9.6 C
Toronto
Saturday, November 8, 2025
spot_img
Homeਭਾਰਤਖੇਤੀ ਕਾਨੂੰਨਾਂ 'ਤੇ ਰਾਜਨੀਤੀ ਬੰਦ ਕਰਨ ਵਿਰੋਧੀ ਧਿਰਾਂ : ਮੋਦੀ

ਖੇਤੀ ਕਾਨੂੰਨਾਂ ‘ਤੇ ਰਾਜਨੀਤੀ ਬੰਦ ਕਰਨ ਵਿਰੋਧੀ ਧਿਰਾਂ : ਮੋਦੀ

ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਵਾਲਿਆਂ ‘ਤੇ ਹਮਲਾ ਬੋਲਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪਿਛਲੇ 6 ਸਾਲਾਂ ‘ਚ ਪਿੰਡਾਂ ਲਈ ਜੋ ਕਰ ਲਿਆ ਹੈ ਵਿਰੋਧੀਆਂ ਕੋਲੋਂ ਤਾਂ ਉਹ 6 ਦਹਾਕਿਆਂ ‘ਚ ਵੀ ਨਹੀਂ ਹੋਇਆ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰਾਂ ਦੀ ਰਾਜਨੀਤੀ ਨੂੰ ਦਲਾਲਾਂ ਤੇ ਵਿਚੋਲਿਆਂ ਵਲੋਂ ਬਲ ਮਿਲ ਰਿਹਾ ਹੈ ਤੇ ਉਹ ਸਰਕਾਰ ਦੇ ਸੁਧਾਰ ਕਦਮਾਂ ‘ਤੇ ਝੂਠ ਫੈਲਾ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨੇ ਵਿਵਾਦਤ ਖੇਤੀ ਕਾਨੂੰਨਾਂ ਦੇ ਹਵਾਲੇ ਨਾਲ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਲੋਂ ਕੀਤੇ ਇਤਿਹਾਸਕ ਸੁਧਾਰਾਂ ਦਾ ਵਿਰੋਧ ਕਰਨ ਵਾਲਿਆਂ ਦਾ ਕਿਸਾਨ ਸਾਥ ਨਹੀਂ ਦੇ ਰਹੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦੇਸ਼ ਜਿਸ ਰਾਹ ‘ਤੇ ਚੱਲ ਪਿਆ ਹੈ ਉਸ ਤੋਂ ਕਦੇ ਨਹੀਂ ਭਟਕੇਗਾ। ਸਵਾਮਿਤਵ ਯੋਜਨਾ ਤਹਿਤ ਜਾਇਦਾਦ ਕਾਰਡ ਵੰਡਣ ਲਈ ਕਰਵਾਏ ਪ੍ਰੋਗਰਾਮ ‘ਚ ਬੋਲਦਿਆਂ ਉਨ੍ਹਾਂ ਆਪਣੀ ਸਰਕਾਰ ਵਲੋਂ ਪਿੰਡਾਂ ‘ਚ ਬੈਂਕ ਖਾਤੇ ਖੋਲ੍ਹਣ, ਪਖਾਨੇ ਤੇ ਘਰ ਬਣਾਉਣ, ਘਰੇਲੂ ਗੈਸ ਯੋਜਨਾ ਤੇ ਬਿਜਲਈਕਰਨ ਸਬੰਧੀ ਕਈ ਪ੍ਰਾਜੈਕਟਾਂ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸਾਂ ਰਾਹੀਂ ਜਾਇਦਾਦ ਕਾਰਡ ਵੰਡਣ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਇਹ ਪੇਂਡੂ ਭਾਰਤ ਨੂੰ ਬਦਲਣ ਵਾਲਾ ਇਤਿਹਾਸਕ ਕਦਮ ਹੈ। ਸਰਕਾਰ ਦੀ ਇਹ ਪਹਿਲ ਪਿੰਡਾਂ ਦੇ ਲੋਕਾਂ ਨੂੰ ਆਪਣੀ ਜ਼ਮੀਨ ਤੇ ਜਾਇਦਾਦ ਨੂੰ ਵਿੱਤੀ ਪੂੰਜੀ ਵਜੋਂ ਵਰਤਣ ਦੀ ਆਗਿਆ ਦੇਵੇਗੀ, ਜਿਸ ਦੇ ਬਦਲੇ ਉਹ ਬੈਂਕਾਂ ਤੋਂ ਕਰਜ਼ੇ ਤੇ ਹੋਰ ਵਿੱਤੀ ਲਾਭ ਪ੍ਰਾਪਤ ਕਰ ਸਕਣਗੇ। ਇਸ ਸਬੰਧੀ ਪ੍ਰਧਾਨ ਮੰਤਰੀ ਦਫਤਰ (ਪੀ.