੇਸ਼ ਦੇ 72ਵੇਂ ਗਣਤੰਤਰ ਦਿਵਸ ਦੀ ਪੂਰਬਲੀ ਸ਼ਾਮ ਮੌਕੇ ਦੇਸ਼ ਵਾਸੀਆਂ ਦੇ ਨਾਂ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਭਾਰਤ ਹਮੇਸ਼ਾ ਅਮਨ ਪ੍ਰਤੀ ਵਚਨਬੱਧ ਰਿਹਾ ਹੈ ਤੇ ਦੇਸ਼ ਦੇ ਹਥਿਆਰਬੰਦ ਦਸਤੇ ਕੌਮੀ ਸੁਰੱਖਿਆ ਨੂੰ ਮਿਲਣ ਵਾਲੀ ਕਿਸੇ ਵੀ ਚੁਣੌਤੀ ਨਾਲ ਨਜਿੱਠਣ ਦੇ ਸਮਰੱਥ ਹਨ। ਉਨ੍ਹਾਂ ਇਹ ਗੱਲ ਪਿਛਲੇ ਸਾਲ ਲੱਦਾਖ ‘ਚ ਚੀਨ ਵੱਲੋਂ ਕੀਤੀ ਗਈ ਘੁਸਪੈਠ ਦੇ ਸੰਦਰਭ ਵਿੱਚ ਕਹੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕੌਮੀ ਹਿੱਤ ਹਰ ਕੀਮਤ ‘ਤੇ ਦੇਸ਼ ਦੀ ਰਾਖੀ ਕਰਨਾ ਹੈ। ਦਿੱਲੀ ਦੀਆਂ ਹੱਦਾਂ ‘ਤੇ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਉਨ੍ਹਾਂ ਕਿਹਾ, ‘ਸੁਧਾਰ ਦਾ ਰਾਹ ਮੁੱਢਲੇ ਦੌਰ ‘ਚ ਗਲਤਫਹਿਮੀਆਂ ਵਾਲਾ ਹੋ ਸਕਦਾ ਹੈ ਪਰ ਸਰਕਾਰ ਸਿਰਫ਼ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ।’ ਕੋਵਿਡ-19 ਖਿਲਾਫ ਭਾਰਤ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਬਾਰੇ ਉਨ੍ਹਾਂ ਕਿਹਾ ਕਿ ਲੋਕਾਂ ਦੇ ਆਪਸੀ ਭਾਈਚਾਰੇ ਤੋਂ ਬਿਨਾਂ ਇਸ ਮਹਾਮਾਰੀ ਖਿਲਾਫ ਜੰਗ ਸੰਭਵ ਨਹੀਂ ਸੀ। ਉਨ੍ਹਾਂ ਇਸ ਗੱਲ ‘ਤੇ ਮਾਣ ਮਹਿਸੂਸ ਕੀਤਾ ਕਿ ਭਾਰਤ ਨੂੰ ਦੁਨੀਆ ਦੀ ਫਾਰਮੇਸੀ ਕਿਹਾ ਜਾਂਦਾ ਹੈ ਅਤੇ ਭਾਰਤ ਨੇ ਕਈ ਮੁਲਕਾਂ ਨੂੰ ਕਰੋਨਾ ਵੈਕਸੀਨ ਭੇਜ ਦੇ ਮਦਦ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਮੁਸ਼ਕਲਾਂ ਭਰੇ ਸਾਲ ਦੇ ਬਾਵਜੂਦ ਭਾਰਤ ਅੱਜ ਨਿਰਾਸ਼ ਨਹੀਂ ਬਲਕਿ ਪੂਰੇ ਆਤਮ-ਵਿਸ਼ਵਾਸ ਨਾਲ ਭਰਿਆ ਹੋਇਆ ਹੈ। ਪਿਛਲੇ ਸਾਲ ਗਲਵਾਨ ਘਾਟੀ ‘ਚ ਚੀਨੀ ਫੌਜਾਂ ਨਾਲ ਝੜਪ ‘ਚ ਸ਼ਹੀਦ ਹੋਏ 20 ਭਾਰਤੀ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਕਿਹਾ ਕਿ ਪਿਛਲਾ ਸਾਲ ਮੁਸ਼ਕਲਾਂ ਭਰਿਆ ਰਿਹਾ ਅਤੇ ਇਹ ਮੁਸ਼ਕਲਾਂ ਕਈ ਪਾਸਿਓਂ ਆਈਆਂ। ਉਨ੍ਹਾਂ ਕਿਹਾ, ‘ਸਾਨੂੰ ਆਪਣੀਆਂ ਸਰਹੱਦਾਂ ‘ਤੇ ਗੁਆਂਢੀ ਮੁਲਕਾਂ ਵੱਲੋਂ ਕਬਜ਼ੇ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਦਾ ਸਾਹਮਣਾ ਕਰਨਾ ਪਿਆ ਪਰ ਸਾਡੇ ਬਹਾਦਰ ਜਵਾਨਾਂ ਨੇ ਇਨ੍ਹਾਂ ਕੋਸ਼ਿਸ਼ਾਂ ਨੂੰ ਨਾਕਾਮ ਬਣਾ ਦਿੱਤਾ। ਇਸ ਪ੍ਰਾਪਤੀ ਲਈ ਸਾਡੇ 20 ਜਵਾਨਾਂ ਨੂੰ ਸ਼ਹਾਦਤ ਦਾ ਜਾਮ ਪੀਣਾ ਪਿਆ। ਦੇਸ਼ ਵਾਸੀਆਂ ਨੂੰ ਆਪਣੇ ਬਹਾਦਰ ਜਵਾਨਾਂ ‘ਤੇ ਮਾਣ ਹੋਣਾ ਚਾਹੀਦਾ ਹੈ।’

Previous article
Next article
RELATED ARTICLES
POPULAR POSTS