ਐੱਮ.ਓ.) ਨੇ ਆਪਣੇ ਬਿਆਨ ‘ਚ ਕਿਹਾ ਕਿ ਇਸ ਪ੍ਰੋਗਰਾਮ ਦੇ ਸ਼ੁਰੂ ਹੋਣ ਨਾਲ ਤਕਰੀਬਨ 1 ਲੱਖ ਜਾਇਦਾਦ ਮਾਲਕ ਆਪਣੀ ਜਾਇਦਾਦ ਨਾਲ ਜੁੜੇ ਮੋਬਾਈਲ ਫੋਨਾਂ ‘ਤੇ ਐਸ.ਐਮ.ਐੱਸ. ਲਿੰਕ ਰਾਹੀਂ ਆਪਣੀ ਜਾਇਦਾਦ ਨਾਲ ਸਬੰਧਿਤ ਕਾਰਡ ਡਾਊਨਲੋਡ ਕਰ ਸਕਣਗੇ। ਇਸ ਤੋਂ ਬਾਅਦ ਸਬੰਧਿਤ ਰਾਜ ਸਰਕਾਰਾਂ ਜਾਇਦਾਦ ਕਾਰਡਾਂ ਦੀ ਵੰਡ ਕਰਨਗੀਆਂ। ਲਾਭਪਾਤਰੀ 6 ਰਾਜਾਂ ਦੇ 763 ਪਿੰਡਾਂ ‘ਚੋਂ ਹਨ, ਜਿਨ੍ਹਾਂ ‘ਚ ਉੱਤਰ ਪ੍ਰਦੇਸ਼ ‘ਚ 346, ਹਰਿਆਣਾ ‘ਚ 221, ਮਹਾਰਾਸ਼ਟਰ ‘ਚ 100, ਮੱਧ ਪ੍ਰਦੇਸ਼ ‘ਚ 44, ਉਤਰਾਖੰਡ ‘ਚ 50 ਤੇ ਕਰਨਾਟਕ ਦੇ 2 ਪਿੰਡ ਸ਼ਾਮਿਲ ਹਨ। ਪ੍ਰਧਾਨ ਮੰਤਰੀ ਮੋਦੀ ਨੇ ਇਸ ਯੋਜਨਾ ਦਾ ਆਗਾਜ਼ ਕਰਦਿਆਂ ਕਿਹਾ ਕਿ ਕੇਂਦਰ ਦੀ ਸਵਾਮਿਤਵ ਯੋਜਨਾ ਨਾਲ ਪੇਂਡੂ ਖੇਤਰ ਦੇ ਲੋਕ ਆਤਮ-ਨਿਰਭਰ ਬਣਨਗੇ।
ਖੇਤੀ ਕਾਨੂੰਨਾਂ ‘ਤੇ ਮੋਦੀ ਸਰਕਾਰ ਦਾ ਸਟੈਂਡ ਸਪਸ਼ਟ
ਵਰਚੂਅਲ ਮੀਟਿੰਗਾਂ ‘ਚ ਹਿੱਸਾ ਲੈਣ ਵਾਲੇ ਜ਼ਿਆਦਾਤਰ ਬੀਜੇਪੀ ਵਰਕਰ
ਚੰਡੀਗੜ੍ਹ : ਕੇਂਦਰ ਸਰਕਾਰ ਕਿਸੇ ਵੀ ਹਾਲਤ ਵਿੱਚ ਖੇਤੀ ਕਾਨੂੰਨ ਵਾਪਸ ਲੈਣ ਦੇ ਮੂਡ ਵਿੱਚ ਨਹੀਂ ਹੈ। ਇਹ ਸੰਕੇਤ ਲੰਘੇ ਕੱਲ੍ਹ ਦਿੱਲੀ ਵਿੱਚ ਹੋਈ ਮੀਟਿੰਗ ਦੌਰਾਨ ਹੀ ਮਿਲ ਗਏ ਹਨ। ਮੀਟਿੰਗ ਬੇਸਿੱਟਾ ਰਹਿਣ ਤੋਂ ਬਾਅਦ ਅੱਜ ਫਿਰ ਕੇਂਦਰੀ ਮੰਤਰੀਆਂ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵਰੁਚਅਲ ਮੀਟਿੰਗਾਂ ਕਰਕੇ ਖੇਤੀ ਕਾਨੂੰਨਾਂ ਦੀ ਰੱਜ ਕੇ ਪ੍ਰਸ਼ੰਸਾ ਕੀਤੀ। ਇਸ ਤੋਂ ਪਹਿਲਾਂ ਮੋਦੀ ਸਰਕਾਰ ਨੇ ਹਰਦੀਪ ਸਿੰਘ ਪੁਰੀ ਨੂੰ ਤਾਂ ਪੰਜਾਬ ਵੀ ਭੇਜਿਆ ਸੀ। ਉਨ੍ਹਾਂ ਤੋਂ ਇਲਾਵਾ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ, ਕੱਪੜਾ ਮੰਤਰੀ ਸਮ੍ਰਿਤੀ ਇਰਾਨੀ, ਖੇਤੀ ਰਾਜ ਮੰਤਰੀ ਕੈਲਾਸ਼ ਚੌਧਰੀ, ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਆਦਿ ਵਰਚੁਅਲ ਰੈਲੀਆਂ ਕਰ ਰਹੇ ਹਨ।ਦਿਲਚਸਪ ਗੱਲ ਹੈ ਕਿ ਇਨ੍ਹਾਂ ਵਰਚੁਅਲ ਮੀਟਿੰਗਾਂ ਵਿੱਚ ਕਿਸਾਨ ਸ਼ਾਮਲ ਹੀ ਨਹੀਂ ਹੋ ਰਹੇ ਸਗੋਂ ਜ਼ਿਆਦਾਤਰ ਬੀਜੇਪੀ ਵਰਕਰ ਹੀ ਸ਼ਾਮਲ ਹੋ ਰਹੇ ਹਨ।

RELATED ARTICLES
POPULAR POSTS